ਅਮਰੀਕਾ ਵਿਚ ਸਿੱਖ ਟਰੱਕ ਡਰਾਈਵਰ ’ਤੇ ਹਮਲਾ

ਅਮਰੀਕਾ ਵਿਚ ਸਿੱਖ ਟਰੱਕ ਡਰਾਈਵਰ ਉਤੇ ਹਮਲਾ ਹੋਣ ਦੀ ਰਿਪੋਰਟ ਹੈ ਜਿਸ ਦੌਰਾਨ ਉਸ ਦੇ ਦਾੜ੍ਹੇ ਦੀ ਬੇਅਦਬੀ ਕੀਤੀ ਗਈ

Update: 2025-10-03 12:50 GMT

ਸੈਨ ਫਰਾਂਸਿਸਕੋ : ਅਮਰੀਕਾ ਵਿਚ ਸਿੱਖ ਟਰੱਕ ਡਰਾਈਵਰ ਉਤੇ ਹਮਲਾ ਹੋਣ ਦੀ ਰਿਪੋਰਟ ਹੈ ਜਿਸ ਦੌਰਾਨ ਉਸ ਦੇ ਦਾੜ੍ਹੇ ਦੀ ਬੇਅਦਬੀ ਕੀਤੀ ਗਈ। ਜੀ ਹਾਂ, ਹਰਜਿੰਦਰ ਸਿੰਘ ਦੇ ਯੂ-ਟਰਨ ਮਗਰੋਂ ਸਿੱਖ ਟਰੱਕ ਡਰਾਈਵਰਾਂ ਉਤੇ ਦੂਹਰੀ ਮਾਰ ਪੈ ਰਹੀ ਹੈ। ਇਕ ਪਾਸੇ ਇੰਮੀਗ੍ਰੇਸ਼ਨ ਵਾਲੇ ਟਰੱਕ ਘੇਰ ਕੇ ਗ੍ਰਿਫ਼ਤਾਰੀਆਂ ਕਰ ਰਹੇ ਹਨ ਤਾਂ ਦੂਜੇ ਪਾਸੇ ਟਰੱਕ ਸਟੌਪਸ ਜਾਂ ਲੋਡਿੰਗ ਵਾਲੀਆਂ ਥਾਵਾਂ ’ਤੇ ਨਸਲੀ ਹਮਲਿਆਂ ਦਾ ਖਤਰਾ ਹਰ ਵੇਲੇ ਮੰਡਰਾਅ ਰਿਹਾ ਹੈ। ਸੈਨ ਫਰਾਂਸਿਸਕੋ ਨੇੜੇ ਵਾਪਰੀ ਘਟਨਾ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਸਿੱਖ ਡਰਾਈਵਰ ਦੇ ਦਾੜ੍ਹੇ ਦਾ ਇਕ ਹਿੱਸਾ ਗਾਇਬ ਹੈ। ਦੱਸਿਆ ਜਾ ਰਿਹਾ ਹੈ ਕਿ ਬਿਲਡਿੰਗ ਮੈਟੀਰੀਅਲ ਦੀ ਲੋਡਿੰਗ-ਅਨਲੋਡਿੰਗ ਵਾਲੀ ਥਾਂ ’ਤੇ ਇਕ ਹਮਲਾਵਰ ਨੇ ਸਿੱਖ ਡਰਾਈਵਰ ਦੀ ਦਾੜ੍ਹੀ ਉਤੇ ਹਮਲਾ ਕੀਤਾ।

