ਹੁਣ ਅਮਰੀਕਾ ਦੇ ਨਾਗਰਿਕਾਂ ਦੀ ਵੀ ਖ਼ੈਰ ਨਹੀਂ

ਰਾਸ਼ਟਰਪਤੀ ਡੌਨਲਡ ਟਰੰਪ ਨੇ ਅਮਰੀਕਾ ਦੇ ਸਿਟੀਜ਼ਨ ਬਣ ਚੁੱਕੇ ਪ੍ਰਵਾਸੀਆਂ ਉਤੇ ਵੀ ਵਾਢਾ ਧਰ ਲਿਆ ਹੈ ਅਤੇ ਮਾਮੂਲੀ ਅਪਰਾਧ ਕਰਨ ਵਾਲਿਆਂ ਨੂੰ ਡਿਪੋਰਟ ਕਰਨ ਦੀ ਪ੍ਰਕਿਰਿਆ ਆਰੰਭੀ ਜਾ ਰਹੀ ਹੈ।;

Update: 2025-04-15 12:14 GMT
ਹੁਣ ਅਮਰੀਕਾ ਦੇ ਨਾਗਰਿਕਾਂ ਦੀ ਵੀ ਖ਼ੈਰ ਨਹੀਂ
  • whatsapp icon

ਵਾਸ਼ਿੰਗਟਨ : ਰਾਸ਼ਟਰਪਤੀ ਡੌਨਲਡ ਟਰੰਪ ਨੇ ਅਮਰੀਕਾ ਦੇ ਸਿਟੀਜ਼ਨ ਬਣ ਚੁੱਕੇ ਪ੍ਰਵਾਸੀਆਂ ਉਤੇ ਵੀ ਵਾਢਾ ਧਰ ਲਿਆ ਹੈ ਅਤੇ ਮਾਮੂਲੀ ਅਪਰਾਧ ਕਰਨ ਵਾਲਿਆਂ ਨੂੰ ਡਿਪੋਰਟ ਕਰਨ ਦੀ ਪ੍ਰਕਿਰਿਆ ਆਰੰਭੀ ਜਾ ਰਹੀ ਹੈ। ਜੀ ਹਾਂ, ਅਮਰੀਕਾ ਵਿਚ ਕੀੜੀ ਵੀ ਮਾਰੀ ਤਾਂ ਸਿੱਧਾ ਡਿਪੋਰਟ ਵਰਗਾ ਨਿਯਮ ਲਾਗੂ ਕਰਨ ਦੇ ਸੰਕੇਤ ਮਿਲ ਰਹੇ ਹਨ ਜਿਥੇ ਮੁਲਕ ਦੇ ਨਾਗਰਿਕਾਂ ਸਣੇ ਕੋਈ ਵੀ ਸੁਰੱਖਿਅਤ ਨਹੀਂ ਹੋਵੇਗਾ। ਓਵਲ ਦਫ਼ਤਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੌਨਲਡ ਟਰੰਪ ਨੇ ਕਿਹਾ ਕਿ ਅਮਰੀਕਾ ਵਿਚ ਜੰਮੇ ਕੁਝ ਲੋਕਾਂ ਵੱਲੋਂ ਦਿਲ ਕੰਬਾਊ ਵਾਰਦਾਤਾਂ ਕੀਤੀਆਂ ਜਾ ਰਹੀਆਂ ਹਨ। ਕਿਸੇ ਔਰਤ ਨੂੰ ਬੇਸਬਾਲ ਬੈਟ ਨਾਲ ਵਾਰ ਕਰਦਿਆਂ ਕਤਲ ਕਰ ਦਿਤਾ ਜਾਂਦਾ ਹੈ ਜਦਕਿ ਕਿਸੇ ਔਰਤ ਨੂੰ ਸਬਵੇਅ ਵਿਚ ਅੱਗ ਲਾ ਦਿਤੀ ਜਾਂਦੀ ਹੈ। ਐਨੇ ਘਿਨਾਉਣੇ ਅਪਰਾਧ ਕਰਨ ਵਾਲਿਆਂ ਨੂੰ ਅਮਰੀਕਾ ਵਿਚ ਰਹਿਣ ਦਾ ਕੋਈ ਹੱਕ ਨਹੀਂ।

