ਨਿਊ ਯਾਰਕ ਵਿਖੇ ਪੈਦਲ ਲੋਕਾਂ ਨੂੰ ਬੇਕਾਬੂ ਟੈਕਸੀ ਨੇ ਮਾਰੀ ਟੱਕਰ, 7 ਜ਼ਖਮੀ

ਨਿਊ ਯਾਰਕ ਵਿਖੇ ਕ੍ਰਿਸਮਸ ਮੌਕੇ ਇਕ ਬੇਕਾਬੂ ਟੈਕਸੀ ਪੈਦਲ ਲੋਕਾਂ ’ਤੇ ਜਾ ਚੜ੍ਹੀ ਅਤੇ 9 ਸਾਲ ਦੇ ਬੱਚੇ ਸਣੇ ਸੱਤ ਜਣੇ ਜ਼ਖਮੀ ਹੋ ਗਏ।

Update: 2024-12-26 13:05 GMT

ਨਿਊ ਯਾਰਕ : ਨਿਊ ਯਾਰਕ ਵਿਖੇ ਕ੍ਰਿਸਮਸ ਮੌਕੇ ਇਕ ਬੇਕਾਬੂ ਟੈਕਸੀ ਪੈਦਲ ਲੋਕਾਂ ’ਤੇ ਜਾ ਚੜ੍ਹੀ ਅਤੇ 9 ਸਾਲ ਦੇ ਬੱਚੇ ਸਣੇ ਸੱਤ ਜਣੇ ਜ਼ਖਮੀ ਹੋ ਗਏ। ਅਚਨਚੇਤ ਵਾਪਰੇ ਹਾਦਸੇ ਨੇ ਲੋਕਾਂ ਵਿਚ ਸਹਿਮ ਪੈਦਾ ਕਰ ਦਿਤਾ ਕਿ ਕਿਸੇ ਸਿਰਫਿਰੇ ਵੱਲੋਂ ਕਤੇਲਆਮ ਕਰਨ ਦਾ ਯਤਨ ਕੀਤਾ ਗਿਆ ਪਰ ਪੁਲਿਸ ਨੇ ਦੱਸਿਆ ਕਿ ਮੈਨਹੈਟਨ ਦੇ ਮੇਸੀਜ਼ ਸਟੋਰ ਦੇ ਬਾਹਰ ਵਾਪਰੀ ਘਟਨਾ ਟੈਕਸੀ ਡਰਾਈਵਰ ਦੀ ਤਬੀਅਤ ਵਿਗੜਨ ਦਾ ਨਤੀਜਾ ਸੀ।

ਹੌਲਨਾਕ ਹਾਦਸੇ ਨੇ ਡਰਾਏ ਸੜਕ ਤੋਂ ਲੰਘ ਰਹੇ ਲੋਕ

ਕ੍ਰਿਸਮਸ ਹੋਣ ਕਾਰਨ ਨਿਊ ਯਾਰਕ ਸ਼ਹਿਰ ਵਿਚ ਹਰ ਪਾਸੇ ਭੀੜ ਨਜ਼ਰ ਆ ਰਹੀ ਸੀ ਜਦੋਂ ਵੈਸਟ 34 ਸਟ੍ਰੀਟ ਅਤੇ ਸਿਕਸਥ ਐਵੇਨਿਊ ਦੇ ਕੌਰਨਰ ’ਤੇ ਹਾਦਸਾ ਵਾਪਰ ਗਿਆ। ਇਸ ਇਲਾਕੇ ਵਿਚ ਟੂਰਿਸਟ ਅਤੇ ਸਥਾਨਕ ਲੋਕ ਮੇਸੀਜ਼ ਸਟੋਰ ਦੀਆਂ ਸਕ੍ਰੀਨਾਂ ’ਤੇ ਵੰਨ ਸੁਵੰਨੀਆਂ ਪੇਸ਼ਕਾਰੀਆਂ ਦੇਖ ਰਹੇ ਸਨ। ਹੈਰਾਲਡ ਸਕੁਏਅਰ ਦਾ ਇਹ ਸਟੋਰ ਦੁਨੀਆਂ ਦਾ ਸਭ ਤੋਂ ਵੱਡਾ ਸਟੋਰ ਮੰਨਿਆ ਜਾਂਦਾ ਹੈ ਅਤੇ ਬੇਹੱਦ ਭੀੜ-ਭਾੜ ਵਾਲਾ ਇਲਾਕਾ ਹੈ। 58 ਸਾਲ ਦੇ ਟੈਕਸੀ ਨੂੰ ਡਰਾਈਵਰ ਨੂੰ ਹਸਪਤਾਲ ਲਿਜਾਇਆ ਗਿਆ ਜਦਕਿ ਜ਼ਖਮੀਆਂ ਵਿਚੋਂ 9 ਸਾਲ ਦੇ ਬੱਚੇ ਸਣੇ ਤਿੰਨ ਜਣਿਆਂ ਨੂੰ ਹਸਪਤਾਲ ਲਿਜਾਣ ਦੀ ਜ਼ਰੂਰਤ ਮਹਿਸੂਸ ਕੀਤੀ ਗਈ।

