ਪੋਪ ਫਰਾਂਸਿਸ ਦਾ ਅੰਤਮ ਸਸਕਾਰ 26 ਅਪ੍ਰੈਲ ਨੂੰ
ਈਸਾਈ ਧਰਮ ਦੇ ਆਗੂ ਪੋਪ ਫਰਾਂਸਿਸ ਦੇ ਅੰਤਮ ਸਸਕਾਰ ਦੀ ਤਿਆਰੀ ਅੱਜ ਕਾਰਡੀਨਲਜ਼ ਦੀ ਮੀਟਿੰਗ ਨਾਲ ਸ਼ੁਰੂ ਹੋ ਰਹੀ ਹੈ
ਵੈਟੀਕਨ ਸਿਟੀ : ਈਸਾਈ ਧਰਮ ਦੇ ਆਗੂ ਪੋਪ ਫਰਾਂਸਿਸ ਦੇ ਅੰਤਮ ਸਸਕਾਰ ਦੀ ਤਿਆਰੀ ਅੱਜ ਕਾਰਡੀਨਲਜ਼ ਦੀ ਮੀਟਿੰਗ ਨਾਲ ਸ਼ੁਰੂ ਹੋ ਰਹੀ ਹੈ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਅੰਤਮ ਰਸਮਾਂ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਚੁੱਕੇ ਹਨ। ਇਸੇ ਦੌਰਾਨ ਵੈਟੀਕਨ ਨੇ ਪੋਪ ਫਰਾਂਸਿਸ ਦੇ ਦਿਹਾਂਤ ਤੋਂ ਬਾਅਦ ਪਹਿਲੀ ਤਸਵੀਰ ਜਾਰੀ ਕਰ ਦਿਤੀ ਜਿਸ ਵਿਚ ਉਨ੍ਹਾਂ ਦੀ ਦੇਹ ਨੂੰ ਤਾਬੂਤ ਵਿਚ ਰੱਖਿਆ ਗਿਆ ਹੈ।
ਵੈਟੀਕਨ ਵਿਖੇ ਨਹੀਂ ਦਫ਼ਨਾਇਆ ਜਾਵੇਗਾ
ਦੱਸਿਆ ਜਾ ਰਿਹਾ ਹੈ ਕਿ ਪੋਪ ਨੂੰ ਵੈਟੀਕਨ ਵਿਖੇ ਨਹੀਂ ਦਫ਼ਨਾਇਆ ਜਾਵੇਗਾ ਅਤੇ ਪਿਛਲੇ 125 ਸਾਲ ਦੇ ਇਤਿਹਾਸ ਵਿਚ ਵੈਟੀਕਨ ਤੋਂ ਬਾਹਰ ਦਫਨਾਏ ਜਾਣ ਵਾਲੇ ਪਹਿਲੇ ਪੋਪ ਹੋਣਗੇ। ਆਮ ਤੌਰ ’ਤੇ ਪੋਪ ਨੂੰ ਵੈਟੀਕਨ ਸਿਟੀ ਵਿਚ ਸੇਂਟ ਪੀਟਰਜ਼ ਬੈਸੀਲਿਕਾ ਹੇਠਲੀਆਂ ਗੁਫਾਵਾਂ ਵਿਚ ਦਫਨਾਇਆ ਜਾਂਦਾ ਹੈ ਪਰ ਪੋਪ ਫਰਾਂਸਿਸ ਨੂੰ ਰੋਮ ਦੀ ਟਾਈਬਰ ਨਦੀ ਨੇੜੇ ਸੈਂਟਾ ਮਾਰੀਆ ਮੈਗੀਗੋਰ ਬੈਸੀਲਿਕਾ ਵਿਖੇ ਦਫਨਾਇਆ ਜਾਣਾ ਹੈ। ਪੋਪ ਨੇ ਆਪਣੇ ਜਿਊਂਦੇ ਜੀਅ ਆਪਣੀਆਂ ਅੰਤਮ ਰਸਮਾਂ ਵਾਲਾ ਜਗ੍ਹਾ ਤੈਅ ਕਰ ਦਿਤੀ ਸੀ। ਇਸ ਜਗ੍ਹਾ ’ਤੇ 7 ਹੋਰ ਪੋਪ ਵੀ ਦਫਨਾਏ ਜਾ ਚੁੱਕੇ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਭਾਰਤੀ ਸਮੇਂ ਮੁਤਾਬਕ ਸੋਮਵਾਰ ਰਾਤ ਪੋਪ ਦੀ ਦੇਹ ਵੈਟੀਕਨ ਦੇ ਸੇਂਟ ਮਾਰਥਾ ਨਿਵਾਸ ਵਿਚ ਰੱਖੀ ਗਈ ਅਤੇ ਬੁੱਧਵਾਰ ਨੂੰ ਸੇਂਟ ਪੀਟਰਜ਼ ਬੈਸੀਲਿਕਾ ਵਿਖੇ ਸ਼ਰਧਾਂਜਲੀਆਂ ਵਾਸਤੇ ਲਿਜਾਈ ਜਾ ਸਕਦੀ ਹੈ।
ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਹੋਣਗੇ ਸ਼ਾਮਲ
ਫਿਲਹਾਲ ਅੰਤਮ ਸਸਕਾਰ ਦਾ ਦਿਨ ਤੈਅ ਨਹੀਂ ਕੀਤਾ ਗਿਆ ਅਤੇ ਕਈ ਦਿਨ ਤੱਕ ਧਾਰਮਿਕ ਰੀਤ ਰਵਾਜ ਜਾਰੀ ਰਹਿ ਸਕਦੇ ਹਨ। ਇਥੇ ਦਸਣਾ ਬਣਦਾ ਹੈ ਕਿ ਨਵੇਂ ਪੋਪ ਦੀ ਚੋਣ ਪ੍ਰਕਿਰਿਆ ਨੂੰ ਪੈਪਲ ਕੌਨਕਲੇਵ ਆਖਿਆ ਜਾਂਦਾ ਹੈ ਅਤੇ ਇਸ ਦੌਰਾਨ ਕਾਰਡੀਨਲਜ਼ ਦੀ ਗੁਪਤ ਮੀਟਿੰਗ ਹੁੰਦੀ ਹੈ। ਈਸਾਈ ਧਰਮ ਵਿਚ ਪੋਪ ਤੋਂ ਬਾਅਦ ਦੂਜਾ ਸਭ ਤੋਂ ਉਚਾ ਰੁਤਬਾ ਕਾਰਡੀਨਲਜ਼ ਦਾ ਹੁੰਦਾ ਹੈ ਜੋ ਯੂਰਪ ਸਣੇ ਦੁਨੀਆਂ ਦੇ ਵੱਖ ਵੱਖ ਮੁਲਕਾਂ ਵਿਚ ਮੌਜੂਦ ਹੁੰਦੇ ਹਨ। ਆਖਰੀ ਵਾਰ 1379 ਵਿਚ ਪੋਪ ਅਰਬਨ ਛੇਵੇਂ ਦੀ ਚੋਣ ਕਾਰਡੀਨਲਜ਼ ਵੱਲੋਂ ਨਹੀਂ ਸੀ ਕੀਤੀ ਗਈ।