ਇਸ ਖ਼ਤਰਨਾਕ ਬਾਰਡਰ ’ਤੇ ਰਹੱਸਮਈ ਤਰੀਕੇ ਨਾਲ ਗ਼ਾਇਬ ਹੋ ਜਾਂਦੇ ਨੇ ਲੋਕ

ਸਾਲ 2021 ਵਿਚ ਰਿਕਾਰਡ 728 ਅਤੇ ਫਿਰ ਸਾਲ 2022 ਦੇ ਸੱਤ ਮਹੀਨਿਆਂ ਦੇ ਅੰਦਰ ਹੀ ਇੱਥੇ 412 ਲੋਕਾਂ ਦੀ ਜਾਨ ਜਾ ਚੁੱਕੀ ਐ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਐ ਕਿ ਇਹ ਮੌਤਾਂ ਕਿਸੇ ਗੋਲੀ ਲੱਗਣ ਨਾਲ ਨਹੀਂ ਹੋਈਆਂ ਬਲਕਿ ਇਨ੍ਹਾਂ ਮੌਤਾਂ ਦੇ ਕਾਰਨ ਵੱਖੋ ਵੱਖਰੇ ਸਨ।

Update: 2024-06-21 11:05 GMT

ਮੈਕਸੀਕੋ : ਫਿਲਸਤੀਨ ਅਤੇ ਇਜ਼ਰਾਇਲ ਵਿਚਕਾਰ ਬਣੇ ਗਾਜ਼ਾ ਪੱਟੀ ਬਾਰਡਰ ਨੂੰ ਵਿਸ਼ਵ ਦਾ ਸਭ ਤੋਂ ਸੰਵੇਦਨਸ਼ੀਲ ਬਾਰਡਰ ਮੰਨਿਆ ਜਾਂਦੈ, ਜਿੱਥੇ ਰੋਜ਼ਾਨਾ ਕਈ ਕਈ ਵਾਰ ਗੋਲੀਬਾਰੀ ਹੁੰਦੀ ਰਹਿੰਦੀ ਐ ਅਤੇ ਇਸ ਗੋਲੀਬਾਰੀ ਵਿਚ ਮੌਤਾਂ ਵੀ ਹੁੰਦੀਆਂ ਰਹਿੰਦੀਆਂ ਨੇ ਪਰ ਕੀ ਤੁਸੀਂ ਜਾਣਦੇ ਹੋ ਕਿ ਵਿਸ਼ਵ ਵਿਚ ਇਕ ਅਜਿਹਾ ਖ਼ਤਰਨਾਕ ਬਾਰਡਰ ਵੀ ਮੌਜੂਦ ਐ, ਜਿੱਥੇ ਬਿਨਾਂ ਗੋਲੀ ਚੱਲੇ ਹੀ ਸਾਲ ਵਿਚ ਹਜ਼ਾਰਾਂ ਮੌਤਾਂ ਹੋ ਜਾਂਦੀਆਂ ਨੇ। ਸੋ ਆਓ ਤੁਹਾਨੂੰ ਅਜਿਹੇ ਖ਼ਤਰਨਾਕ ਬਾਰਡਰ ਬਾਰੇ ਦੱਸਦੇ ਆਂ, ਜਿੱਥੇ ਬਿਨਾਂ ਗੋਲੀ ਚੱਲੇ ਹੀ 4000 ਲੋਕਾਂ ਦੀ ਮੌਤ ਹੋ ਗਈ ਅਤੇ ਕੁੱਝ ਲੋਕ ਤਾਂ ਰਹੱਸਮਈ ਤਰੀਕੇ ਨਾਲ ਗਾਇਬ ਹੀ ਹੋ ਗਏ, ਜਿਨ੍ਹਾਂ ਦਾ ਅੱਜ ਤੱਕ ਕੁੱਝ ਪਤਾ ਨਹੀਂ ਚੱਲ ਸਕਿਆ।

