ਅਮਰੀਕਾ ਦੇ ਐਟਲਾਂਟਾ ਹਵਾਈ ਅੱਡੇ ’ਤੇ ਜਹਾਜ਼ ਦਾ ਟਾਇਰ ਫਟਿਆ, 2 ਹਲਾਕ

ਅਮਰੀਕਾ ਦੇ ਐਟਲਾਂਟਾ ਹਵਾਈ ਅੱਡੇ ’ਤੇ ਜਹਾਜ਼ ਦਾ ਟਾਇਰ ਫਟਣ ਕਾਰਨ ਡੈਲਟਾ ਏਅਰਲਾਈਨਜ਼ ਦੇ ਦੋ ਮੁਲਾਜ਼ਮਾਂ ਦੀ ਮੌਤ ਹੋ ਗਈ ਜਦਕਿ ਤੀਜਾ ਗੰਭੀਰ ਜ਼ਖਮੀ ਹੋ ਗਿਆ।

Update: 2024-08-28 11:28 GMT

ਐਟਲਾਂਟਾ : ਅਮਰੀਕਾ ਦੇ ਐਟਲਾਂਟਾ ਹਵਾਈ ਅੱਡੇ ’ਤੇ ਜਹਾਜ਼ ਦਾ ਟਾਇਰ ਫਟਣ ਕਾਰਨ ਡੈਲਟਾ ਏਅਰਲਾਈਨਜ਼ ਦੇ ਦੋ ਮੁਲਾਜ਼ਮਾਂ ਦੀ ਮੌਤ ਹੋ ਗਈ ਜਦਕਿ ਤੀਜਾ ਗੰਭੀਰ ਜ਼ਖਮੀ ਹੋ ਗਿਆ। ਹਾਦਸਾ ਬੋਇੰਗ 757 ਜਹਾਜ਼ ਨਾਲ ਵਾਪਰਿਆ ਜੋ ਐਤਵਾਰ ਰਾਤ ਲਾਸ ਵੇਗਸ ਤੋਂ ਪਰਤਿਆ ਸੀ ਅਤੇ ਰੱਖ ਰਖਾਅ ਦੇ ਕੰਮ ਦੌਰਾਨ ਅਚਾਨਕ ਟਾਇਰ ਫਟ ਗਿਆ। ਦੱਸ ਦੇਈਏ ਕਿ ਕੁਝ ਮਹੀਨੇ ਪਹਿਲਾਂ ਐਟਲਾਂਟਾ ਹਵਾਈ ਅੱਡੇ ਤੋਂ ਹੀ ਟੇਕਔਫ ਕਰਦਿਆਂ ਡੈਲਟਾ ਏਅਰਲਾਈਨਜ਼ ਦੇ ਜਹਾਜ਼ ਦਾ ਪਹੀਆ ਖੁੱਲ੍ਹ ਕੇ ਡਿੱਗ ਗਿਆ ਸੀ। ਫਲਾਈਟ ਰਾਡਾਰ ਦੇ ਅੰਕੜਿਆਂ ਮੁਤਾਬਕ ਬੋਇੰਗ 757 ਵੱਲੋਂ ਐਤਵਾਰ ਨੂੰ ਟੈਂਪਾ, ਐਟਲਾਂਟਾ ਅਤੇ ਲਾਸ ਵੇਗਸ ਦਰਮਿਆਨ ਚਾਰ ਗੇੜੇ ਲਾਏ ਗਏ। ਡੈਲਟਾ ਟੈਕਆਪ੍ਰੇਸ਼ਨਜ਼ ਦੇ ਮੁਖੀ ਜੌਹਨ ਲੌਫਟਰ ਨੇ ਇਸ ਤਰਾਸਦੀ ਨੂੰ ਝੰਜੋੜਨ ਵਾਲੀ ਕਰਾਰ ਦਿਤਾ।

ਡੈਲਟਾ ਏਅਰਲਾਈਨਜ਼ ਦੇ ਬੋਇੰਗ 757 ਨਾਲ ਵਾਪਰਿਆ ਹਾਦਸਾ

ਉਨ੍ਹਾਂ ਕਿਹਾ ਕਿ ਵ੍ਹੀਲ ਐਡੀ ਬਰੇਕ ਸ਼ੌਪ ’ਤੇ ਮੰਗਲਵਾਰ ਸਵੇਰੇ ਵਾਪਰੀ ਘਟਨਾ ’ਤੇ ਬੇਹੱਦ ਅਫਸੋਸ ਹੈ। ਭਾਵੇਂ ਜਹਾਜ਼ਾਂ ਦਾ ਰੱਖ ਰਖਾਅ ਅਹਿਮ ਜ਼ਿੰਮੇਵਾਰੀ ਹੈ ਪਰ ਇਸ ਦੇ ਨਾਲ ਹੀ ਮੁਲਾਜ਼ਮਾਂ ਦੀ ਸੁਰੱਖਿਆ ਦਾ ਖਿਆਲ ਰੱਖਣਾ ਵੀ ਸਾਡਾ ਫਰਜ਼ ਬਣਦਾ ਹੈ। ਇਸੇ ਦੌਰਾਨ ਡੈਲਟਾ ਏਅਰਲਾਈਨਜ਼ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਪੀੜਤ ਪਰਵਾਰਾਂ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ। ਇਥੇ ਦਸਣਾ ਬਣਦਾ ਹੈ ਕਿ ਹਾਦਸੇ ਕਾਰਨ ਐਟਲਾਂਟਾ ਹਵਾਈ ਅੱਡੇ ’ਤੇ ਫਲਾਈਟਸ ਦੀ ਆਵਾਜਾਈ ਉਤੇ ਕੋਈ ਅਸਰ ਨਹੀਂ ਪਿਆ। ਡੈਲਟਾ ਵੱਲੋਂ ਮਾਮਲੇ ਦੀ ਪੜਤਾਲ ਵਿਚ ਸਥਾਨਕ ਪ੍ਰਸ਼ਾਸਨ ਦਾ ਪੂਰਨ ਸਹਿਯੋਗ ਕਰਨ ਦਾ ਯਕੀਨ ਦਿਵਾਇਆ ਗਿਆ ਹੈ। ਐਟਲਾਂਟਾ ਦੇ ਮੇਅਰ ਆਂਦਰੇ ਡਿਕਨਜ਼ ਨੇ ਇਕ ਬਿਆਨ ਜਾਰੀ ਕਰਦਿਆਂ ਮ੍ਰਿਤਕਾਂ ਦੇ ਪਰਵਾਰਾ ਨਾਲ ਦੁੱਖ ਸਾਂਝਾ ਕੀਤਾ। ਪਿਛਲੇ ਸਮੇਂ ਦੌਰਾਨ ਹਵਾਈ ਜਹਾਜ਼ਾਂ ਨਾਲ ਵਾਪਰੇ ਹੈਰਾਨਕੁੰਨ ਹਾਦਸਿਆਂ ਵਿਚ ਅਲਾਸਕਾ ਏਅਰਲਾਈਨਜ਼ ਦੇ ਉਡਦੇ ਜਹਾਜ਼ ਦਾ ਦਰਵਾਜ਼ਾ ਖੁੱਲ੍ਹ ਕੇ ਡਿੱਗਣਾ ਅਤੇ ਓਕਲਾਹੋਮਾ ਵਿਖੇ ਬੋਇੰਗ 737 ਦਾ ਹਵਾਈ ਪੱਟੀ ਤੋਂ ਤਿਲਕ ਜਾਣਾ ਸ਼ਾਮਲ ਹਨ। 

Tags:    

Similar News