ਡਰਾਈਵਰ ਦੀ ਸਿਹਤ ਵਿਗੜਨ ਕਾਰਨ ਬੇਕਾਬੂ ਹੋਈ ਟੈਕਸੀ : ਪੁਲਿਸ

49 ਸਾਲ ਦੀ ਔਰਤ ਦੀ ਲੱਤ ’ਤੇ ਸੱਟ ਵੱਜੀ ਜਦਕਿ 41 ਸਾਲ ਦੀ ਇਕ ਹੋਰ ਔਰਤ ਦੇ ਸਿਰ ’ਤੇ ਜ਼ਖਮ ਨਜ਼ਰ ਆ ਰਿਹਾ ਸੀ। ਤਿੰਨ ਪੈਦਲ ਲੋਕਾਂ ਨੇ ਹਸਪਤਾਲ ਜਾਣ ਤੋਂ ਨਾਂਹ ਕਰ ਦਿਤੀ ਅਤੇ ਨਿਊ ਯਾਰਕ ਸਿਟੀ ਦੀ ਪੁਲਿਸ ਮੁਤਾਬਕ ਹਾਦਸੇ ਦੌਰਾਨ ਕੋਈ ਗੰਭੀਰ ਜ਼ਖਮੀ ਨਹੀਂ ਹੋਇਆ। ਹਾਦਸੇ ਤੋਂ ਬਾਅਦ ਖਿੱਲਰੀ ਹੋਈ ਟੈਕਸੀ ਨੂੰ ਵੇਖ ਦੇ ਅੰਦਾਜ਼ਾ ਲਾਇਆ ਜਾ ਸਕਦਾ ਸੀ ਕਿ ਗੱਡੀ ਦੀ ਰਫ਼ਤਾਰ ਕਾਫ਼ੀ ਰਹੀ ਹੋਵੇਗੀ ਪਰ ਖੁਸ਼ਕਿਸਮਤੀ ਨਾਲ ਕਿਸੇ ਦੀ ਜਾਨ ਦਾ ਜੋਖਮ ਪੈਦਾ ਨਹੀਂ ਹੋਇਆ। ਇਥੇ ਦਸਣਾ ਬਣਦਾ ਹੈ ਕਿ ਕੁਝ ਦਿਨ ਪਹਿਲਾਂ ਜਰਮਨੀ ਵਿਚ ਇਕ ਸਿਰਫਿਰੇ ਡਰਾਈਵਰ ਨੇ ਕ੍ਰਿਸਮਸ ਬਾਜ਼ਾਰ ਵਿਚ ਖਰੀਦਦਾਰੀ ਕਰ ਰਹੇ ਲੋਕਾਂ ਨੂੰ ਕਾਰ ਹੇਠ ਦਰੜ ਦਿਤਾ ਅਤੇ ਘੱਟੋ ਘੱਟ 5 ਜਣਿਆਂ ਦੀ ਮੌਤ ਹੋ ਗਈ। ਪੁਲਿਸ ਵੱਲੋਂ ਗ੍ਰਿਫ਼ਤਾਰ ਡਰਾਈਵਰ ਕੋਲੋਂ ਧਮਾਕਾ ਕਰਨ ਲਈ ਵਰਤਿਆ ਜਾਣਾ ਵਾਲਾ ਯੰਤਰ ਵੀ ਬਰਾਮਦ ਕੀਤਾ ਗਿਆ। 

Tags:    

Similar News