ਅਮਰੀਕਾ ਵਿਚ ਮੁੜ ਚੱਲੀਆਂ ਗੋਲੀਆਂ, 2 ਹਲਾਕ, 9 ਜ਼ਖਮੀ

ਫਿਲਾਡੈਲਫੀਆ ਦੇ ਫੇਅਰਮਾਊਂਟ ਪਾਰਕ ਵਿਚ ਹੋਈ ਗੋਲੀਬਾਰੀ ਦੌਰਾਨ 2 ਜਣਿਆਂ ਦੀ ਮੌਤ ਹੋਣ ਅਤੇ ਘੱਟੋ ਘੱਟ 9 ਜਣਿਆਂ ਦੇ ਜ਼ਖਮੀ ਹੋਣ ਦੀ ਰਿਪੋਰਟ ਹੈ

Update: 2025-05-27 12:26 GMT

ਫਿਲਾਡੈਲਫੀਆ : ਅਮਰੀਕਾ ਵਿਚ ਸੋਮਵਾਰ ਰਾਤ ਮੁੜ ਭੀੜ ’ਤੇ ਗੋਲੀਆਂ ਚੱਲ ਗਈਆਂ। ਫਿਲਾਡੈਲਫੀਆ ਦੇ ਫੇਅਰਮਾਊਂਟ ਪਾਰਕ ਵਿਚ ਹੋਈ ਗੋਲੀਬਾਰੀ ਦੌਰਾਨ 2 ਜਣਿਆਂ ਦੀ ਮੌਤ ਹੋਣ ਅਤੇ ਘੱਟੋ ਘੱਟ 9 ਜਣਿਆਂ ਦੇ ਜ਼ਖਮੀ ਹੋਣ ਦੀ ਰਿਪੋਰਟ ਹੈ। ਫਿਲਾਡੈਲਫ਼ੀਆ ਦੇ ਪੁਲਿਸ ਕਮਿਸ਼ਨਰ ਕੈਵਿਨ ਬੈਥਲ ਨੇ ਦੱਸਿਆ ਕਿ ਜ਼ਖਮੀਆਂ ਵਿਚ 15 ਸਾਲ, 16 ਸਾਲ ਅਤੇ 17 ਸਾਲ ਉਮਰ ਦੇ ਅੱਲ੍ਹੜ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਚਿਲਡ੍ਰਨਜ਼ ਹੌਸਪੀਟਲ ਵਿਚ ਦਾਖਲ ਕਰਵਾਇਆ ਗਿਆ ਜਦਕਿ ਬਾਕੀਆਂ ਨੂੰ ਟੈਂਪਲ ਯੂਨੀਵਰਸਿਟੀ ਹਸਪਤਾਲ, ਪੈੱਨ ਪ੍ਰੈਸਬਾਈਟੈਰੀਅਨ ਮੈਡੀਕਲ ਸੈਂਟਰ ਅਤੇ ਲਾਂਕਾਨਾਓ ਮੈਡੀਕਲ ਸੈਂਟਰ ਵਿਖੇ ਦਾਖਲ ਕਰਵਾਇਆ ਗਿਆ ਹੈ। ਗੋਲੀਬਾਰੀ ਮਗਰੋਂ ਪਈ ਭਾਜੜ ਦੌਰਾਨ ਇਕ ਸ਼ਖਸ ਨੂੰ ਕਾਰ ਨੇ ਟੱਕਰ ਮਾਰ ਦਿਤੀ ਅਤੇ ਉਸ ਨੂੰ ਵੀ ਹਸਪਤਾਲ ਲਿਜਾਇਆ ਗਿਆ।

ਫਿਲਾਡੈਲਫੀਆ ਸ਼ਹਿਰ ਦੇ ਫੇਅਰਮਾਊਂਟ ਪਾਰਕ ਵਿਚ ਵਾਪਰੀ ਵਾਰਦਾਤ

ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ਦੀ ਵਾਰਦਾਤ ਸੋਮਵਾਰ ਰਾਤ 10.30 ਵਜੇ ਤੋਂ ਕੁਝ ਪਹਿਲਾਂ ਵਾਪਰੀ ਜਦੋਂ ਮੈਮੋਰੀਅਲ ਡੇਅ ਦੇ ਸਬੰਧ ਵਿਚ ਵੱਖ ਵੱਖ ਤਬਕਿਆਂ ਨਾਲ ਸਬੰਧਤ ਲੋਕ ਪਾਰਕ ਵਿਚ ਇਕੱਤਰ ਹੋਏ। ਇਨ੍ਹਾਂ ਵਿਚੋਂ ਕੁਝ ਨੇ ਵਾਪਸ ਜਾਣਾ ਸ਼ੁਰੂ ਕਰ ਦਿਤਾ ਅਤੇ ਇਸੇ ਦੌਰਾਨ ਗੋਲੀਆਂ ਚੱਲੀਆਂ। ਫਿਲਹਾਲ ਸਪੱਸ਼ਟ ਨਹੀਂ ਹੋ ਸਕਿਆ ਕਿ ਆਖਰਕਾਰ ਕਿੰਨੇ ਜਣਿਆਂ ਨੇ ਗੋਲੀਬਾਰੀ ਦੀ ਵਾਰਦਾਤ ਨੂੰ ਅੰਜਾਮ ਦਿਤਾ। ਅੰਤਮ ਰਿਪੋਰਟ ਮਿਲਣ ਤੱਕ ਪੁਲਿਸ ਵੱਲੋਂ ਕੋਈ ਗ੍ਰਿਫ਼ਤਾਰੀ ਨਹੀਂ ਸੀ ਕੀਤੀ ਜਾ ਸਕੀ ਅਤੇ ਨਾ ਹੀ ਕੋਈ ਹਥਿਆਰ ਬਰਾਮਦ ਕੀਤਾ ਗਿਆ। ਇਥੇ ਦਸਣਾ ਬਣਦਾ ਹੈ ਕਿ ਫਿਲਾਡੈਲਫੀਆ ਦੀ ਗੋਲੀਬਾਰੀ ਤੋਂ ਪਹਿਲਾਂ ਸਾਊਥ ਕੈਰੋਲਾਈਨਾ ਵਿਖੇ 11 ਜਣੇ ਜ਼ਖਮੀ ਹੋਏ ਸਨ ਜਦਕਿ ਦੂਜੇ ਪਾਸੇ ਲਿਟਲ ਰਿਵਰ ਕਸਬੇ ਤੋਂ 9 ਮੀਲ ਦੂਰ ਐਟਲਾਂਟਿਕ ਬੀਚ ’ਤੇ ਇਕ ਸੰਗੀਤ ਸਮਾਗਮ ਦੌਰਾਨ ਦੋ ਧੜਿਆਂ ਦੇ ਹੱਥੋਪਾਈ ਹੋਣ ਮਗਰੋਂ ਭਾਜੜ ਪੈਣ ਕਾਰਨ 10 ਜਣੇ ਜ਼ਖਮੀ ਹੋ ਗਏ। ਸਿਰਫ਼ ਇਥੇ ਹੀ ਬੱਸ ਨਹੀਂ, ਸਿਐਟਲ ਸ਼ਹਿਰ ਵਿਚ ਇਕ ਧਾਰਮਿਕ ਰੈਲੀ ਦੌਰਾਨ ਹਿੰਸਾ ਭੜਕ ਉਠੀ ਅਤੇ ਕਈ ਘੰਟੇ ਤੱਕ ਜਾਰੀ ਰਹੀ। ਸਿਐਟਲ ਪੁਲਿਸ ਵੱਲੋਂ 23 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵਿਰੁੱਧ ਈਸਾਈ ਭਾਈਚਾਰੇ ਨਾਲ ਸਬੰਧਤ ਰੈਲੀ ’ਤੇ ਹਮਲਾ ਕਰਨ ਦੇ ਦੋਸ਼ ਆਇਦ ਕੀਤੇ ਗਏ।

Tags:    

Similar News