ਅਮਰੀਕਾ ਅਤੇ ਮੈਕਸੀਕੋ ਦੇ ਬਾਰਡਰ ਬਾਰੇ ਤਾਂ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਵੇਗਾ ਜੋ ਅਕਸਰ ਹੀ ਅਮਰੀਕਾ ਜਾਣ ਲਈ ਡੌਂਕੀ ਲਗਾਏ ਜਾਣ ਦੀਆਂ ਖ਼ਬਰਾਂ ਨਾਲ ਕਾਫ਼ੀ ਚਰਚਾ ਵਿਚ ਰਹਿੰਦਾ ਏ। ਅਮਰੀਕਾ ਅਤੇ ਮੈਕਸੀਕੋ ਦਾ ਇਹ ਬਾਰਡਰ ਕਰੀਬ 3145 ਕਿਲੋਮੀਟਰ ਲੰਬਾ ਏ। ਯੂਨਾਇਟਡ ਨੇਸ਼ਨਜ਼ ਦੀ ਇਕ ਰਿਪੋਰਟ ਮੁਤਾਬਕ ਸਾਲ 2021 ਵਿਚ ਇੱਥੇ ਸਭ ਤੋਂ ਜ਼ਿਆਦਾ ਮੌਤਾਂ ਦਰਜ ਹੋਈਆਂ। ਇਸ ਤੋਂ ਪਹਿਲਾਂ ਸਾਲ 2014 ਵਿਚ ਮੌਤਾਂ ਦਾ ਇਹ ਰਿਕਾਰਡ ਸਭ ਤੋਂ ਉਪਰ ਸੀ। ਸਾਲ 2014 ਦੇ ਬਾਅਦ ਤੋਂ ਹੁਣ ਤੱਕ ਇੱਥੇ 4 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਐ।

ਸਾਲ 2021 ਵਿਚ ਰਿਕਾਰਡ 728 ਅਤੇ ਫਿਰ ਸਾਲ 2022 ਦੇ ਸੱਤ ਮਹੀਨਿਆਂ ਦੇ ਅੰਦਰ ਹੀ ਇੱਥੇ 412 ਲੋਕਾਂ ਦੀ ਜਾਨ ਜਾ ਚੁੱਕੀ ਐ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਐ ਕਿ ਇਹ ਮੌਤਾਂ ਕਿਸੇ ਗੋਲੀ ਲੱਗਣ ਨਾਲ ਨਹੀਂ ਹੋਈਆਂ ਬਲਕਿ ਇਨ੍ਹਾਂ ਮੌਤਾਂ ਦੇ ਕਾਰਨ ਵੱਖੋ ਵੱਖਰੇ ਸਨ। ਜੂਨ ਇੱਥੇ ਚੌਥਾ ਸਭ ਤੋਂ ਖ਼ਤਰਨਾਕ ਮਹੀਨਾ ਹੁੰਦੈ, ਇਸ ਮਹੀਨੇ ਵਿਚ ਇੱਥੇ ਲਾਸ਼ਾਂ ਦੇ ਅੰਬਾਰ ਲੱਗ ਜਾਂਦੇ ਨੇ। ਇਸ ਸਾਲ ਜੂਨ ਮਹੀਨੇ ਵਿਚ ਇੱਥੇ 138 ਲੋਕਾਂ ਦੀ ਜਾਨ ਜਾ ਚੁੱਕੀ ਐ, ਇਨ੍ਹਾਂ ਵਿਚੋਂ ਜ਼ਿਆਦਾਤਰ ਦੀ ਮੌਤ ਜਾਂ ਤਾਂ ਡੁੱਬਣ ਨਾਲ ਹੋਈ ਜਾਂ ਫਿਰ ਡੀ ਹਾਈਡ੍ਰੇਸ਼ਨ ਕਰਕੇ।

ਦਰਅਸਲ ਲੋਕ ਗ਼ੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਦਾਖ਼ਲੇ ਲਈ ਆਪਣੀ ਜ਼ਿੰਦਗੀ ਖ਼ਤਰੇ ਵਿਚ ਪਾ ਕੇ ਇਸ ਖ਼ਤਰਨਾਕ ਬਾਰਡਰ ਦੀ ਵਰਤੋਂ ਕਰਦੇ ਨੇ। ਮਾਹਿਰਾਂ ਮੁਤਾਬਕ ਇੱਥੋਂ ਦਾ ਸਫ਼ਰ ਆਪਣੇ ਆਪ ਵਿਚ ਬਹੁਤ ਜ਼ਿਆਦਾ ਖ਼ਤਰਨਾਕ ਹੁੰਦੈ। ਸ਼ਰਨਾਰਥੀਆਂ ਨੂੰ ਪਤਾ ਹੁੰਦੈ ਕਿ ਨਦੀ ਨੂੰ ਪਾਰ ਕਰਨਾ ਖ਼ਤਰੇ ਤੋਂ ਖਾਲੀ ਨਹੀਂ, ਪਹਾੜ ਚੜ੍ਹਨਾ ਜਾਂ ਜੰਗਲਾਂ ਵਿਚੋਂ ਲੰਘਣਾ ਆਪਣੀ ਜਾਨ ਨੂੰ ਖ਼ਤਰੇ ਵਿਚ ਪਾਉਣਾ ਹੁੰਦਾ ਏ ਪਰ ਇਹ ਸਭ ਕੁੱਝ ਜਾਣਦੇ ਹੋਏ ਲੋਕ ਅਮਰੀਕਾ ਵਿਚ ਇਕ ਬਿਹਤਰ ਜ਼ਿੰਦਗੀ ਜਿਉਣ ਦਾ ਸੁਪਨਾ ਲੈਕੇ ਇਹ ਵੱਡਾ ਖ਼ਤਰਾ ਮੁੱਲ ਲੈਣ ਤੋਂ ਵੀ ਪਿੱਛੇ ਨਹੀਂ ਹਟਦੇ, ਜਿਸ ਕਾਰਨ ਜ਼ਿਆਦਾਤਰ ਲੋਕਾਂ ਨੂੰ ਆਪਣੀ ਜਾਨ ਤੋਂ ਵੀ ਹੱਥ ਧੋਣੇ ਪੈ ਜਾਂਦੇ ਨੇ।

