ਬਰਤਾਨਵੀ ਫੌਜ ਵਿਚ ਸਿੱਖ ਰੈਜੀਮੈਂਟ ਬਣਾਉਣ ਦੀਆਂ ਤਿਆਰੀਆਂ
ਬਰਤਾਨਵੀ ਫੌਜ ਵਿਚ ਸਿੱਖ ਰੈਜੀਮੈਂਟ ਕਾਇਮ ਕਰਨ ਦੀਆਂ ਤਿਆਰੀਆਂ ਆਰੰਭ ਹੋ ਚੁੱਕੀਆਂ ਹਨ
ਲੰਡਨ : ਬਰਤਾਨਵੀ ਫੌਜ ਵਿਚ ਸਿੱਖ ਰੈਜੀਮੈਂਟ ਕਾਇਮ ਕਰਨ ਦੀਆਂ ਤਿਆਰੀਆਂ ਆਰੰਭ ਹੋ ਚੁੱਕੀਆਂ ਹਨ। ਜੀ ਹਾਂ, ਹਾਊਸ ਆਫ਼ ਲਾਰਡਜ਼ ਵਿਚ ਲੇਬਰ ਪਾਰਟੀ ਦੇ ਮੈਂਬਰ ਕੁਲਦੀਪ ਸਿੰਘ ਸਹੋਤਾ ਨੇ ਸਿੱਖ ਰੈਜੀਮੈਂਟ ਦੀ ਸਥਾਪਨਾ ਦਾ ਮੁੱਦਾ ਸਦਨ ਵਿਚ ਉਠਾਇਆ ਤਾਂ ਰੱਖਿਆ ਮੰਤਰੀ ਵਰਨਲ ਰੌਡਨੀ ਕੋਕਰ ਵੱਲੋਂ ਤਜਵੀਜ਼ ਉਤੇ ਵਿਚਾਰ ਕਰਨ ਦੀ ਇੱਛਾ ਜ਼ਾਹਰ ਕੀਤੀ ਗਈ। 2019 ਵਿਚ 130 ਸਿੱਖ ਬਰਤਾਨਵੀ ਫੌਜ ਵਿਚ ਸੇਵਾਵਾਂ ਨਿਭਾਅ ਰਹੇ ਸਨ ਅਤੇ 2024 ਵਿਚ ਇਨ੍ਹਾਂ ਦੀ ਗਿਣਤੀ ਵਧ ਕੇ 160 ਹੋ ਗਈ। ਲੌਰਡ ਕੁਲਦੀਪ ਸਿੰਘ ਸਹੋਤਾ ਵੱਲੋਂ ਦੋਹਾਂ ਆਲਮੀ ਜੰਗਾਂ ਦੌਰਾਨ ਸਿੱਖ ਫੌਜੀਆਂ ਵੱਲੋਂ ਪਾਏ ਯੋਗਦਾਨ ਦਾ ਜ਼ਿਕਰ ਕੀਤਾ ਗਿਆ ਅਤੇ ਗੋਰਖਾ ਬ੍ਰਿਗੇਡ ਦੀ ਤਰਜ਼ ’ਤੇ ਸਿੱਖ ਰੈਜੀਮੈਂਟ ਦੀ ਨੀਂਹ ਰੱਖੀ ਜਾ ਸਕਦੀ ਹੈ। ਰੱਖਿਆ ਮੰਤਰੀ ਨੇ ਸੰਸਦ ਵਿਚ ਉਠੇ ਮੁੱਦੇ ’ਤੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਕਿਹਾ ਕਿ ਉਹ ਲੌਰਡ ਸਹੋਤਾ ਨਾਲ ਮੁਲਾਕਾਤ ਕਰਨਗੇ ਅਤੇ ਆਉਂਦੀ 15 ਅਗਸਤ ਨੂੰ ਵਿਕਟਰੀ ਓਵਰ ਜਾਪਾਨ ਦਿਹਾੜੇ ਮੌਕੇ ਸਿੱਖ ਫੌਜੀਆਂ ਦਾ ਯੋਗਦਾਨ ਵੀ ਖਾਸ ਤੌਰ ’ਤੇ ਯਾਦ ਕੀਤਾ ਜਾਵੇਗਾ।
ਲੌਰਡ ਕੁਲਦੀਪ ਸਿੰਘ ਸਹੋਤਾ ਨੇ ਸੰਸਦ ਵਿਚ ਉਠਾਇਆ ਮੁੱਦਾ
