ਅਮਰੀਕਾ ’ਚ ਪੰਜਾਬੀ ਟਰੱਕ ਡਰਾਈਵਰ ਨਾਲ ਵਰਤਿਆ ਭਾਣਾ

ਅਮਰੀਕਾ ਵਿਚ ਪੰਜਾਬੀ ਟਰੱਕ ਡਰਾਈਵਰ ਦਾ ਭੇਤਭਰੇ ਹਾਲਾਤ ਵਿਚ ਕਤਲ ਕਰ ਦਿਤਾ ਗਿਆ ਅਤੇ ਮਾਮਲੇ ਦੀ ਪੜਤਾਲ ਕਰ ਰਹੀ ਪੁਲਿਸ ਵੱਲੋਂ 46 ਸਾਲ ਦੇ ਜਸਵਿੰਦਰ ਸਿੰਘ ਢਿੱਲੋਂ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ।;

Update: 2024-10-18 11:40 GMT

ਡੈਲ, ਯੂਟਾਹ : ਅਮਰੀਕਾ ਵਿਚ ਪੰਜਾਬੀ ਟਰੱਕ ਡਰਾਈਵਰ ਦਾ ਭੇਤਭਰੇ ਹਾਲਾਤ ਵਿਚ ਕਤਲ ਕਰ ਦਿਤਾ ਗਿਆ ਅਤੇ ਮਾਮਲੇ ਦੀ ਪੜਤਾਲ ਕਰ ਰਹੀ ਪੁਲਿਸ ਵੱਲੋਂ 46 ਸਾਲ ਦੇ ਜਸਵਿੰਦਰ ਸਿੰਘ ਢਿੱਲੋਂ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ। ਯੂਟਾਹ ਸੂਬੇ ਦੇ ਡੈਲ ਸ਼ਹਿਰ ਨੇੜੇ ਇੰਟਰਸਟੇਟ 80 ’ਤੇ ਹੋਏ ਕਤਲ ਤੋਂ ਪਹਿਲਾਂ ਜਸਵਿੰਦਰ ਸਿੰਘ ਨੇ ਕਥਿਤ ਤੌਰ ’ਤੇ ਜਸਪਿੰਦਰ ਸਿੰਘ ਦਾ 16 ਮੀਲ ਤੱਕ ਪਿੱਛਾ ਕੀਤਾ ਅਤੇ ਇਕ ਸੁੰਨਸਾਨ ਥਾਂ ’ਤੇ ਉਸ ਦੀ ਕਥਿਤ ਤੌਰ ’ਤੇ ਹਤਿਆ ਕਰ ਦਿਤੀ। ਜਸਪਿੰਦਰ ਸਿੰਘ ਕੈਲੇਫੋਰਨੀਆ ਸੂਬੇ ਵਿਚ ਰਹਿੰਦਾ ਸੀ ਜਦਕਿ ਜਸਵਿੰਦਰ ਸਿੰਘ ਢਿੱਲੋਂ ਅਮਰੀਕਾ ਦੇ ਵਾਸ਼ਿੰਗਟਨ ਸੂਬੇ ਵਿਚ ਰਹਿੰਦਾ ਹੈ। ਟੂਲ ਕਾਊਂਟੀ ਦੇ ਅਟਾਰਨੀ ਦਫ਼ਤਰ ਵੱਲੋਂ ਦਾਇਰ ਚਾਰਜਸ਼ੀਟ ਮੁਤਾਬਕ ਜਸਵਿੰਦਰ ਸਿੰਘ ਢਿੱਲੋਂ ਵਿਰੁੱਧ ਕਤਲ ਅਤੇ ਅਗਵਾ ਦੇ ਦੋਸ਼ ਲੱਗੇ ਹਨ। ਫਿਲਹਾਲ ਕਤਲ ਦੇ ਮਕਸਦ ਬਾਰੇ ਪਤਾ ਨਹੀਂ ਲੱਗ ਸਕਿਆ ਅਤੇ ਪੁਲਿਸ ਵੱਲੋਂ ਇਹ ਵੀ ਨਹੀਂ ਦੱਸਿਆ ਕਿ ਜਸਪਿੰਦਰ ਅਤੇ ਜਸਵਿੰਦਰ ਇਕ ਦੂਜੇ ਨੂੰ ਜਾਣਦੇ ਸਨ ਜਾਂ ਨਹੀਂ। ਜਸਪਿੰਦਰ ਸਿੰਘ ਦੇ ਕਤਲ ਬਾਰੇ ਸਭ ਤੋਂ ਪਹਿਲਾਂ ਉਸ ਦੇ ਸਾਥੀ ਡਰਾਈਵਰ ਨੂੰ ਪਤਾ ਲੱਗਾ ਜਦੋਂ ਉਸ ਨੇ ਟਰੱਕ ਦੇ ਸਲੀਪਿੰਗ ਏਰੀਆ ਵਿਚ ਜਸਪਿੰਦਰ ਸਿੰਘ ਦੀ ਲਾਸ਼ ਦੇਖੀ। ਜਸਪਿੰਦਰ ਦੇ ਟਰੱਕ ਦਾ ਜੀ.ਪੀ.ਐਸ. ਸਿਸਟਮ ਕੰਮ ਨਹੀਂ ਕਰ ਰਿਹਾ ਸੀ ਅਤੇ ਉਸ ਦਾ ਸਾਥੀ ਡਰਾਈਵਰ ਸਮੱਸਿਆ ਪਤਾ ਕਰਨ ਲਈ ਉਸ ਦੇ ਟਰੱਕ ਵਿਚ ਦਾਖਲ ਹੋਇਆ।