ਟਰੰਪ ਨੇ ਪੱਕਿਆਂ ’ਤੇ ਵੀ ਵਾਢਾ ਧਰਿਆ

ਉਧਰ ਇੰਮੀਗ੍ਰੇਸ਼ਨ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਅਮਰੀਕਾ ਦੇ ਨਾਗਰਿਕਾਂ ਨੂੰ ਕੱਢਣ ਦਾ ਰੁਝਾਨ ਸ਼ੁਰੂ ਹੋਇਆ ਤਾਂ ਲੱਖਾਂ ਲੋਕ ਖਤਰੇ ਦੀ ਜ਼ਦ ਵਿਚ ਆ ਜਾਣਗੇ। ਭਾਵੇਂ ਕਾਨੂੰਨ ਮੁਤਾਬਕ ਅਮਰੀਕਾ ਦੇ ਨਾਗਰਿਕਾਂ ਨੂੰ ਕਿਸੇ ਵੀ ਸੂਰਤ ਵਿਚ ਡਿਪੋਰਟ ਨਹੀਂ ਕੀਤਾ ਜਾ ਸਕਦਾ ਪਰ ਨਿਤ ਨਵੇਂ ਹੁਕਮ ਜਾਰੀ ਕਰ ਰਹੇ ਟਰੰਪ ਸਾਹਮਣੇ ਕਿਸੇ ਕਾਨੂੰਨ ਦੀ ਕੋਈ ਵੁੱਕਤ ਨਹੀਂ। ਇਸੇ ਦੌਰਾਨ ਅਮਰੀਕਾ ਦੇ ਸਿਟੀਜ਼ਨ ਜਾਂ ਗਰੀਨ ਕਾਰਡ ਹੋਲਡਰ ਨਾਲ ਵਿਆਹ ਕਰਵਾ ਕੇ ਪੱਕੇ ਹੋਣ ਦੇ ਸੁਪਨੇ ਦੇਖ ਰਹੀਆਂ ਕੁੜੀਆਂ ਜਾਂ ਮੁੰਡਿਆਂ ਵਾਸਤੇ ਮਾੜੀ ਖਬਰ ਆਈ ਹੈ। ਬਾਇਡਨ ਸਰਕਾਰ ਵੇਲੇ ਕਈ ਉਮੀਦਵਾਰਾਂ ਨੂੰ ਬਗੈਰ ਇੰਟਰਵਿਊ ਤੋਂ ਹੀ ਸਪਾਊਜ਼ ਵੀਜ਼ਾ ਮਿਲ ਜਾਂਦਾ ਸੀ ਅਤੇ ਇੰਟਰਵਿਊ ਦੌਰਾਨ ਵੀ ਜ਼ਿਆਦਾ ਸਖ਼ਤੀ ਨਹੀਂ ਸੀ ਵਰਤੀ ਜਾਂਦੀ ਪਰ ਟਰੰਪ ਸਰਕਾਰ ਵੱਲੋਂ ਸਵਾਲਾਂ ਦੀ ਲੰਮੀ-ਚੌੜੀ ਸੂਚੀ ਤਿਆਰ ਕੀਤੀ ਗਈ ਹੈ ਜਿਨ੍ਹਾਂ ਦੇ ਤਸੱਲੀਬਖਸ਼ ਜਵਾਬ ਦੇਣੇ ਲਾਜ਼ਮੀ ਹੋਣਗੇ। ਸਵਾਲਾਂ ਵਿਚ ਪਤੀ-ਪਤਨੀ ਦੇ ਆਪਸੀ ਰਿਸ਼ਤੇ ਤੋਂ ਇਲਾਵਾ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਤੁਹਾਡਾ ਜੀਵਨ ਸਾਥੀ ਰਾਤ ਨੂੰ ਕਿੰਨੇ ਵਜੇ ਸੌਂਦਾ ਹੈ ਜਾਂ ਉਸ ਨੂੰ ਕਿਹੜੀ ਕਿਹੜੀ ਚੀਜ਼ ਤੋਂ ਐਲਰਜੀ ਹੈ। ਇੰਮੀਗ੍ਰੇਸ਼ਨ ਵਕੀਲ ਅਸ਼ਵਿਨ ਸ਼ਰਮਾ ਨੇ ਦੱਸਿਆ ਕਿ ਹੁਣ ਵਿਆਹ ਕਰਵਾ ਕੇ ਅਮਰੀਕਾ ਜਾਣਾ ਸੌਖਾ ਨਹੀਂ ਰਿਹਾ। ਇੰਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਵਿਆਹਾਂ ਦੀ ਤਸਦੀਕ ਵਾਸਤੇ ਨਵੇਂ ਸਬੂਤ ਮੰਗੇ ਜਾ ਰਹੇ ਹਨ।

