ਅਮਰੀਕਾ ਵਿਚ ਜਿਊਂਦਾ ਸੜਿਆ ਪੰਜਾਬੀ ਟਰੱਕ ਡਰਾਈਵਰ
ਅਮਰੀਕਾ ਵਿਚ ਵਾਪਰੇ ਜਾਨਲੇਵਾ ਸੜਕ ਹਾਦਸੇ ਦੀ ਖਬਰ ਨੇ ਪੰਜਾਬ ਰਹਿੰਦੇ ਪਰਵਾਰ ਉਤੇ ਕਹਿਰ ਢਾਹ ਦਿਤਾ
ਗਰੀਨ ਕਾਊਂਟੀ : ਅਮਰੀਕਾ ਵਿਚ ਵਾਪਰੇ ਜਾਨਲੇਵਾ ਸੜਕ ਹਾਦਸੇ ਦੀ ਖਬਰ ਨੇ ਪੰਜਾਬ ਰਹਿੰਦੇ ਪਰਵਾਰ ਉਤੇ ਕਹਿਰ ਢਾਹ ਦਿਤਾ। ਟੈਨੇਸੀ ਸੂਬੇ ਦੀ ਗਰੀਨ ਕਾਊਂਟੀ ਵਿਚ ਵਾਪਰਿਆ ਹਾਦਸਾ ਐਨਾ ਹੌਲਨਾਕ ਸੀ ਕਿ 26 ਸਾਲ ਦਾ ਗੱਭਰੂ ਜਿਊਂਦਾ ਸੜ ਗਿਆ। ਨੌਜਵਾਨ ਦੀ ਸ਼ਨਾਖਤ ਲੁਧਿਆਣਾ ਜ਼ਿਲ੍ਹੇ ਦੇ ਮਾਛੀਵਾੜਾ ਕਸਬੇ ਨੇੜਲੇ ਪਿੰਡ ਸਹਿਜੋ ਮਾਜਰਾ ਨਾਲ ਸਬੰਧਤ ਭੁਪਿੰਦਰ ਸਿੰਘ ਵਜੋਂ ਕੀਤੀ ਗਈ ਹੈ। ਟੈਨੇਸੀ ਹਾਈਵੇਅ ਪੈਟਰੌਲ ਨੇ ਦੱਸਿਆ ਕਿ ਇੰਟਰਸਟੇਟ 81 ’ਤੇ ਦੱਖਣ ਵੱਲ ਜਾ ਰਿਹਾ ਇਕ ਟ੍ਰਾਂਸਪੋਰਟ ਟਰੱਕ ਇਕ ਜੀਪ ਨਾਲ ਟਕਰਾਉਣ ਮਗਰੋਂ ਬੇਕਾਬੂ ਹੋ ਗਿਆ।
ਲੁਧਿਆਣਾ ਜ਼ਿਲ੍ਹੇ ਦੇ ਭੁਪਿੰਦਰ ਸਿੰਘ ਵਜੋਂ ਹੋਈ ਸ਼ਨਾਖ਼ਤ
ਡਰਾਈਵਰ ਨੇ ਟਰੱਕ ਨੂੰ ਕੰਟਰੋਲ ਕਰਨ ਦਾ ਯਤਨ ਕੀਤਾ ਪਰ ਰਫ਼ਤਾਰ ਜ਼ਿਆਦਾ ਹੋਣ ਕਾਰਨ ਇਹ ਮੂਧਾ ਵੱਜ ਗਿਆ। ਇਸੇ ਦੌਰਾਨ ਟਰੱਕ ਨੂੰ ਅੱਗ ਲੱਗ ਗਈ ਅਤੇ ਭੁਪਿੰਦਰ ਸਿੰਘ ਨੂੰ ਬਾਹਰ ਨਿਕਲਣ ਦਾ ਮੌਕਾ ਹੀ ਨਾ ਮਿਲ ਸਕਿਆ। ਹਾਦਸੇ ਦੀ ਇਤਲਾਹ ਮਿਲਦਿਆਂ ਹੀ ਫਾਇਰ ਫਾਈਟਰਜ਼ ਮੌਕੇ ’ਤੇ ਪੁੱਜ ਗਏ ਅਤੇ ਅੱਗ ਬੁਝਾ ਦਿਤੀ ਪਰ ਉਸ ਵੇਲੇ ਤੱਕ ਬਹੁਤ ਦੇਰ ਹੋ ਚੁੱਕੀ ਸੀ। ਹਾਦਸੇ ਮਗਰੋਂ ਇੰਟਰਸਟੇਟ 81 ’ਤੇ ਕਈ ਮੀਲ ਲੰਮਾ ਜਾਮ ਲੱਗ ਗਿਆ ਅਤੇ ਟ੍ਰੈਫਿਕ ਨੂੰ ਬਦਲਵੇਂ ਰਾਹਾਂ ਤੋਂ ਲੰਘਾਉਣ ਦੇ ਪ੍ਰਬੰਧ ਕੀਤੇ ਗਏ। ਉਧਰ ਭੁਪਿੰਦਰ ਸਿੰਘ ਦੇ ਪਿਤਾ ਹਜ਼ਾਰਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਕੈਲੇਫੋਰਨੀਆ ਵਿਚ ਰਹਿੰਦਾ ਸੀ ਅਤੇ ਕੁਝ ਵਰ੍ਹੇ ਪਹਿਲਾਂ ਹੀ ਅਮਰੀਕਾ ਪੁੱਜਾ।
ਟੈਨੇਸੀ ਸੂਬੇ ਦੀ ਗਰੀਨ ਕਾਊਂਟੀ ਵਿਚ ਵਾਪਰਿਆ ਹਾਦਸਾ
ਵਰਕ ਪਰਮਿਟ ਮਿਲਣ ’ਤੇ ਭੁਪਿੰਦਰ ਸਿੰਘ ਨੇ ਟਰੱਕ ਡਰਾਈਵਿੰਗ ਦਾ ਕਿੱਤਾ ਅਪਨਾਉਣ ਦਾ ਫੈਸਲਾ ਲਿਆ ਅਤੇ ਲੰਮੇ ਰੂਟਾਂ ਦਾ ਪਾਂਧੀ ਬਣ ਗਿਆ। ਇਸੇ ਦੌਰਾਨ ਭੁਪਿੰਦਰ ਸਿੰਘ ਦੇ ਮਾਪਿਆਂ ਨੇ ਆਪਣੇ ਇਕਲੌਤੇ ਪੁੱਤ ਦੇ ਵਿਆਹ ਦੀਆਂ ਤਿਆਰੀਆਂ ਵਿੱਢ ਦਿਤੀਆਂ ਪਰ ਸੱਤ ਸਮੁੰਦਰ ਪਾਰ ਵਾਪਰੇ ਹਾਦਸੇ ਨੇ ਉਨ੍ਹਾਂ ਦੇ ਸੁਪਨੇ ਖੇਰੂੰ ਖੇਰੂੰ ਕਰ ਦਿਤੇ। ਇਥੇ ਦਸਣਾ ਬਣਦਾ ਹੈ ਕਿ ਕੁਝ ਦਿਨ ਪਹਿਲਾਂ ਅਮਰੀਕਾ ਦੇ ਓਹਾਇਓ ਸੂਬੇ ਵਿਚ 17 ਸਾਲ ਦਾ ਸਾਜਨਦੀਪ ਸਿੰਘ ਕਾਰ ਨੂੰ ਅੱਗ ਲੱਗਣ ਕਾਰਨ ਇਸ ਦੁਨੀਆਂ ਤੋਂ ਚਲਾ ਗਿਆ। ਦੂਜੇ ਪਾਸੇ ਅਮਰੀਕਾ ਦੇ ਮਜ਼ੂਰੀ ਸੂਬੇ ਵਿਚ ਸੱਤ ਬੱਚਿਆਂ ਦਾ ਪਿਉ ਖਰਾਬ ਮੌਸਮ ਦੀ ਭੇਟ ਚੜ੍ਹ ਗਿਆ। ਸੇਂਟ ਲੂਈਸ ਵਿਖੇ ਆਏ ਵਾਵਰੋਲੇ ਨੇ ਹਰ ਪਾਸੇ ਤਬਾਹੀ ਮਚਾ ਦਿਤੀ ਅਤੇ ਇਕ ਵੱਡਾ ਦਰੱਖਤ ਜੂਨ ਬੈਲਟੈਜ਼ਰ ਦੀ ਕਾਰ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ। ਬੈਲਟੈਜ਼ਰ ਦੇ ਪਰਵਾਰ ਵੱਲੋਂ ਆਰਥਿਕ ਸਹਾਇਤਾ ਲਈ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ।