ਅਮਰੀਕਾ ਵਿਚ ਇੰਮੀਗ੍ਰੇਸ਼ਨ ਛਾਪਿਆਂ ਵਿਰੁੱਧ ਮੁੜ ਦੰਗੇ
ਅਮਰੀਕਾ ਵਿਚ ਇੰਮੀਗ੍ਰੇਸ਼ਨ ਛਾਪਿਆਂ ਵਿਰੁੱਧ ਮੁੜ ਦੰਗੇ ਭੜਕ ਉਠੇ ਅਤੇ ਮੁਜ਼ਾਹਰਾਕਾਰੀਆਂ ਨੂੰ ਖਦੇੜਨ ਲਈ ਹੰਝੂ ਗੈਸ ਦੇ ਗੋਲੇ ਤੇ ਰਬੜ ਦੀਆਂ ਗੋਲੀਆਂ ਚਲਾਉਣੀਆਂ ਪਈਆਂ
ਪੋਰਟਲੈਂਡ : ਅਮਰੀਕਾ ਵਿਚ ਇੰਮੀਗ੍ਰੇਸ਼ਨ ਛਾਪਿਆਂ ਵਿਰੁੱਧ ਮੁੜ ਦੰਗੇ ਭੜਕ ਉਠੇ ਅਤੇ ਮੁਜ਼ਾਹਰਾਕਾਰੀਆਂ ਨੂੰ ਖਦੇੜਨ ਲਈ ਹੰਝੂ ਗੈਸ ਦੇ ਗੋਲੇ ਤੇ ਰਬੜ ਦੀਆਂ ਗੋਲੀਆਂ ਚਲਾਉਣੀਆਂ ਪਈਆਂ। ਹਿੰਸਕ ਮੁਜ਼ਾਹਰਾ ਔਰੇਗਨ ਸੂਬੇ ਦੇ ਪੋਰਟਲੈਂਡ ਸ਼ਹਿਰ ਵਿਖੇ ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫ਼ੋਰਸਮੈਂਟ ਦੇ ਦਫ਼ਤਰ ਸਾਹਮਣੇ ਹੋਇਆ ਜਦੋਂ ਸੈਂਕੜਿਆਂ ਦੀ ਗਿਣਤੀ ਵਿਚ ਨਕਾਬਪੋਸ਼ ਮੁਜ਼ਾਹਰਾਕਾਰੀ ਇਕੱਤਰ ਹੋਣੇ ਸ਼ੁਰੂ ਹੋ ਗਏ। ਵਿਖਾਵਾਕਾਰੀਆਂ ਵੱਲੋਂ ਆਈਸ ਦੀਆਂ ਗੱਡੀਆਂ ਨੂੰ ਰੋਕਣ ਦਾ ਯਤਨ ਕੀਤਾ ਗਿਆ ਅਤੇ ਉਨ੍ਹਾਂ ਦੇ ਹੱਥਾਂ ਵਿਚ ‘ਪ੍ਰਵਾਸੀਆਂ ਤੇ ਰਫ਼ਿਊਜੀਆਂ ਦੀ ਰਾਖੀ ਕਰੋ’ ਸਣੇ ‘ਚੋਰੀ ਦੀ ਇਸ ਧਰਤੀ ਉਤੇ ਕੋਈ ਗੈਰਕਾਨੂੰਨੀ ਨਹੀਂ’ ਦੇ ਨਾਹਰਿਆਂ ਵਾਲੀਆਂ ਤਖਤੀਆਂ ਚੁੱਕੀਆਂ ਹੋਈਆਂ ਸਨ।
ਪੋਰਟਲੈਂਡ ਸ਼ਹਿਰ ਵਿਚ ਸੈਂਕੜੇ ਮੁਜ਼ਾਹਰਾਕਾਰੀਆਂ ਨੇ ਪਾਇਆ ਖਲਾਰਾ
ਮੁਜ਼ਾਹਰਕਾਰੀਆਂ ਨੂੰ ਰੋਕਣ ਲਈ ਜਿਥੇ ਆਈਸ ਦਫ਼ਤਰ ਦੇ ਬਾਹਰ ਸੁਰੱਖਿਆ ਮੁਲਾਜ਼ਮ ਤੈਨਾਤ ਸਨ, ਉਥੇ ਹੀ ਇਮਾਰਤ ਦੀ ਛੱਤ ’ਤੇ ਖੜ੍ਹੇ ਸੁਰੱਖਿਆ ਮੁਲਾਜ਼ਮਾਂ ਵੱਲੋਂ ਗੈਰਜਾਨਲੇਵਾ ਹਥਿਆਰਾਂ ਰਾਹੀਂ ਵਾਰ ਕੀਤੇ ਜਾ ਰਹੇ ਸਨ। ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਵਿਚ ਸਹਾਇਕ ਮੰਤਰੀ ਟ੍ਰਿਸ਼ੀਆ ਮੈਕਲਾਫ਼ਲਿਨ ਨੇ ਫੌਕਸ ਨਿਊਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੋਰਟਲੈਂਡ ਦੇ ਦੰਗਾਈਆਂ ਵੱਲੋਂ ਫੈਡਰਲ ਲਾਅ ਐਨਫੋਰਸਮੈਂਟ ਅਫ਼ਸਰਾਂ ਨਾਲ ਪੰਗਾ ਲੈਣ ਦਾ ਯਤਨ ਕੀਤਾ ਗਿਆ। ਤਕਰੀਬਨ 250 ਵਿਖਾਵਾਕਾਰੀਆਂ ਨੇ ਆਤਿਸ਼ਬਾਜ਼ੀ ਦੀ ਵਰਤੋਂ ਕੀਤੀ ਅਤੇ ਸੁਰੱਖਿਆ ਮੁਲਾਜ਼ਮਾਂ ਦੀਆਂ ਅੱਖਾਂ ਵਿਚ ਲੇਜ਼ਰ ਹਮਲੇ ਵੀ ਕੀਤੇ ਜਿਸ ਦੇ ਸਿੱਟੇ ਵਜੋਂ ਕੁਝ ਮੁਲਾਜ਼ਮਾਂ ਨੂੰ ਵਕਤੀ ਤੌਰ ’ਤੇ ਦਿਖਣਾ ਬੰਦ ਹੋ ਗਿਆ। ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕਰਦਿਆਂ ਹਮਲਾ ਕਰਨ ਅਤੇ ਹੋਰ ਫੈਡਰਲ ਧਾਰਾਵਾਂ ਅਧੀਨ ਦੋਸ਼ ਆਇਦ ਕੀਤੇ ਗਏ ਹਨ। ਟ੍ਰਿਸ਼ੀਆ ਮੈਕਲਾਫ਼ਲਿਨ ਨੇ ਦੱਸਿਆ ਕਿ ਲਾਅ ਐਨਫ਼ੋਰਸਮੈਂਟ ਅਫ਼ਸਰਾਂ ਉਤੇ ਹਮਲੇ ਦੀਆਂ ਵਾਰਦਾਤਾਂ ਵਿਚ 413 ਫ਼ੀ ਸਦੀ ਵਾਧਾ ਹੋਇਆ ਹੈ। ਉਧਰ ਅਮਰੀਕਾ ਦੀ ਗ੍ਰਹਿ ਸੁਰੱਖਿਆ ਮੰਤਰੀ ਕ੍ਰਿਸਟੀ ਨੋਇਮ ਦਾ ਸੁਨੇਹਾ ਵੀ ਆ ਗਿਆ ਜਿਸ ਵਿਚ ਮੁਜ਼ਾਹਰਾਕਾਰੀਆਂ ਨੂੰ ਸਿੱਧੀ ਚਿਤਾਵਨੀ ਦਿੰਦਿਆਂ ਕਿਹਾ ਗਿਆ ਕਿ ਸਰਕਾਰ ਨੂੰ ਆਪਣੀ ਕਾਰਵਾਈ ਤੋਂ ਕੋਈ ਰੋਕ ਨਹੀਂ ਸਕਦਾ।
ਸੁਰੱਖਿਆ ਮੁਲਾਜ਼ਮਾਂ ਨੇ ਹੰਝੂ ਗੈਸ ਅਤੇ ਰਬੜ ਦੀਆਂ ਗੋਲੀਆਂ ਦਾਗੀਆਂ
ਆਈਸ ਅਤੇ ਇਸ ਦੀਆਂ ਸਹਿਯੋਗੀ ਏਜੰਸੀਆਂ ਵੱਲੋਂ ਆਪਣੀ ਕਾਰਵਾਈ ਬਾਦਸਤੂਰ ਜਾਰੀ ਰੱਖੀ ਜਾਵੇਗੀ। ਇਥੇ ਦਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਲੌਸ ਐਂਜਲਸ ਵਿਖੇ ਇੰਮੀਗ੍ਰੇਸ਼ਨ ਛਾਪਿਆਂ ਵਿਰੁੱਧ ਵੱਡੇ ਪੱਧਰ ’ਤੇ ਹਿੰਸਾ ਹੋਈ ਅਤੇ ਮੁਜ਼ਾਹਰਾਕਾਰੀਆਂ ਨੂੰ ਖਦੇੜਨ ਲਈ ਨੈਸ਼ਨਲ ਗਾਰਡਜ਼ ਦੀ ਤੈਨਾਤੀ ਕੀਤੀ ਗਈ। ਅਮਰੀਕਾ ਵਿਚ ਜਿਥੇ ਇਕ ਪਾਸੇ ਆਈਸ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕਾਬੂ ਕਰ ਕੇ ਡਿਪੋਰਟ ਕੀਤਾ ਜਾ ਰਿਹਾ ਹੈ, ਉਥੇ ਹੀ ਬਗੈਰ ਇੰਮੀਗ੍ਰੇਸ਼ਨ ਸਟੇਟਸ ਵਾਲੇ 10 ਲੱਖ ਤੋਂ ਵੱਧ ਵਿਦੇਸ਼ੀ ਨਾਗਰਿਕ ਸੈਲਫ਼ ਡਿਪੋਰਟ ਹੋ ਚੁੱਕੇ ਹਨ। ਟਰੰਪ ਸਰਕਾਰ ਵੱਲੋਂ ਡਿਪੋਰਟ ਕੀਤੇ ਪ੍ਰਵਾਸੀਆਂ ਦਾ ਅੰਕੜਾ 2 ਲੱਖ ਤੋਂ ਉਤੇ ਦੱਸਿਆ ਜਾ ਰਿਹਾ ਹੈ ਜਿਨ੍ਹਾਂ ਵਿਚੋਂ ਜ਼ਿਆਦਾਤਰ ਨੂੰ ਉਨ੍ਹਾਂ ਦੇ ਜੱਦੀ ਮੁਲਕਾਂ ਦੀ ਬਜਾਏ ਗੈਰ ਮੁਲਕਾਂ ਦਾ ਜਹਾਜ਼ ਚਾੜ੍ਹ ਦਿਤਾ ਗਿਆ।