ਅਮਰੀਕਾ ਦੇ ਰੈਸਟੋਰੈਂਟ ਵਿਚ ਗੋਲੀਬਾਰੀ, 3 ਹਲਾਕ
ਅਮਰੀਕਾ ਦੇ ਇਕ ਰੈਸਟੋਰੈਂਟ ਵਿਚ ਐਤਵਾਰ ਸ਼ਾਮ ਬੰਦੂਕਧਾਰੀਆਂ ਵੱਲੋਂ ਕੀਤੀ ਗੋਲੀਬਾਰੀ ਦੌਰਾਨ ਘੱਟੋ ਘੱਟ ਤਿੰਨ ਜਣਿਆਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ।
ਗਲੈਨਡੇਲ : ਅਮਰੀਕਾ ਦੇ ਇਕ ਰੈਸਟੋਰੈਂਟ ਵਿਚ ਐਤਵਾਰ ਸ਼ਾਮ ਬੰਦੂਕਧਾਰੀਆਂ ਵੱਲੋਂ ਕੀਤੀ ਗੋਲੀਬਾਰੀ ਦੌਰਾਨ ਘੱਟੋ ਘੱਟ ਤਿੰਨ ਜਣਿਆਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ। ਐਰੀਜ਼ੋਨਾ ਸੂਬੇ ਵਿਚ ਇਹ ਵਾਰਦਾਤ ਉਸ ਵੇਲੇ ਵਾਪਰੀ ਜਦੋਂ ਵੱਡੀ ਗਿਣਤੀ ਵਿਚ ਲੋਕ ਇਕ ਸਮਾਗਮ ਦੇ ਸਿਲਸਿਲੇ ਤਹਿਤ ਇਕੱਤਰ ਹੋਏ। ਪੁਲਿਸ ਨੇ ਦੱਸਿਆ ਕਿ ਗਲੈਨਡੇਲ ਅਤੇ ਗਰੈਂਡ ਐਵੇਨਿਊਜ਼ ਇੰਟਰਸੈਕਸ਼ਨ ਨੇੜੇ ਰੈਸਟੋਰੈਂਟ ਵਿਚ ਅਚਨਚੇਤ ਗੋਲੀਆਂ ਚੱਲਣ ਮਗਰੋਂ ਭਾਜੜ ਪੈ ਗਈ ਅਤੇ ਘਬਰਾਏ ਲੋਕਾਂ ਨੇ 911 ’ਤੇ ਕਾਲਾਂ ਕਰਨੀਆਂ ਸ਼ੁਰੂ ਕਰ ਦਿਤੀਆਂ। ਵਾਰਦਾਤ ਦੇ ਇਕ ਚਸ਼ਮਦੀਦ ਮੁਤਾਬਕ ਉਸ ਨੇ 20 ਗੋਲੀਆਂ ਤੋਂ ਵੱਧ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਅਤੇ ਫਿਰ ਕੁਝ ਪਲਾਂ ਮਗਰੋਂ ਤਕਰੀਬਨ 10 ਗੋਲੀਆਂ ਹੋਰ ਚੱਲੀਆਂ।
ਐਰੀਜ਼ੋਨਾ ਸੂਬੇ ਵਿਚ ਵੱਡੇ ਇਕੱਠ ਦੌਰਾਨ ਵਾਪਰੀ ਵਾਰਦਾਤ
ਗਲੈਨਡੇਲ ਪੁਲਿਸ ਦੇ ਲੋਕ ਸੰਪਰਕ ਅਫ਼ਸਰ ਮੌਰੋਨੀ ਮੈਨਡੇਜ਼ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 9 ਜਣਿਆਂ ਨੂੰ ਗੋਲੀਆਂ ਲੱਗੀਆਂ ਅਤੇ ਫਿਲਹਾਲ ਗੋਲੀਬਾਰੀ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ। ਪੁਲਿਸ ਵੱਲੋਂ ਹੁਣ ਤੱਕ ਕਿਸੇ ਸ਼ੱਕੀ ਨੂੰ ਹਿਰਾਸਤ ਵਿਚ ਨਹੀਂ ਲਿਆ ਗਿਆ ਪਰ ਇਹ ਵਾਰਦਾਤ ਆਮ ਲੋਕਾਂ ਵਾਸਤੇ ਖਤਰਾ ਪੈਦਾ ਨਹੀਂ ਕਰਦੀ। ਦੂਜੇ ਪਾਸੇ ਗੋਲੀਬਾਰੀ ਦਾ ਸ਼ਿਕਾਰ ਬਣੇ ਲੋਕਾਂ ਵਿਚੋਂ ਕਿਸੇ ਦੀ ਸ਼ਨਾਖਤ ਜਨਤਕ ਨਹੀਂ ਕੀਤੀ ਗਈ। ਮੈਂਡੇਜ਼ ਨੇ ਇਹ ਵੀ ਦੱਸਿਆ ਕਿ ਵਾਰਦਾਤ ਮਗਰੋਂ ਇਲਾਕੇ ਦੀ ਘੇਰਾਬੰਦੀ ਦੌਰਾਨ ਕੋਈ ਪੁਲਿਸ ਅਫ਼ਸਰ ਗੋਲੀ ਚਲਾਉਣ ਲਈ ਮਜਬੂਰ ਨਹੀਂ ਹੋਇਆ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਵਾਰਦਾਤ ਬਾਰੇ ਜਾਣਕਾਰੀ ਹੋਵੇ ਤਾਂ ਜਾਂਚਕਰਤਾਵਾਂ ਨਾਲ ਸੰਪਰਕ ਕਰੇ।