ਸੈਨ ਫਰਾਂਸਿਸਕੋ ਨੇੜੇ ਵਾਪਰੀ ਘਟਨਾ

ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਪੰਜਾਬੀ ਨੌਜਵਾਨ ਵੀਡੀਓ ਬਣਾਉਣ ਵਾਲੇ ਨੂੰ ਸਿੱਖ ਡਰਾਈਵਰ ਨੇੜੇ ਜਾਣ ਤੋਂ ਰੋਕਦਾ ਹੈ ਪਰ ਇਸ ਦੌਰਾਨ ਕੁਝ ਸੈਕਿੰਡ ਦੀ ਵੀਡੀਓ ਰਿਕਾਰਡ ਹੋ ਜਾਂਦੀ ਹੈ। ਸੋਸ਼ਲ ਮੀਡੀਆ ’ਤੇ ਅਪਲੋਡ ਵੀਡੀਓ ਬਾਰੇ ਟਿੱਪਣੀਆਂ ਦਾ ਦੌਰ ਜਾਰੀ ਹੈ ਅਤੇ ਟ੍ਰਾਂਸਪੋਰਟ ਇੰਡਸਟਰੀ ਵਾਲੇ ਆਪਣੇ ਮੈਂਬਰਾਂ ਨਾਲ ਵਾਪਰੀ ਘਟਨਾ ’ਤੇ ਬੇਹੱਦ ਸ਼ਰਮਿੰਦਾ ਹਨ। ਇਥੇ ਦਸਣਾ ਬਣਦਾ ਹੈ ਕਿ 12 ਅਗਸਤ ਦੇ ਹਾਦਸੇ ਮਗਰੋਂ ਸਿੱਖ ਡਰਾਈਵਰਾਂ ਦੇ ਟਰੱਕਾਂ ਉਤੇ ਆਂਡੇ ਜਾਂ ਪਾਣੀ ਵਾਲੀਆਂ ਬੋਤਲਾਂ ਸੁੱਟਣ ਦੀਆਂ ਵਾਰਦਾਤਾਂ ਸਾਹਮਣੇ ਆਈਆਂ ਅਤੇ ਪੁਲਿਸ ਨੇ ਕੋਈ ਮਦਦ ਨਾ ਕੀਤੀ। ਸੈਨ ਫਰਾਂਸਿਸਕੋ ਵਾਲੇ ਮਾਮਲੇ ਵਿਚ ਸਿੱਖ ਡਰਾਈਵਰ ਦੇ ਹਮਲਾਵਰ ਵਿਰੁੱਧ ਕੋਈ ਕਾਰਵਾਈ ਕੀਤੇ ਜਾਣ ਦੀ ਰਿਪੋਰਟ ਸਾਹਮਣੇ ਨਹੀਂ ਆਈ। ਦੂਜੇ ਪਾਸੇ ਕੈਨੇਡਾ ਵਿਚ ਲੁਟੇਰਿਆਂ ਨੇ ਦਿਨ-ਦਿਹਾੜੇ ਇਕ ਭਾਰਤੀ ਪਰਵਾਰ ਦੇ ਘਰ ਨੂੰ ਨਿਸ਼ਾਨਾ ਬਣਾਇਆ ਪਰ ਵਾਰ-ਵਾਰ 911 ’ਤੇ ਕਾਲ ਕੀਤੇ ਜਾਣ ਦੇ ਬਾਵਜੂਦ ਪੁਲਿਸ ਕਈ ਘੰਟੇ ਦੇਰ ਨਾਲ ਪੁੱਜੀ। ਸੀ.ਪੀ. 24 ਦੀ ਰਿਪੋਰਟ ਮੁਤਾਬਕ ਘਰ ਵਿਚ ਚੋਰੀ ਦੀ ਵਾਰਦਾਤ ਬੁੱਧਵਾਰ ਬਾਅਦ ਦੁਪਹਿਰ ਢਾਈ ਵਜੇ ਵਾਪਰੀ। ਹਾਈਵੋਅ 403 ਅਤੇ ਮਿਸੀਸਾਗਾ ਰੋਡ ਇਲਾਕੇ ਦੇ ਬਰਾਈਡਵੈਲ ਕੋਰਟ ਇਲਾਕੇ ਵਿਚਲੇ ਘਰ ਦੇ ਡੋਰਬੈਲ ਕੈਮਰੇ ਵਿਚ ਲੁਟੇਰਿਆਂ ਦੀਆਂ ਤਸਵੀਰਾਂ ਕੈਦ ਹੋ ਗਈਆਂ।

ਕੈਨੇਡਾ ਵਿਚ ਭਾਰਤੀ ਪਰਵਾਰ ਦਾ ਘਰ ਦਿਨ-ਦਿਹਾੜੇ ਲੁੱਟਿਆ

ਘਰ ਦੇ ਮਾਲਕ ਰਜਿੰਦਰ ਪ੍ਰਸਾਦ ਵਾਰਦਾਤ ਵੇਲੇ ਆਪਣੇ ਦਫ਼ਤਰ ਵਿਚ ਸਨ ਅਤੇ ਫੋਨ ਰਾਹੀਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੇਖ ਕੇ ਘਰ ਵੱਲ ਦੌੜੇ। ਬਾਅਦ ਦੁਪਹਿਰ ਤਿੰਨ ਵਜੇ ਉਹ ਆਪਣੇ ਇਕ ਗੁਆਂਢੀ ਨਾਲ ਘਰ ਦੇ ਅੰਦਰ ਦਾਖਲ ਹੋਏ ਤਾਂ ਸਭ ਕੁਝ ਇਧਰ ਉਧਰ ਖਿਲਰਿਆ ਪਿਆ ਸੀ। ਚੋਰਾਂ ਨੇ ਵਾਸ਼ਰੂਮ ਵੀ ਨਾ ਛੱਡੇ ਅਤੇ ਹਰ ਕੋਨੇ ਵਿਚੋਂ ਸਮਾਨ ਚੁੱਕਣ ਦੇ ਯਤਨ ਕੀਤੇ। ਰਜਿੰਦਰ ਪ੍ਰਸਾਦ ਦੀ ਬੇਟੀ ਅਤੇ ਪਤਨੀ ਵੀ ਉਸ ਵੇਲੇ ਘਰ ਨਹੀਂ ਸਨ ਪਰ ਮਿਟਜ਼ੀ ਨਾਂ ਦਾ ਕੁੱਤਾ ਘਰ ਵਿਚ ਮੌਜੂਦ ਸੀ। ਰਜਿੰਦਰ ਪ੍ਰਸਾਦ ਦੀ ਬੇਟੀ ਸੁਗੰਧਾ ਗੁਪਤਾ ਨੇ ਦੱਸਿਆ ਕਿ ਪੁਲਿਸ ਵਾਰਦਾਤ ਤੋਂ ਅਗਲੇ ਦਿਨ ਸਵੇਰੇ 8 ਵਜੇ ਉਨ੍ਹਾਂ ਦੇ ਘਰ ਪੁੱਜੀ। ਪੀਲ ਪੁਲਿਸ ਦੇ ਐਕਟਿੰਗ ਸਾਰਜੈਂਟ ਟਾਇਲਰ ਬੈਲ ਮੌਰੈਨਾ ਨੇ ਕਿਹਾ ਕਿ ਆਮ ਤੌਰ ’ਤੇ ਐਨੀ ਦੇਰ ਨਹੀਂ ਹੁੰਦੀ ਪਰ ਪੁਲਿਸ ਉਸ ਵੇਲੇ ਕਈ ਹੋਰ ਕਾਲਜ਼ ਦਾ ਹੁੰਗਾਰਾ ਦੇਣ ਵਿਚ ਰੁੱਝੀ ਹੋਈ ਸੀ।

Tags:    

Similar News