ਅਮਰੀਕਾ ਪੁੱਜੇ ਜਹਾਜ਼ ਦੇ ਮੁਸਾਫ਼ਰ ਕੀਤੇ ਕੁਆਰਨਟੀਨ
ਕੈਨੇਡਾ ਦੇ ਵਿੰਨੀਪੈਗ ਤੋਂ ਨਿਊ ਯਾਰਕ ਪੁੱਜੇ ਇਕ ਹਵਾਈ ਜਹਾਜ਼ ਦੇ ਸਾਰੇ ਮੁਸਾਫ਼ਰਾਂ ਨੂੰ ਕੁਆਰਨਟੀਨ ਕਰ ਦਿਤਾ ਗਿਆ
ਨਿਊ ਯਾਰਕ : ਕੈਨੇਡਾ ਦੇ ਵਿੰਨੀਪੈਗ ਤੋਂ ਨਿਊ ਯਾਰਕ ਪੁੱਜੇ ਇਕ ਹਵਾਈ ਜਹਾਜ਼ ਦੇ ਸਾਰੇ ਮੁਸਾਫ਼ਰਾਂ ਨੂੰ ਕੁਆਰਨਟੀਨ ਕਰ ਦਿਤਾ ਗਿਆ। ਮੀਡੀਆ ਰਿਪੋਰਟ ਮੁਤਾਬਕ ਮੁਸਾਫ਼ਰਾਂ ਨੂੰ ਕੁਆਰਨਟੀਨ ਕੀਤੇ ਜਾਣ ਦਾ ਕਾਰਨ ਬੇਹੱਦ ਤੇਜ਼ੀ ਨਾਲ ਫੈਲਣ ਵਾਲੀ ਕੋਈ ਬਿਮਾਰੀ ਦੱਸੀ ਗਈ ਪਰ ਇਸ ਦਾ ਨਾਂ ਸਾਹਮਣੇ ਨਹੀਂ ਆ ਸਕਿਆ। ਅਸਲ ਵਿਚ ਕੋਰੀਆ ਦੀ ਏਸ਼ੀਆਨਾ ਏਅਰਲਾਈਨਜ਼ ਦਾ ਜਹਾਜ਼ ਬੁੱਧਵਾਰ ਨੂੰ ਸੋਲ ਤੋਂ ਨਿਊ ਯਾਰਕ ਵਾਸਤੇ ਰਵਾਨਾ ਹੋਇਆ ਪਰ ਅਚਨਚੇਤ ਇਸ ਨੂੰ ਵਿੰਨੀਪੈਗ ਹਵਾਈ ਅੱਡੇ ਵੱਲ ਡਾਇਵਰਟ ਕਰ ਦਿਤਾ ਗਿਆ।
ਕੈਨੇਡਾ ਦੇ ਵਿੰਨੀਪੈਗ ਤੋਂ ਨਿਊ ਯਾਰਕ ਪੁੱਜਾ ਸੀ ਜਹਾਜ਼
ਰਿਚਰਡਸਨ ਇੰਟਰਨੈਸ਼ਨਲ ਏਅਰਪੋਰਟ ’ਤੇ ਜਹਾਜ਼ ਲੈਂਡ ਕਰਨ ਮਗਰੋਂ ਇਕ ਮੁਸਾਫ਼ਰ ਨੂੰ ਉਤਾਰ ਕੇ ਹਸਪਤਾਲ ਲਿਜਾਣ ਦੀ ਰਿਪੋਰਟ ਸਾਹਮਣੇ ਆਈ। ਇਹ ਵੀ ਪਤਾ ਲੱਗਾ ਹੈ ਕਿ ਹਸਪਤਾਲ ਵਿਚ ਦਾਖਲ ਮਰੀਜ਼ ਨੂੰ ਕਿਸੇ ਖਤਰਨਾਕ ਬਿਮਾਰੀ ਕਾਰਨ ਇਕ ਵੱਖਰੇ ਵਾਰਡ ਵਿਚ ਰੱਖਿਆ ਗਿਆ। ਦੂਜੇ ਪਾਸੇ ਤਕਰੀਬਨ ਚਾਰ ਘੰਟੇ ਬਾਅਦ ਜਹਾਜ਼ ਮੁੜ ਨਿਊ ਯਾਰਕ ਵੱਲ ਰਵਾਨਾ ਹੋ ਗਿਆ। ਬਾਅਦ ਦੁਪਹਿਰ ਤਕਰੀਬਨ ਢਾਈ ਵਜੇ ਫਲਾਈਟ ਜੌਹਨ ਐਫ਼ ਕੈਨੇਡੀ ਇੰਟਰਨੈਸ਼ਨਲ ਏਅਰਪੋਰਟ ’ਤੇ ਲੈਂਡ ਹੋਈ ਤਾਂ ਕਿਸੇ ਮੁਸਾਫ਼ਰ ਨੂੰ ਹਵਾਈ ਅੱਡੇ ਅੰਦਰ ਦਾਖਲ ਹੋਣ ਦੀ ਇਜਾਜ਼ਤ ਨਾ ਦਿਤੀ ਗਈ। ਹਵਾਈ ਅੱਡੇ ਦੇ ਬੁਲਾਰੇ ਨੇ ਕਿਹਾ ਕਿ ਕੁਆਰਨਟੀਨ ਦੀ ਪ੍ਰਕਿਰਿਆ ਸਿਰਫ਼ ਅਹਿਤਿਆਤ ਵਜੋਂ ਲਾਗੂ ਕੀਤੀ ਗਈ ਅਤੇ ਕਿਸੇ ਦੀ ਜਾਨ ਵਾਸਤੇ ਕੋਈ ਖਤਰਾ ਪੈਦਾ ਨਹੀਂ ਹੁੰਦਾ। ਸੈਂਟਰ ਫੌਰ ਡਿਜ਼ੀਜ਼ ਕੰਟਰੋਲ ਦਾ ਕਹਿਣਾ ਹੈ ਕਿ ਹੈਜ਼ਾ, ਟੀ.ਬੀ., ਪਲੇਗ, ਯੈਲੋ ਫੀਵਰ, ਡਿਪਥੀਰੀਆ ਅਤੇ ਸਮਾਲਪੌਕਸ ਵਰਗੀਆਂ ਬਿਮਾਰੀਆਂ ਦੇ ਮਾਮਲੇ ਵਿਚ ਆਈਸੋਲੇਸ਼ਨ ਲਾਜ਼ਮੀ ਹੋ ਜਾਂਦੀ ਹੈ।
ਬੇਹੱਦ ਤੇਜ਼ੀ ਨਾਲ ਫੈਲਣ ਵਾਲੀ ਬਿਮਾਰੀ ਦੇ ਸ਼ੱਕ ਨੇ ਪਾਇਆ ਭੜਥੂ
ਪਿਛਲੇ ਸਮੇਂ ਦੌਰਾਨ ਹਵਾਈ ਮੁਸਾਫ਼ਰਾਂ ਨਾਲ ਅਮਰੀਕਾ ਪੁੱਜੀਆਂ ਬਿਮਾਰੀਆਂ ਦਾ ਜ਼ਿਕਰ ਕੀਤਾ ਜਾਵੇ ਤਾਂ ਜ਼ਿਆਦਾਤਰ ਮਾਮਲਿਆਂ ਵਿਚ ਖਸਰੇ ਦੇ ਮਰੀਜ਼ ਹੀ ਸਾਹਮਣੇ ਆਏ ਜਦਕਿ ਸਾਹ ਰਾਹੀਂ ਫੈਲਣ ਵਾਲੀਆਂ ਕੁਝ ਬਿਮਾਰੀਆਂ ਦੇ ਮਰੀਜ਼ ਵੀ ਦਰਜ ਕੀਤੇ ਗਏ। ਮੌਜੂਦਾ ਵਰ੍ਹੇ ਦੌਰਾਨ ਅਮਰੀਕਾ ਵਿਚ ਸਾਹਮਣੇ ਆਏ 1,454 ਖਸਰੇ ਦੇ ਮਰੀਜ਼ਾਂ ਵਿਚੋਂ 21 ਵਿਦੇਸ਼ਾਂ ਨਾਲ ਸਬੰਧਤ ਦੱਸੇ ਜਾ ਰਹੇ ਹਨ। ਕੋਰੀਆ ਤੋਂ ਆਈ ਫਲਾਈਟ ਦਾ ਜ਼ਿਕਰ ਕੀਤਾ ਜਾਵੇ ਤਾਂ ਉਥੇ ਟੀ.ਬੀ. ਅਤੇ ਹੈਪੇਟਾਈਟਸ ਦੇ ਮਰੀਜ਼ਾਂ ਕੁਝ ਜ਼ਿਆਦਾ ਹੀ ਸਾਹਮਣੇ ਆ ਰਹੇ ਹਨ। ਟੀ.ਬੀ. ਕਰ ਕੇ ਦੁਨੀਆਂ ਵਿਚ ਹਰ ਸਾਲ 12 50 ਹਜ਼ਾਰ ਦਮ ਤੋੜ ਜਾਂਦੇ ਹਨ ਅਤੇ ਸੰਭਾਵਤ ਤੌਰ ’ਤੇ ਇਸੇ ਕਰ ਕੇ ਜਹਾਜ਼ ਦੇ ਮੁਸਾਫ਼ਰਾਂ ਨੂੰ ਕੁਆਰਨਟੀਨ ਕੀਤਾ ਗਿਆ।