45 ਸਾਲ ਅਮਰੀਕਾ ਦੀ ਜੇਲ ’ਚ ਅੱਡੀਆਂ ਰਗੜੇਗਾ ਪੰਜਾਬੀ ਟਰੱਕ ਡਰਾਈਵਰ
ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਏ ਹਰਜਿੰਦਰ ਸਿੰਘ ਨੂੰ ਤਿੰਨ ਕਤਲਾਂ ਦੇ ਮਾਮਲੇ ਵਿਚ 45 ਸਾਲ ਵਾਸਤੇ ਜੇਲ ਭੇਜਿਆ ਜਾ ਸਕਦਾ ਹੈ ਅਤੇ ਇਸ ਮਗਰੋਂ ਡਿਪੋਰਟ ਕਰ ਦਿਤਾ ਜਾਵੇਗਾ
ਫਲੋਰੀਡਾ : ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਏ ਹਰਜਿੰਦਰ ਸਿੰਘ ਨੂੰ ਤਿੰਨ ਕਤਲਾਂ ਦੇ ਮਾਮਲੇ ਵਿਚ 45 ਸਾਲ ਵਾਸਤੇ ਜੇਲ ਭੇਜਿਆ ਜਾ ਸਕਦਾ ਹੈ ਅਤੇ ਇਸ ਮਗਰੋਂ ਡਿਪੋਰਟ ਕਰ ਦਿਤਾ ਜਾਵੇਗਾ। ਦੂਜੇ ਪਾਸੇ ਕੁਝ ਮੀਡੀਆ ਰਿਪੋਰਟਾਂ ਮੁਤਾਬਕ ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਵਾਲੇ ਹਰਜਿੰਦਰ ਸਿੰਘ ਨੂੰ ਸਿੱਧੇ ਤੌਰ ’ਤੇ ਡਿਪੋਰਟ ਕਰਨਾ ਚਾਹੁੰਦੇ ਹਨ ਜਿਨ੍ਹਾਂ ਦਾ ਮੰਨਣਾ ਹੈ ਕਿ ਅਮਰੀਕਾ ਦੀਆਂ ਜੇਲਾਂ ਵਿਚ ਭੀੜ ਵਧਾਉਣ ਦੀ ਕੋਈ ਤੁਕ ਨਹੀਂ ਬਣਦੀ। ਹਰਜਿੰਦਰ ਸਿੰਘ 2018 ਵਿਚ ਮੈਕਸੀਕੋ ਦੇ ਰਸਤੇ ਅਮਰੀਕਾ ਦਾਖਲ ਹੋਇਆ ਅਤੇ ਕੈਲੇਫੋਰਨੀਆ ਵਿਚ ਰਿਹਾਇਸ਼ ਦੌਰਾਨ ਕਮਰਸ਼ੀਅਲ ਡਰਾਈਵਿੰਗ ਲਾਇਸੰਸ ਹਾਸਲ ਕਰਦਿਆਂ ਟਰੱਕ ਚਲਾਉਣਾ ਸ਼ੁਰੂ ਕਰ ਦਿਤਾ।
ਹਰਜਿੰਦਰ ਸਿੰਘ ਵਿਰੁੱਧ ਲੱਗੇ 3 ਕਤਲਾਂ ਦੇ ਦੋਸ਼
ਹਰਜਿੰਦਰ ਸਿੰਘ ਵਿਰੁੱਧ ਇੰਮੀਗ੍ਰੇਸ਼ਨ ਨਿਯਮਾਂ ਦੀ ਉਲੰਘਣਾ ਤੋਂ ਇਲਾਵਾ ਗੱਡੀ ਰਾਹੀਂ ਕਤਲ ਦੇ ਤਿੰਨ ਦੋਸ਼ ਆਇਦ ਕੀਤੇ ਗਏ ਹਨ ਅਤੇ ਅਮਰੀਕਾ ਦੇ ਕਾਨੂੰਨ ਮੁਤਾਬਕ ਇਕ ਕਤਲ ਦੀ ਸਜ਼ਾ 15 ਸਾਲ ਬਣਦੀ ਹੈ। ਫਲੋਰੀਡਾ ਹਾਈਵੇਅ ਪੈਟਰੋਲ ਦੇ ਕਾਰਜਕਾਰੀ ਡਾਇਰੈਕਟਰ ਡੇਵ ਕਰਨਰ ਮੁਤਾਬਕ ਹਰਜਿੰਦਰ ਸਿੰਘ ਵੱਲੋਂ ਡਰਾਈਵਿੰਗ ਦੌਰਾਨ ਵਰਤੀ ਘੋਰ ਕੋਤਾਹੀ ਕਰ ਕੇ ਤਿੰਨ ਜਣਿਆਂ ਦੀ ਜਾਨ ਚਲੀ ਗਈ। ਕਮਰਸ਼ੀਅਲ ਟ੍ਰੈਕਟਰ-ਟ੍ਰੇਲਰ ਚਲਾਉਂਦਿਆ ਬੇਹੱਦ ਸੁਚੇਤ ਰਹਿਣ ਦੀ ਜ਼ਰੂਰਤ ਹੁੰਦੀ ਹੈ ਪਰ ਹਾਦਸੇ ਦੀ ਵੀਡੀਓ ਦੇਖ ਕੇ ਬਿਲਕੁਲ ਵੀ ਮਹਿਸੂਸ ਨਹੀਂ ਹੁੰਦਾ ਕਿ ਹਾਈਵੇਅ ’ਤੇ ਯੂ-ਟਰਨ ਲੈਂਦਿਆਂ ਕੋਈ ਸਾਵਧਾਨੀ ਵਰਤੀ ਗਈ। ਤਿੰਨ ਪਰਵਾਰਾਂ ਉਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਅਤੇ ਇਸ ਦਾ ਜ਼ਿੰਮੇਵਾਰ ਹਰਜਿੰਦਰ ਸਿੰਘ ਹੈ ਪਰ ਹੁਣ ਉਹ ਫਲੋਰੀਡਾ ਵਿਚ ਕੋਈ ਨੁਕਸਾਨ ਨਹੀਂ ਕਰ ਸਕੇਗਾ। ਇਥੇ ਦਸਣਾ ਬਣਦਾ ਹੈ ਕਿ ਹਾਈਵੇਅ ਦੇ ਐਨ ਵਿਚਕਾਰ ਬਣਿਆ ਲਾਂਘਾ ਸਿਰਫ਼ ਸਰਕਾਰੀ ਗੱਡੀਆਂ ਵਾਸਤੇ ਸੀ। ਸੋਸ਼ਲ ਮੀਡੀਆ ’ਤੇ ਪੰਜਾਬੀ ਟਰੱਕ ਡਰਾਈਵਰ ਨੂੰ ਉਮਰ ਭਰ ਲਈ ਜੇਲ ਭੇਜਣ ਜਾਂ ਡਿਪੋਰਟ ਕਰਨ ਦੀਆਂ ਟਿੱਪਣੀਆਂ ਹਾਦਸੇ ਵਾਲੇ ਦਿਨ ਤੋਂ ਹੀ ਸਾਹਮਣੇ ਆ ਰਹੀਆਂ ਹਨ ਅਤੇ ਲਾਅ ਐਨਫ਼ੋਰਸਮੈਂਟ ਏਜੰਸੀਆਂ ਇਸ ਕਿਸਮ ਦੀ ਕਾਰਵਾਈ ਕਰ ਰਹੀਆਂ ਹਨ।
ਇੰਮੀਗ੍ਰੇਸ਼ਨ ਵਾਲੇ ਤੁਰਤ ਡਿਪੋਰਟ ਕਰਨ ਦੇ ਇੱਛਕ
ਪੰਜਾਬੀ ਨੌਜਵਾਨ ਨਾਲ ਸਬੰਧਤ ਹੌਲਨਾਕ ਹਾਦਸਾ ਸਾਹਮਣੇ ਆਉਣ ਮਗਰੋਂ ਸੋਸ਼ਲ ਮੀਡੀਆ ’ਤੇ ਲਗਾਤਾਰ ਅਜਿਹੀਆਂ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆ ਰਹੀਆਂ ਹਨ ਜਿਨ੍ਹਾਂ ਵਿਚ ਅਮਰੀਕਾ ਦੀਆਂ ਸੜਕਾਂ ’ਤੇ ਟਰੱਕ ਚਲਾਉਣ ਵਾਲਿਆਂ ਨੂੰ ਕੋਤਾਹੀ ਕਰਦਿਆਂ ਦੇਖਿਆ ਜਾ ਸਕਦਾ ਹੈ। ਦੂਜੇ ਪਾਸੇ ਅਮਰੀਕਾ ਦਾ ਟ੍ਰਾਂਸਪੋਰਟ ਮਹਿਕਮਾ ਪਹਿਲਾਂ ਹੀ ਅਣਜਾਣ ਡਰਾਈਵਰਾਂ ਵਿਰੁੱਧ ਸਖ਼ਤੀ ਵਰਤ ਰਿਹਾ ਹੈ ਅਤੇ ਅੰਗਰੇਜ਼ੀ ਆਉਂਦੀ ਹੋਣ ਦੀ ਸ਼ਰਤ ਲਾਗੂ ਕੀਤੀ ਜਾ ਚੁੱਕੀ ਹੈ। ਟ੍ਰਾਂਸਪੋਰਟ ਮੰਤਰਾਲੇ ਵੱਲੋਂ ਦਲੀਲ ਦਿਤੀ ਜਾ ਰਹੀ ਹੈ ਕਿ 2019 ਵਿਚ ਇਕ ਟਰੱਕ ਡਰਾਈਵਰ ਤਕਰੀਬਨ 100 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਜਾ ਰਿਹਾ ਸੀ ਅਤੇ ਅੰਗਰੇਜ਼ੀ ਨਾ ਆਉਂਦੀ ਹੋਣ ਕਾਰਨ ਕੋਈ ਸਾਈਨ ਨਾ ਪੜ੍ਹ ਸਕਿਆ ਅਤੇ ਅੱਗੇ ਜਾ ਕੇ ਵਾਪਰੇ ਹੌਲਨਾਕ ਹਾਦਸੇ ਦੌਰਾਨ ਚਾਰ ਜਣਿਆਂ ਦੀ ਮੌਤ ਹੋ ਗਈ।