ਹੁਣ ਪਾਕਿਸਤਾਨ ਨੇ ਜੂਨਾਗੜ੍ਹ ’ਤੇ ਵੀ ਕੀਤਾ ਦਾਅਵਾ
ਕਸ਼ਮੀਰ ਦਾ ਰੇੜਕਾ ਮੁੱਕਿਆ ਨਹੀਂ ਕਿ ਜੂਨਾਗੜ੍ਹ ਦਾ ਮਸਲਾ ਖੜ੍ਹਾ ਹੋ ਗਿਆ ਹੈ। ਜੀ ਹਾਂ, ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੀ ਤਰਜਮਾਨ ਮੁਮਤਾਜ਼ ਜ਼ਾਹਰਾ ਬਲੋਚ ਨੇ ਦੋਸ਼ ਲਾਇਆ ਹੈ ਕਿ ਭਾਰਤ ਨੇ ਜੂਨਾਗੜ੍ਹ ’ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ।
ਇਸਲਾਮਾਬਾਦ : ਕਸ਼ਮੀਰ ਦਾ ਰੇੜਕਾ ਮੁੱਕਿਆ ਨਹੀਂ ਕਿ ਜੂਨਾਗੜ੍ਹ ਦਾ ਮਸਲਾ ਖੜ੍ਹਾ ਹੋ ਗਿਆ ਹੈ। ਜੀ ਹਾਂ, ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੀ ਤਰਜਮਾਨ ਮੁਮਤਾਜ਼ ਜ਼ਾਹਰਾ ਬਲੋਚ ਨੇ ਦੋਸ਼ ਲਾਇਆ ਹੈ ਕਿ ਭਾਰਤ ਨੇ ਜੂਨਾਗੜ੍ਹ ’ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਹਫਤਾਵਰੀ ਬ੍ਰੀਫਿੰਗ ਦੌਰਾਨ ਮੁਮਤਾਜ਼ ਜ਼ਾਹਰਾ ਨੇ ਕਿਹਾ ਕਿ ਜੂਨਾਗੜ੍ਹ ਬਾਰੇ ਪਾਕਿਸਤਾਨ ਦਾ ਸਟੈਂਡ ਬਿਲਕੁਲ ਸਪੱਸ਼ਟ ਹੈ। ਜੀਓ ਟੀ.ਵੀ. ਮੁਤਾਬਕ ਉਨ੍ਹਾਂ ਅੱਗੇ ਕਿਹਾ ਕਿ ਜੂਨਾਗੜ੍ਹ ਇਤਿਹਾਸਕ ਅਤੇ ਕਾਨੂੰਨੀ ਤੌਰ ’ਤੇ ਪਾਕਿਸਤਾਨ ਦਾ ਹਿੱਸਾ ਹੈ ਅਤੇ ਇਸ ’ਤੇ ਭਾਰਤ ਦਾ ਕਬਜ਼ਾ ਸੰਯੁਕਤ ਰਾਸ਼ਟਰ ਦੇ ਚਾਰਟਰ ਅਤੇ ਕੌਮਾਂਤਰੀ ਮਾਪਦੰਡਾਂ ਦੀ ਉਲੰਘਣਾ ਕਰਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਾਕਿਸਤਾਨ, ਜੂਨਾਗੜ੍ਹ ਨੂੰ ਕਸ਼ਮੀਰ ਦੀ ਤਰਜ਼ ’ਤੇ ਅਣਸੁਲਝਿਆ ਮੁੱਦਾ ਮੰਨਦਾ ਹੈ।
