ਅਮਰੀਕਾ ਵਿਚ ਪੰਜਾਬੀ ਕਾਰੋਬਾਰੀ ਨਾਲ ਵਰਤਿਆ ਭਾਣਾ

ਅਮਰੀਕਾ ਵਿਚ ਪੰਜਾਬੀ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਕਾਰੋਬਾਰੀ ਦੀ ਸ਼ਨਾਖਤ ਜਸਵੀਰ ਸਿੰਘ ਵਜੋਂ ਕੀਤੀ ਗਈ ਹੈ ਜੋ ਮਿਸੀਸਿਪੀ ਸੂਬੇ ਦੇ ਜੈਕਸਨ ਸ਼ਹਿਰ ਵਿਚ ਗੈਸ ਸਟੇਸ਼ਨ ਚਲਾ ਰਿਹਾ ਸੀ।

Update: 2024-07-24 11:56 GMT

ਨਿਊ ਯਾਰਕ : ਅਮਰੀਕਾ ਵਿਚ ਪੰਜਾਬੀ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਕਾਰੋਬਾਰੀ ਦੀ ਸ਼ਨਾਖਤ ਜਸਵੀਰ ਸਿੰਘ ਵਜੋਂ ਕੀਤੀ ਗਈ ਹੈ ਜੋ ਮਿਸੀਸਿਪੀ ਸੂਬੇ ਦੇ ਜੈਕਸਨ ਸ਼ਹਿਰ ਵਿਚ ਗੈਸ ਸਟੇਸ਼ਨ ਚਲਾ ਰਿਹਾ ਸੀ। ਪੁਲਿਸ ਨੇ ਦੱਸਿਆ ਕਾਲੇ ਰੰਗ ਦੀ ਗੱਡੀ ਵਿਚ ਆਏ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਦੋ ਜਣਿਆਂ ਦੀ ਹੱਤਿਆ ਕਰ ਦਿਤੀ ਜਦਕਿ ਚਾਰ ਹੋਰ ਜ਼ਖਮੀ ਹੋ ਗਏ। ਜੈਕਸਨ ਪੁਲਿਸ ਦੇ ਮੁਖੀ ਜੋਸਫ ਵੇਡ ਨੇ ਦੱਸਿਆ ਕਿ ਜਸਵੀਰ ਸਿੰਘ ਗੈਸ ਸਟੇਸ਼ਨ ਦੀ ਪਾਰਕਿੰਗ ਵਿਚ ਸੀ ਜਦੋਂ ਗੋਲੀਆਂ ਚੱਲੀਆਂ। ਪੁਲਿਸ ਦਾ ਮੰਨਣਾ ਹੈ ਕਿ ਕਾਲੇ ਰੰਗ ਦੀ ਗੱਡੀ ਵਿਚ ਘੱਟੋ ਘੱਟ ਚਾਰ ਜਣੇ ਸਵਾਰ ਸਨ ਅਤੇ ਪਿਛਲੇ ਸੀਟ ’ਤੇ ਬੈਠੇ ਇਕ ਸ਼ੱਕੀ ਨੇ ਚਲਦੀ ਗੱੜੀ ਵਿਚੋਂ ਗੋਲੀਆਂ ਚਲਾਈਆਂ।

ਗੈਸ ਸਟੇਸ਼ਨ ਦਾ ਮਾਲਕ ਸੀ ਜਸਵੀਰ ਸਿੰਘ

ਫਿਲਹਾਲ ਸ਼ੱਕੀਆਂ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਪਰ ਮੰਨਿਆ ਜਾ ਰਿਹਾ ਹੈ ਕਿ ਜਸਵੀਰ ਸਿੰਘ ਨਾਲ ਕਿਸੇ ਰੰਜਿਸ਼ ਦੇ ਚਲਦਿਆਂ ਹੀ ਗੈਸ ਸਟੇਸ਼ਨ ਨੂੰ ਨਿਸ਼ਾਨਾ ਬਣਾਇਆ ਗਿਆ। ਜਸਵੀਰ ਸਿੰਘ ਤੋਂ ਇਲਾਵਾ ਮਰਨ ਵਾਲੇ ਦੂਜੇ ਸ਼ਖਸ ਦੀ ਪਛਾਣ ਡੈਰਿਕ ਕੋਲਮੈਨ ਵਜੋਂ ਕੀਤੀ ਗਈ ਹੈ ਜਦਕਿ ਚਾਰ ਹੋਰਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਸਵੀਰ ਸਿੰਘ ਆਪਣੇ ਪਿੱਛੇ ਪਤਨੀ, ਪੰਜ ਸਾਲ ਦਾ ਬੇਟਾ ਅਤੇ ਚਾਰ ਸਾਲ ਦੀ ਬੇਟੀ ਛੱਡ ਗਿਆ ਹੈ। ਅਸ਼ਵਿਨ ਤਲਵਾੜ ਨਾਂ ਦੇ ਸ਼ਖਸ ਵੱਲੋਂ ਗੋਫੰਮੀ ਪੇਜ ਸਥਾਪਤ ਕਰਦਿਆਂ ਜਸਵੀਰ ਸਿੰਘ ਦੇ ਪਰਵਾਰ ਦੀ ਮਦਦ ਕਰਨ ਦਾ ਸੱਦਾ ਦਿਤਾ ਗਿਆ ਹੈ ਤਾਂ ਕਿ ਉਸ ਦੇ ਸਿਰ ਚੜ੍ਹਿਆ ਕਰਜ਼ਾ ਉਤਾਰਿਆ ਜਾ ਸਕੇ ਅਤੇ ਪਰਵਾਰ ਦੀ ਆਰਥਿਕ ਮਦਦ ਕੀਤਾ ਜਾ ਸਕੇ। ਇਸੇ ਦੌਰਾਨ ਅਮਰੀਕਾ ਦੇ ਟੈਨੇਸੀ ਸੂਬੇ ਵਿਚ ਭਾਰਤੀ ਮੂਲ ਦੇ ਇਕ ਸਟੋਰ ਕਲਰਕ ਨੂੰ ਇਕ ਗਾਹਕ ਦੀ ਲਾਟਰੀ ਟਿਕਟ ਚੋਰੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਲਾਟਰੀ ਟਿਕਟ ’ਤੇ 10 ਲੱਖ ਡਾਲਰ ਦਾ ਇਨਾਮ ਨਿਕਲਿਆ ਸੀ ਅਤੇ ਜਦੋਂ ਉਸ ਨੇ ਆਪਣੀ ਲਾਟਰੀ ਸਟੋਰ ਕਲਰਕ ਮੀਰ ਪਟੇਲ ਨੂੰ ਚੈਕ ਕਰਨ ਲਈ ਦਿਤੀ ਤਾਂ ਉਸ ਨੇ ਟਿਕਟ ਕੂੜੇ ਵਿਚ ਸੁੱਟ ਦਿਤੀ ਅਤੇ ਗਾਹਕ ਨੂੰ ਕਹਿਣ ਲੱਗਾ ਕਿ ਟਿਕਟ ਗੁੰਮ ਹੋ ਗਈ।