ਹੁਣ ਵੀ ਅਮਰੀਕੀ ਸੂਬੇ ਟੈਕਸਸ ਦੇ ਈਗਲ ਪਾਸ ਵਿਚ ਬੇਹੱਦ ਖ਼ਤਰਨਾਕ ਸਰਹੱਦ ਨੂੰ ਪਾਰ ਕਰਨ ਦੀ ਕੋਸ਼ਿਸ਼ ਵਿਚ ਰਿਓ ਗ੍ਰਾਂਡੇ ਵਿਚ ਘੱਟੋ ਘੱਟ 9 ਸ਼ਰਨਾਰਥੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ। ਅਮਰੀਕਾ ਦੇ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਅਤੇ ਮੈਕਸੀਕੋ ਦੇ ਅਧਿਕਾਰੀਆਂ ਦਾ ਕਹਿਣਾ ਏ ਕਿ ਵੱਡੀ ਗਿਣਤੀ ਵਿਚ ਲੋਕਾਂ ਦੇ ਇਸ ਜਥੇ ਨੇ ਭਾਰੀ ਮੀਂਹ ਦੌਰਾਨ ਇਸ ਇਲਾਕੇ ਵਿਚੋਂ ਲੰਘਣ ਵਾਲੀ ਇਕ ਨਦੀ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਦੌਰਾਨ ਇਨ੍ਹਾਂ ਦੀ ਨਦੀ ਵਿਚ ਡੁੱਬਣ ਕਾਰਨ ਮੌਤ ਹੋ ਗਈ।

ਇਸ ਖ਼ਤਰਨਾਕ ਸਰਹੱਦ ’ਤੇ ਡੇਲ ਰਿਓ ਸੈਕਟਰ ਗ਼ੈਰਕਾਨੂੰਨੀ ਰੂਪ ਨਾਲ ਸਰਹੱਦ ਪਾਰ ਕਰਨ ਦਾ ਸਭ ਤੋਂ ਰੁਝੇਂਵਿਆਂ ਭਰਿਆ ਸਥਾਨ ਬਣ ਗਿਆ ਏ, ਜਿਸ ਵਿਚ ਈਗਲ ਪਾਸ ਵੀ ਸ਼ਾਮਲ ਐ। ਇਹ ਖੇਤਰ ਜਲਦ ਹੀ ਟੈਕਸਾਸ ਦੇ ਰਿਓ ਗ੍ਰਾਂਡੇ ਵੈਲੀ ਨੂੰ ਵੀ ਪਿੱਛੇ ਛੱਡ ਸਕਦਾ ਏ ਜੋ ਪਿਛਲੇ ਇਕ ਦਹਾਕੇ ਤੋਂ ਗ਼ੈਰ ਕਾਨੂੰਨੀ ਰੂਪ ਨਾਲ ਸਰਹੱਦ ਪਾਰ ਕਰਨ ਦਾ ਸਭ ਤੋਂ ਵੱਡਾ ਕੇਂਦਰ ਬਣਿਆ ਰਿਹਾ। ਸੀਬੀਪੀ ਦੇ ਮੁਤਾਬਕ ਪਿਛਲੇ ਮਹੀਨੇ ਅਕਤੂਬਰ ਤੋਂ ਜੁਲਾਈ ਤੱਕ ਇਸ ਖੇਤਰ ਵਿਚ 200 ਤੋਂ ਜ਼ਿਆਦਾ ਸ਼ਰਨਾਰਥੀਆਂ ਦੀਆਂ ਲਾਸ਼ਾਂ ਬਰਾਮਦ ਹੋ ਚੁੱਕੀਆਂ ਨੇ।