ਬਰਤਾਨੀਆ ਦੇ ਰੱਖਿਆ ਮੰਤਰਾਲੇ ਵੱਲੋਂ ਪ੍ਰਕਾਸ਼ਤ ਰਸਾਲੇ ਮੁਤਾਬਕ ਦੂਜੀ ਆਲਮੀ ਜੰਗ ਦੌਰਾਨ ਜਾਪਾਨੀ ਫੌਜ ਦੇ ਸਰੰਡਰ ਵਿਚ ਸਿੱਖਾਂ ਨੇ ਅਹਿਮ ਰੋਲ ਅਦਾ ਕੀਤਾ ਅਤੇ ਇਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਥੇ ਦਸਣਾ ਬਣਦਾ ਹੈ ਕਿ ਬਰਤਾਨਵੀ ਫੌਜ ਵਿਚ ਸਿੱਖ ਰੈਜੀਮੈਂਟ ਦਾ ਮੁੱਦਾ ਪਹਿਲਾਂ ਵੀ ਸੁਰਖੀਆਂ ਵਿਚ ਰਹਿ ਚੁੱਕਾ ਹੈ। 2015 ਵਿਚ ਉਸ ਵੇਲੇ ਦੇ ਰੱਖਿਆ ਮੰਤਰੀ ਮਾਰਕ ਫਰਾਂਸਵਾ ਨੇ ਹਾਊਸ ਆਫ਼ ਕਾਮਨਜ਼ ਨੂੰ ਦੱਸਿਆ ਸੀ ਕਿ ਫੌਜ ਮੁਖੀ ਜਨਰਲ ਨਿਕੋਲਸ ਕਾਰਟਰ ਇਕ ਸਿੱਖ ਯੂਨਿਟ ਬਣਾਉਣ ’ਤੇ ਵਿਚਾਰ ਕਰ ਰਹੇ ਹਨ। ਫਰਾਂਸਵਾ ਮੁਤਾਬਕ ਉਸ ਵੇਲੇ ਕਹੀ ਸੰਸਦ ਮੈਂਬਰਾਂ ਵੱਲੋਂ ਇਹ ਤਜਵੀਜ਼ ਦਾ ਸਵਾਗਤ ਕੀਤਾ ਗਿਆ ਪਰ ਸਮੇਂ ਦੇ ਨਾਲ ਸਰਗਰਮੀਆਂ ਤੇਜ਼ੀ ਨਾਲ ਅੱਗੇ ਨਾ ਵਧ ਸਕੀਆਂ। ਸਾਬਕਾ ਰੱਖਿਆ ਮੰਤਰੀ ਸਰ ਨਿਕੋਲਸ ਸੋਮਜ਼ ਨੇ ਵੀ ਇਸ ਤਜਵੀਜ਼ ਦੀ ਹਮਾਇਤ ਕਰਦਿਆਂ ਕਿਹਾ ਸੀ ਕਿ ਸਿਆਸੀ ਰਸਮਾਂ ਨੂੰ ਇਕ ਪਾਸੇ ਰਖਦਿਆਂ ਸਿੱਖ ਰੈਜੀਮੈਂਟ ਜਲਦ ਤੋਂ ਜਲਦ ਹੋਂਦ ਵਿਚ ਲਿਆਂਦੀ ਜਾਵੇ।
ਰੱਖਿਆ ਮੰਤਰੀ ਵੱਲੋਂ ਤਜਵੀਜ਼ ਉਤੇ ਜਲਦ ਵਿਚਾਰ ਕਰਨ ਦੀ ਸਹਿਮਤੀ
ਦੱਸ ਦੇਈਏ ਕਿ ਬਰਤਾਵਨੀ ਫੌਜ ਵਿਚ ਸਿੱਖਾਂ ਦੀ ਭਰਤੀ 19ਵੀਂ ਸਦੀ ਵਿਚ ਸ਼ੁਰੂ ਹੋਈ। ਫੌਜ ਨੂੰ ਮਜ਼ਬੂਤੀ ਦੇਣ ਲਈ ਜਾਤ, ਧਰਮ ਅਤੇ ਖੇਤਰ ਦੇ ਆਧਾਰ ’ਤੇ ਰੈਜੀਮੈਂਟਸ ਬਣਾਈਆਂ ਗਈਆਂ। ਪਹਿਲੀ ਆਲਮੀ ਜੰਗ ਦੌਰਾਨ ਇਕ ਲੱਖ ਤੋਂ ਵੱਧ ਸਿੱਖ ਫੌਜੀ ਸ਼ਾਮਲ ਹੋਏ ਜਿਨ੍ਹਾਂ ਨੂੰ ਫਰਾਂਸ ਦੇ ਪੱਛਮੀ ਮੋਰਚੇ, ਪੂਰਬੀ ਅਫਰੀਕਾ, ਮੈਸਪੋਟਾਮੀਆ, ਗੈਲੀਪੋਲੀ ਅਤੇ ਹੋਰਨਾਂ ਜੰਗੀ ਇਲਾਕਿਆਂ ਵਿਚ ਤੈਨਾਤ ਕੀਤਾ ਗਿਆ। ਭਾਰਤ ਦੀ ਆਬਾਦੀ ਦਾ ਸਿਰਫ਼ 2 ਫੀ ਸਦੀ ਹਿੱਸਾ ਹੋਣ ਦੇ ਬਾਵਜੂਦ ਬ੍ਰਿਟਿਸ਼ ਫੌਜ ਵਿਚ ਸਿੱਖਾਂ ਦੀ ਗਿਣਤੀ 20 ਫੀ ਸਦੀ ਤੱਕ ਪੁੱਜ ਗਈ।