ਅਣਪਛਾਤੇ ਹਮਲਾਵਰਾਂ ਨੇ ਅੰਨ੍ਹੇਵਾਹ ਚਲਾਈਆਂ ਗੋਲੀਆਂ

ਟੈਨੇਸੀ ਸੂਬੇ ਦੇ ਮਰਫ੍ਰੀਜ਼ਬ੍ਰਾਅ ਸ਼ਹਿਰ ਦੇ ਸ਼ੈੱਲ ਗੈਸ ਸਟੇਸ਼ਨ ਦੇ ਕਲਰਕ ਮੀਰ ਪਟੇਲ ਨੂੰ ਬਾਅਦ ਵਿਚ ਜਸ਼ਨ ਮਨਾਉਂਦਿਆਂ ਦੇਖਿਆ ਗਿਆ। ਪੁਲਿਸ ਨੇ ਦੱਸਿਆ ਕਿ ਸਟੋਰ ਦੀ ਸੀ.ਸੀ.ਟੀ.ਵੀ. ਵੀਡੀਓ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਸਟੋਰ ਕਲਰਕ ਨੇ ਕੂੜੇ ਵਿਚੋਂ ਲਾਟਰੀ ਟਿਕਟ ਕੱਢੀ ਅਤੇ ਆਪਣੀ ਜੇਬ ਵਿਚ ਪਾ ਲਈ ਪਰ ਜਦੋਂ ਉਹ 10 ਲੱਖ ਡਾਲਰ ਦੇ ਇਨਾਮ ਦਾ ਦਾਅਵਾ ਕਰਨ ਪੁੱਜਾ ਤਾਂ ਘਿਰ ਗਿਆ। ਮੀਰ ਪਟੇਲ ਨਹੀਂ ਜਾਣਦਾ ਸੀ ਕਿ ਲਾਟਰੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਵੱਡੇ ਇਨਾਮ ਦੇ ਜੇਤੂਆਂ ਬਾਰੇ ਪੂਰੀ ਜਾਣਕਾਰੀ ਇਕੱਤਰ ਕੀਤੀ ਜਾਂਦੀ ਹੈ ਅਤੇ ਇਹ ਵੀ ਦੇਖਿਆ ਜਾਂਦਾ ਹੈ ਕਿ ਉਨ੍ਹਾਂ ਨੇ ਟਿਕਟ ਕਿਹੜੇ ਸਟੋਰ ਤੋਂ ਖਰੀਦੀ। ਮੀਰ ਪਟੇਲ ਨੂੰ ਤੁਰਤ ਗ੍ਰਿਫ਼ਤਾਰ ਕਰ ਕੇ ਜੇਲ ਭੇਜ ਦਿਤਾ ਗਿਆ ਅਤੇ ਉਸ ਵਿਰੁੱਧ ਢਾਈ ਲੱਖ ਡਾਲਰ ਤੋਂ ਵੱਧ ਰਕਮ ਦੀ ਚੋਰੀ ਦੇ ਦੋਸ਼ ਆਇਦ ਕੀਤੇ ਗਏ ਸਨ। ਅਦਾਲਤ ਵਿਚ ਉਸ ਦੀ ਅਗਲੀ ਪੇਸ਼ੀ 30 ਜੁਲਾਈ ਨੂੰ ਹੋਵੇਗੀ ਅਤੇ ਜ਼ਮਾਨਤ ਵਾਸਤੇ ਇਕ ਲੱਖ ਡਾਲਰ ਦੇ ਮੁਚਲਕੇ ਦੀ ਸ਼ਰਤ ਰੱਖੀ ਗਈ ਹੈ। ਦੂਜੇ ਪਾਸੇ ਲਾਟਰੀ ਇਨਾਮ ਜੇਤੂ ਲਾਟਰੀ ਟਿਕਟ ਅਸਲ ਮਾਲਕ ਨੂੰ ਸੌਂਪ ਦਿਤੀ ਗਈ।


Tags:    

Similar News