ਇਸ ਖ਼ਤਰਨਾਕ ਬਾਰਡਰ ਜ਼ਰੀਏ ਅਮਰੀਕਾ ਜਾਣ ਵਾਲਿਆਂ ਵਿਚ ਬਹੁਤ ਸਾਰੇ ਭਾਰਤੀ ਖ਼ਾਸ ਕਰਕੇ ਪੰਜਾਬੀ ਵੀ ਸ਼ਾਮਲ ਹੁੰਦੇ ਨੇ। ਇਹ ਰਸਤਾ ਇੰਨਾ ਜ਼ਿਆਦਾ ਖ਼ਤਰਨਾਕ ਐ ਕਿ ਸੈਂਕੜੇ ਲੋਕਾਂ ਦੀਆਂ ਇੱਥੋਂ ਲਾਸ਼ਾਂ ਤੱਕ ਵੀ ਨਹੀਂ ਮਿਲ ਸਕੀਆਂ। ਇਹ ਜਗ੍ਹਾ ਤੋਂ ਕਰੀਬ 400 ਕਿਲੋਮੀਟਰ ਲੰਬੀ ਨਦੀ ਰਿਓ ਗ੍ਰੈਂਡ ਲੰਘਦੀ ਐ, ਜਿਸ ਦੀ ਵਜ੍ਹਾ ਨਾਲ ਈਗਲ ਪਾਸ ਸਭ ਤੋਂ ਖ਼ਤਰਨਾਕ ਬਾਰਡਰ ਬਣ ਜਾਂਦਾ ਏ। ਇਸ ਨਦੀ ਦਾ ਵਹਾਅ ਕਦੇ ਵੀ ਬਦਲ ਜਾਂਦਾ ਏ, ਇਸ ਨੂੰ ਪਾਰ ਕਰਦਿਆਂ ਹੀ ਸ਼ਰਨਾਰਥੀਆਂ ਦੀ ਜਾਨ ਚਲੀ ਜਾਂਦੀ ਐ। ਅਕਤੂਬਰ ਤੋਂ ਜੁਲਾਈ ਤੱਕ ਇਸ ਸੈਕਟਰ ਵਿਚ 200 ਤੋਂ ਜ਼ਿਆਦਾ ਸ਼ਰਨਾਰਥੀਆਂ ਦੀਆਂ ਲਾਸ਼ਾਂ ਮਿਲ ਚੁੱਕੀਆਂ ਨੇ। ਕਈ ਵਾਰ ਤਾਂ ਲੋਕ ਗ਼ਾਇਬ ਹੋ ਜਾਂਦੇ ਨੇ ਅਤੇ ਫਿਰ ਕਦੇ ਵੀ ਨਹੀਂ ਮਿਲਦੇ।

ਡੇਲ ਰਿਓ ਸੈਕਟਰ ਤੋਂ ਜੁਲਾਈ ਮਹੀਨੇ ਵਿਚ ਕਰੀਬ 50 ਹਜ਼ਾਰ ਸ਼ਰਨਾਥੀਆਂ ਨੇ ਸਰਹੱਦ ਪਾਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ, ਜਦਕਿ ਰਿਓ ਗ੍ਰੈਂਡ ਵਿਚ ਇਹ ਅੰਕੜਾ ਕਰੀਬ 35 ਹਜ਼ਾਰ ਲੋਕਾਂ ਦਾ ਹੈ। ਈਗਲ ਪਾਸ ਅਮਰੀਕੀ ਸ਼ਹਿਰ ਸੈਨ ਐਂਟੋਨੀਓ ਦੇ ਦੱਖਣ ਪੱਛਮ ਤੋਂ ਕਰੀਬ 225 ਕਿਲੋਮੀਟਰ ਦੂਰ ਐ। ਈਗਲ ਪਾਸ ਤੋਂ ਲੰਘਣ ਵਾਲੇ ਸ਼ਰਨਾਰਥੀਆਂ ਵਿਚ ਸਭ ਤੋਂ ਉਪਰ ਵੇਂਜੁਏਲਾ ਦੇ ਲੋਕ ਹੁੰਦੇ ਨੇ, ਇਸ ਤੋਂ ਬਾਅਦ ਕਿਊਬਾ, ਮੈਕਸੀਕੋ, ਹੋਂਡੂਰਾਸ, ਨਿਕਾਰਾਗੂਆ ਅਤੇ ਫਿਰ ਕੋਲੰਬੀਆ ਦਾ ਨੰਬਰ ਆਉਂਦਾ ਏ।

ਸੋ ਇਸ ਖ਼ਤਰਨਾਕ ਬਾਰਡਰ ਨੂੰ ਲੈਕੇ ਤੁਹਾਡਾ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Tags:    

Similar News