ਜਸਵਿੰਦਰ ਸਿੰਘ ਢਿੱਲੋਂ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ

ਦੂਜੇ ਪਾਸੇ ਜਾਂਚਕਰਤਾਵਾਂ ਨੇ ਦੱਸਿਆ ਕਿ ਡੈਲ ਸ਼ਹਿਰ ਦੇ ਸਿੰਕਲੇਅਰ ਇਲਾਕੇ ਤੋਂ ਸੀ.ਸੀ.ਟੀ.ਵੀ. ਫੁਟੇਜ ਹਾਸਲ ਕੀਤੀ ਗਈ ਅਤੇ ਜਸਪਿੰਦਰ ਸਿੰਘ ਦੇ ਸਾਥੀ ਡਰਾਈਵਰ ਦੇ ਡੈਸ਼ਕੈਮ ਦੀ ਵੀਡੀਓ ਨੂੰ ਵੀ ਡੂੰਘਾਈ ਨਾਲ ਘੋਖਿਆ ਗਿਆ। ਵੀਡੀਓ ਤੋਂ ਪਤਾ ਲਗਦਾ ਹੈ ਕਿ ਜਸਪਿੰਦਰ ਸਿੰਘ ਦਾ ਟਰੱਕ ਵੱਡੇ ਤੜਕ ਤਕਰੀਬਨ ਸਾਢੇ ਤਿੰਨ ਵਜੇ ਗੈਸ ਸਟੇਸ਼ਨ ਵਿਚ ਦਾਖਲ ਹੁੰਦਾ ਹੈ ਅਤੇ ਇਕ ਚਿੱਟੇ ਰੰਗ ਦੀ ਮਰਸਡੀਜ਼ ਪਾਰਕਿੰਗ ਲੌਟ ਵਿਚ ਹੌਲੀ ਹੌਲੀ ਅੱਗੇ ਵਧਦੀ ਨਜ਼ਰ ਆਉਂਦੀ ਹੈ। ਜਸਪਿੰਦਰ ਸਿੰਘ ਟਰੱਕ ਲੈ ਕੇ ਗੈਸ ਸਟੇਸ਼ਨ ਤੋਂ ਨਿਕਲਦਾ ਹੈ ਤਾਂ ਗੱਡੀ ਵੀ ਉਸ ਦੇ ਪਿੱਛੇ ਜਾਂਦੀ ਹੈ। ਕੁਝ ਦੇਰ ਬਾਅਦ ਗੱਡੀ ਵਿਚੋਂ ਇਕ ਸ਼ਖਸ ਬਾਹਰ ਨਿਕਲ ਕੇ ਜਸਪਿੰਦਰ ਸਿੰਘ ਦੇ ਟਰੱਕ ਵੱਲ ਵਧਦਾ ਹੈ। ਜਾਂਚਕਰਤਾਵਾਂ ਨੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਨ ਲਈ ਜਸਪਿੰਦਰ ਸਿੰਘ ਦਾ ਜੀ.ਪੀ.ਐਸ. ਡਾਟਾ ਹਾਸਲ ਕੀਤਾ ਜਿਸ ਤੋਂ ਪਤਾ ਲੱਗਾ ਕਿ ਉਹ ਗੈਸ ਸਟੇਸ਼ਨ ਤੋਂ ਇੰਟਰਸਟੇਟ 80 ’ਤੇ ਚੜ੍ਹ ਗਿਆ ਅਤੇ ਡੈਲ ਦੇ ਪੂਰਬ ਵੱਲ ਇਕ ਮੋੜ ਮੁੜਿਆ। ਇਸ ਮਗਰੋਂ ਟਰੱਕ ਵਾਪਸ ਆਇਆ ਅਤੇ ਪੱਛਮ ਵੱਲ ਚਲਾ ਗਿਆ। ਟਰੱਕ ਮੁੜ ਡੈਲ ਸ਼ਹਿਰ ਵੱਲ ਆਉਂਦਾ ਹੈ ਅਤੇ ਇਕ ਰੈਂਪ ’ਤੇ ਖੜਾ ਹੋ ਜਾਂਦਾ ਹੈ। ਸਿਰਫ ਐਨਾ ਹੀ ਨਹੀਂ ਜਸਪਿੰਦਰ ਸਿੰਘ ਦਾ ਟਰੱਕ ਅਤੇ ਚਿੱਟੀ ਮਰਸਡੀਜ਼ ਨੂੰ ਯੂਟਾਹ ਅਤੇ ਨੇਵਾਡਾ ਦੇ ਬਾਰਡਰ ’ਤੇ ਲੱਗੇ ਕੈਮਰਿਆਂ ਵਿਚ ਵੀ ਦੇਖਿਆ ਗਿਆ ਜਦਕਿ ਕਈ ਘੰਟੇ ਪਹਿਲਾਂ ਵੈਲਜ਼ ਦੇ ਗੈਸ ਸਟੇਸ਼ਨ ’ਤੇ ਵੀ ਟਰੱਕ ਅਤੇ ਚਿੱਟੀ ਮਰਸਡੀਜ਼ ਨਜ਼ਰ ਆਏ। ਤਿੰਨੋ ਮੌਕਿਆਂ ’ਤੇ ਚਿੱਟੀ ਮਰਸਡੀਜ਼ ਜਸਪਿੰਦਰ ਸਿੰਘ ਦੇ ਟਰੱਕ ਦਾ ਪਿੱਛਾ ਕਰ ਰਹੀ ਸੀ। ਪੁਲਿਸ ਨੇ ਲਾਇਸੰਸ ਪਲੇਟ ਦੇ ਆਧਾਰ ’ਤੇ ਪਤਾ ਕੀਤਾ ਤਾਂ ਗੱਡੀ ਜਸਵਿੰਦਰ ਸਿੰਘ ਢਿੱਲੋਂ ਦੇ ਨਾਂ ਦਰਜ ਸੀ ਅਤੇ ਗੱਡੀ ਚਲਾ ਰਹੇ ਸ਼ਖਸ ਦੀ ਸਰੀਰਕ ਬਣਤਰ ਵੀ ਜਸਵਿੰਦਰ ਸਿੰਘ ਢਿੱਲੋਂ ਨਾਲ ਮੇਲ ਖਾ ਗਈ। ਮੁਢਲੀ ਜਾਂਚ ਮੁਕੰਮਲ ਹੋਣ ਮਗਰੋਂ ਜਸਵਿੰਦਰ ਸਿੰਘ ਢਿੱਲੋਂ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿਤੇ ਗਏ।

Tags:    

Similar News