ਵਿਦੇਸ਼ ਮੰਤਰਾਲੇ ਨੇ ਕਿਹਾ, ਜੂਨਾਗੜ੍ਹ ’ਤੇ ਭਾਰਤ ਦਾ ਨਾਜਾਇਜ਼ ਕਬਜ਼ਾ
ਪਾਕਿਸਤਾਨ ਹਮੇਸ਼ਾ ਸਿਆਸੀ ਅਤੇ ਕੂਟਨੀਤਕ ਮੰਚ ’ਤੇ ਜੂਨਾਗੜ੍ਹ ਦਾ ਮਸਲਾ ਉਠਾਉਂਦਾ ਆਇਆ ਹੈ ਅਤੇ ਸ਼ਾਂਤਮਈ ਤਰੀਕੇ ਨਾਲ ਮਸਲਾ ਨਿਬੇੜਨਾ ਚਾਹੁੰਦਾ ਹੈ। ਚੇਤੇ ਰਹੇ ਕਿ ਪਾਕਿਸਤਾਨ ਵੱਲੋਂ ਜੂਨਾਗੜ੍ਹ ਨੂੰ ਆਪਣੇ ਨਕਸ਼ੇ ਵਿਚ ਦਿਖਾਇਆ ਜਾ ਚੁੱਕਾ ਹੈ। ਅਗਸਤ 2020 ਦੌਰਾਨ ਪਾਕਿਸਤਾਨ ਵੱਲੋਂ ਜੂਨਾਗੜ੍ਹ ਨੂੰ ਆਪਣਾ ਹਿੱਸਾ ਕਰਾਰ ਦਿਤਾ ਗਿਆ। ਇਸ ਮਗਰੋਂ ਭਾਰਤੀ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਾਕਿਸਤਾਨ ਦੀ ਇਹ ਕੋਸ਼ਿਸ਼ ਬਿਲਕੁਲ ਫਜ਼ੂਲ ਹੈ। 1947 ਵਿਚ ਭਾਰਤ ਪਾਕਿ ਦੀ ਵੰਡ ਦੌਰਾਨ 565 ਰਿਆਸਤਾਂ ਵੀ ਮੌਜੂਦ ਸਨ ਜਿਨ੍ਹਾਂ ਨੂੰ ਭਾਰਤ ਜਾਂ ਪਾਕਿਸਤਾਨ ਨਾਲ ਜਾਣ ਦਾ ਹੱਕ ਦੇ ਦਿਤਾ ਗਿਆ ਜਾਂ ਆਪਣਾ ਆਜ਼ਾਦ ਮੁਲਕ ਬਣਾਉਣ ਦੀ ਇਜਾਜ਼ਤ ਵੀ ਦਿਤੀ ਗਈ। ਜ਼ਿਆਦਾਤਰ ਰਿਆਸਤਾਂ ਦਾ ਮਸਲਾ ਹੱਲ ਹੋ ਗਿਆ ਪਰ ਜੂਨਾਗੜ੍ਹ, ਕਸ਼ਮੀਰ ਅਤੇ ਹੈਦਰਾਬਾਦ ਵਿਵਾਦ ਦਾ ਕਾਰਨ ਬਣ ਗਏ। ਹੈਦਰਾਬਾਦ ਅਤੇ ਜੂਨਾਗੜ੍ਹ ਵਿਚ ਹਾਲਾਤ ਇਕੋ ਜਿਹੇ ਸਨ ਜਿਥੇ 80 ਫੀ ਸਦੀ ਆਬਾਦੀ ਹਿੰਦੂ ਸੀ ਅਤੇ ਹੁਕਮਰਾਨ ਮੁਸਲਮਾਨ ਪਰ ਕਸ਼ਮੀਰ ਵਿਚ ਹਾਲਾਤ ਬਿਲਕੁਲ ਉਲਝ ਸਨ ਜਿਥੇ ਜ਼ਿਆਦਾਤਰ ਵਸੋਂ ਮੁਸਲਮਾਨ ਸੀ ਪਰ ਰਾਜਾ ਹਿੰਦੂ। ਜੂਨਾਗੜ੍ਹ ਨੂੰ ਇਕ ਰਾਏਸ਼ੁਮਾਰੀ ਕਰਵਾਉਂਦਿਆਂ 1948 ਵਿਚ ਭਾਰਤ ਰਲਾ ਲਿਆ ਗਿਆ ਜਿਸ ਨੂੰ ਪਾਕਿਸਤਾਨ ਮੰਨਣ ਨੂੰ ਤਿਆਰ ਨਹੀਂ।