ਅਮਰੀਕਾ 'ਚ ਪੰਜਾਬੀ ਟਰੱਕ ਡਰਾਈਵਰ ਦੀ ਵੱਡੀ ਕੋਤਾਹੀ, 3 ਮੌਤਾਂ

ਅਮਰੀਕਾ ਵਿਚ 2 ਪੰਜਾਬੀਆਂ ਦਾ ਟਰੱਕ ਵਿਵਾਦਾਂ ਵਿਚ ਹੈ ਜੋ ਤਿੰਨ ਜਣਿਆਂ ਦੀ ਮੌਤ ਦਾ ਕਾਰਨ ਬਣਿਆ

Update: 2025-08-16 11:07 GMT

ਫਲੋਰੀਡਾ : ਅਮਰੀਕਾ ਵਿਚ 2 ਪੰਜਾਬੀਆਂ ਦਾ ਟਰੱਕ ਵਿਵਾਦਾਂ ਵਿਚ ਹੈ ਜੋ ਤਿੰਨ ਜਣਿਆਂ ਦੀ ਮੌਤ ਦਾ ਕਾਰਨ ਬਣਿਆ | ਫਲੋਰੀਡਾ ਸੂਬੇ ਦੇ ਫੋਰਟ ਪੀਅਰਸ ਸ਼ਹਿਰ ਨੇੜੇ ਇਕ ਹਾਈਵੇਅ 'ਤੇ ਵਾਪਰੇ ਹਾਦਸੇ ਦੀਆਂ ਵੀਡੀਓਜ਼ ਲਗਾਤਾਰ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਪੰਜਾਬੀ ਟਰੱਕ ਡਰਾਈਵਰ ਯੂ-ਟਰਨ ਲੈਣ ਦਾ ਯਤਨ ਕਰਦਾ ਹੈ ਪਰ ਇਸੇ ਦੌਰਾਨ ਇਕ ਤੇਜ਼ ਰਫ਼ਤਾਰ ਗੱਡੀ ਦੀ ਟੱਕਰ ਟਰੱਕ ਨਾਲ ਹੋ ਜਾਂਦੀ ਹੈ | ਹਾਦਸੇ ਦੌਰਾਨ ਕਾਲੇ ਰੰਗ ਦੀ ਕ੍ਰਾਈਸਲਰ ਟਾਊਨ ਐਂਡ ਕੰਟਰੀ ਵੈਨ ਵਿਚ ਸਵਾਰ ਤਿੰਨ ਜਣਿਆਂ ਦੀ ਮੌਤ ਹੋ ਗਈ | ਫਲੋਰੀਡਾ ਹਾਈਵੇਅ ਪੈਟਰੋਲ ਮੁਤਾਬਕ ਟਰੱਕ ਅਤੇ ਮਿੰਨੀਵੈਨ ਉੱਤਰ ਵੱਲ ਜਾ ਰਹੇ ਸਨ ਜਦੋਂ ਟਰੱਕ ਡਰਾਈਵਰ ਨੇ ਵੱਡਾ ਕੱਟ ਮਾਰਦਿਆਂ ਯੂ-ਟਰਨ ਲੈਣ ਦਾ ਯਤਨ ਕੀਤਾ |

ਫਲੋਰੀਡਾ ਵਿਚ ਯੂ-ਟਰਨ ਲੈਂਦਿਆਂ ਵਾਪਰਿਆ ਹਾਦਸਾ

ਹਾਈਵੇਅ ਦੇ ਐਨ ਵਿਚਕਾਰ ਬਣਿਆ ਲਾਂਘਾ ਸਿਰਫ਼ ਸਰਕਾਰੀ ਗੱਡੀਆਂ ਵਾਸਤੇ ਸੀ ਅਤੇ ਟਰੱਕ ਡਰਾਈਵਰ ਨੇ ਵੱਡੀ ਕੋਤਾਹੀ ਕਰਦਿਆਂ ਟਰੱਕ ਮੋੜ ਦਿਤਾ ਅਤੇ ਪਿੱਛੋਂ ਆ ਰਹੀ ਮਿੰਨੀ ਵੈਨ ਟ੍ਰੇਲਰ ਹੇਠਾਂ ਵੜ ਗਈ | ਮਿੰਨੀ ਵੈਨ ਦੇ ਦੋ ਮੁਸਾਫ਼ਰਾਂ ਨੂੰ ਮੌਕੇ 'ਤੇ ਮਿ੍ਤਕ ਕਰਾਰ ਦੇ ਦਿਤਾ ਗਿਆ ਜਦਕਿ ਡਰਾਈਵਰ ਨੂੰ ਫੋਰਟ ਪੀਅਰਸ ਦੇ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਨੇ ਜ਼ਖਮਾਂ ਦੀ ਤਾਬ ਨਾ ਝਲਦਿਆਂ ਦਮ ਤੋੜ ਦਿਤਾ | ਫਲੋਰੀਡਾ ਹਾਈਵੇਅ ਪੈਟਰੋਲ ਵੱਲੋਂ ਮਾਮਲੇ ਦੀ ਪੜਤਾਲ ਕਤਲ ਦੇ ਨਜ਼ਰੀਏ ਤੋਂ ਕੀਤੀ ਜਾ ਰਹੀ ਹੈ ਅਤੇ ਫ਼ਿਲਹਾਲ ਇਸ ਮਾਮਲੇ ਵਿਚ ਕੋਈ ਦੋਸ਼ ਆਇਦ ਨਹੀਂ ਕੀਤੇ ਗਏ | ਟਰੱਕ ਵਿਚ ਸਵਾਰ ਪੰਜਾਬੀ ਨੌਜਵਾਨਾਂ ਦੀ ਉਮਰ 25 ਸਾਲ ਅਤੇ 28 ਸਾਲ ਦੱਸੀ ਜਾ ਰਹੀ ਹੈ ਜੋ ਕੈਲੇਫੋਰਨੀਆ ਸੂਬੇ ਵਿਚ ਰਹਿੰਦੇ ਹਨ | ਦੂਜੇ ਪਾਸੇ ਸੋਸ਼ਲ ਮੀਡੀਆ 'ਤੇ ਪੰਜਾਬੀ ਟਰੱਕ ਡਰਾਈਵਰ ਨੂੰ ਉਮਰ ਭਰ ਲਈ ਜੇਲ ਭੇਜਣ ਜਾਂ ਡਿਪੋਰਟ ਕਰਨ ਦੀਆਂ ਟਿੱਪਣੀਆਂ ਸਾਹਮਣੇ ਆ ਰਹੀਆਂ ਹਨ |

ਪੁਲਿਸ ਕਤਲ ਦੇ ਨਜ਼ਰੀਏ ਤੋਂ ਕਰ ਰਹੀ ਮਾਮਲੇ ਦੀ ਪੜਤਾਲ

ਕੁਝ ਲੋਕਾਂ ਨੇ ਕਿਹਾ ਕਿ ਟ੍ਰਕਿੰਗ ਕੰਪਨੀ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ ਜਿਸ ਨੇ ਟ੍ਰੈਫਿਕ ਰੂਲਜ਼ ਤੋਂ ਅਣਜਾਣ ਲੋਕਾਂ ਨੂੰ ਟਰੱਕ ਫੜਾ ਦਿਤਾ | ਇਥੇ ਦਸਣਾ ਬਣਦਾ ਹੈ ਕਿ ਅਮਰੀਕਾ ਦੇ ਟ੍ਰਾਂਸਪੋਰਟ ਮਹਿਕਮਾਂ ਪਹਿਲਾਂ ਹੀ ਅਣਜਾਣ ਡਰਾਈਵਰਾਂ ਵਿਰੁੱਧ ਸਖ਼ਤੀ ਵਰਤ ਰਿਹਾ ਹੈ ਅਤੇ ਅੰਗਰੇਜ਼ੀ ਆਉਂਦੀ ਹੋਣ ਦੀ ਸ਼ਰਤ ਲਾਗੂ ਕੀਤੀ ਜਾ ਚੁੱਕੀ ਹੈ | ਟ੍ਰਾਂਸਪੋਰਟ ਮੰਤਰਾਲੇ ਵੱਲੋਂ ਦਲੀਲ ਦਿਤੀ ਜਾ ਰਹੀ ਹੈ ਕਿ 2019 ਵਿਚ ਇਕ ਟਰੱਕ ਡਰਾਈਵਰ ਤਕਰੀਬਨ 100 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਜਾ ਰਿਹਾ ਸੀ ਅਤੇ ਅੰਗਰੇਜ਼ੀ ਨਾ ਆਉਂਦੀ ਹੋਣ ਕਾਰਨ ਕੋਈ ਸਾਈਨ ਨਾ ਪੜ੍ਹ ਸਕਿਆ ਅਤੇ ਅੱਗੇ ਜਾ ਕੇ ਵਾਪਰੇ ਹੌਲਨਾਕ ਹਾਦਸੇ ਦੌਰਾਨ ਚਾਰ ਜਣਿਆਂ ਦੀ ਮੌਤ ਹੋ ਗਈ |

Tags:    

Similar News