ਗਰੀਨ ਕਾਰਡ ਹੋਲਡਰਾਂ ਨਾਲ ਵਿਆਹ ਕਰਵਾਉਣ ਵਾਲੇ ਹੋ ਜਾਣ ਸੁਚੇਤ

ਮਿਸਾਲ ਵਜੋਂ ਦੋਹਾਂ ਦੀ ਮੁਲਾਕਾਤ ਕਿਥੇ ਹੋਈ ਜਾਂ ਵਿਆਹ ਦਾ ਸਬੱਬ ਕਿਵੇਂ ਬਣਿਆ। ਇਕ ਜੋੜੇ ਤੋਂ ਪੁੱਛਿਆ ਗਿਆ ਕਿ ਉਹ ਆਪਣਾ ਰਿਸ਼ਤਾ ਬਰਕਰਾਰ ਕਿਵੇਂ ਰੱਖਣਗੇ ਅਤੇ ਕੀ ਵਿਆਹ ਤੋਂ ਬਾਅਦ ਇਕੱਠੇ ਰਹਿਣ ਦੀ ਇੱਛਾ ਰਖਦੇ ਹਨ। ਅਮਰੀਕਾ ਤੋਂ ਬਾਹਰ ਮੌਜੂਦ ਸਪਾਊਜ਼ ਦੀ ਇੰਟਰਵਿਊ ਕੌਂਸਲੇਟ ਅਫਸਰਾਂ ਵੱਲੋਂ ਲਈ ਜਾਵੇਗੀ ਜਦਕਿ ਅਮਰੀਕਾ ਵਿਚ ਮੌਜੂਦ ਸਪਾਊਜ਼ ਦੀ ਇੰਟਰਵਿਊ ਸਿਟੀਜ਼ਨਸ਼ਪ ਅਤੇ ਇੰਮੀਗ੍ਰੇਸ਼ਨ ਸੇਵਾਵਾਂ ਵਿਭਾਗ ਵਾਲੇ ਕਰਨਗੇ। ਕੌਂਸਲਰ ਇੰਟਰਵਿਊ ਮਾਮਲੇ ਵਿਚ ਸਿਟੀਜ਼ਨਸ਼ਿਪ ਪ੍ਰਾਪਤ ਸਪਾਊਜ਼ ਨੂੰ ਮੌਕੇ ’ਤੇ ਮੌਜੂਦ ਰਹਿਣ ਦੀ ਇਜਾਜ਼ਤ ਨਹੀਂ ਦਿਤੀ ਜਾਂਦੀ ਅਤੇ ਸਫ਼ਲਤਾ ਦਾ ਸਾਰਾ ਦਾਰੋਮਦਾਰ ਦਸਤਾਵੇਜ਼ੀ ਸਬੂਤਾਂ ’ਤੇ ਨਿਰਭਰ ਕਰਦਾ ਹੈ। ਐਨ.ਪੀ.ਜ਼ੈਡ ਲਾਅ ਗਰੁੱਪ ਦੀ ਸਨੇਹਲ ਬੱਤਰਾ ਨੇ ਟਾਈਮਜ਼ ਆਫ਼ ਇੰਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਸਤਾਵੇਜ਼ਾਂ ਵਿਚ ਸਾਂਝੇ ਬੈਂਕ ਖਾਤਿਆਂ ਦੇ ਸਬੂਤ, ਫੋਨ ਕਾਲਜ਼ ਦੇ ਵੇਰਵੇ, ਤਸਵੀਰਾਂ ਅਤੇ ਸਾਂਝੀਆਂ ਜੀਵਨ ਬੀਮਾ ਪੌਲਿਸੀਆਂ ਲਾਜ਼ਮੀ ਤੌਰ ’ਤੇ ਸ਼ਾਮਲ ਕੀਤੀਆਂ ਜਾਣ। ਇਸ ਤੋਂ ਇਲਾਵਾ ਆਪਣੇ ਜੀਵਨ ਸਾਥੀ ਦੇ ਮੌਜੂਦਾ ਰੁਜ਼ਗਾਰ, ਤਨਖਾਹ, ਵਿਦਿਅਕ ਯੋਗਤਾ ਅਤੇ ਪਹਿਲਾਂ ਕੀਤੇ ਕਿਸੇ ਵਿਆਹ ਬਾਰੇ ਮੁਕੰਮਲ ਜਾਣਕਾਰੀ ਹੋਣੀ ਚਾਹੀਦੀ ਹੈ। ਸਨੇਹਲ ਬੱਤਰਾ ਨੇ ਸੁਚੇਤ ਕੀਤਾ ਕਿ ਗਰੀਨ ਕਾਰਡ ਤੋਂ ਨਾਂਹ ਹੋਣ ਦੀ ਸੂਰਤ ਵਿਚ ਸਬੰਧਤ ਉਮੀਦਵਾਰ ਨੂੰ ਤੁਰਤ ਡਿਪੋਰਟ ਕਰਨ ਦੀ ਪ੍ਰਕਿਰਿਆ ਆਰੰਭ ਦਿਤੀ ਜਾਵੇਗੀ।

Tags:    

Similar News