ਨਵੀਂ ਖੋਜ ਨੇ ਕੀਤੇ ਵੱਡੇ ਖੁਲਾਸੇ, ਡਾਕਟਰਾਂ ਵਾਂਗ ਜ਼ਖ਼ਮੀ ਸਾਥੀ ਦਾ ਅਪਰੇਸ਼ਨ ਕਰਦੀਆਂ ਨੇ ਕੀੜੀਆਂ

ਕੀੜੀਆਂ ਬੇਸ਼ੱਕ ਧਰਤੀ ਦਾ ਇਕ ਛੋਟਾ ਜਿਹਾ ਜੀਵ ਐ ਪਰ ਜੇਕਰ ਇਸ ਦੀਆਂ ਖ਼ੂਬੀਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਬਾਰੇ ਜਾਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਮਿਹਨਤੀ ਕੀੜੀਆਂ ਖ਼ੁਦ ਤਾਂ ਸਾਰਾ ਦਿਨ ਮਿਹਨਤ ਕਰਦੀਆਂ ਹੀ ਨੇ ਪਰ ਨਾਲ ਹੀ ਇਹ ਹੋਰ ਵੀ ਬਹੁਤ ਸਾਰਿਆਂ ਦਾ ਜੀਵਨ ਸੁਧਾਰ ਚੁੱਕੀਆਂ ਹਨ।;

Update: 2024-07-12 15:41 GMT

ਬਰਲਿਨ: ਕੀੜੀਆਂ ਬੇਸ਼ੱਕ ਧਰਤੀ ਦਾ ਇਕ ਛੋਟਾ ਜਿਹਾ ਜੀਵ ਐ ਪਰ ਜੇਕਰ ਇਸ ਦੀਆਂ ਖ਼ੂਬੀਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਬਾਰੇ ਜਾਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਏ। ਮਿਹਨਤੀ ਕੀੜੀਆਂ ਖ਼ੁਦ ਤਾਂ ਸਾਰਾ ਦਿਨ ਮਿਹਨਤ ਕਰਦੀਆਂ ਹੀ ਨੇ ਪਰ ਨਾਲ ਹੀ ਇਹ ਹੋਰ ਵੀ ਬਹੁਤ ਸਾਰਿਆਂ ਦਾ ਜੀਵਨ ਸੁਧਾਰ ਚੁੱਕੀਆਂ ਨੇ। ਹੁਣ ਕੀੜੀਆਂ ਨੂੰ ਲੈ ਕੇ ਹੋਈ ਇਕ ਨਵੀਂ ਖੋਜ ਵਿਚ ਜੋ ਖ਼ੁਲਾਸਾ ਹੋਇਆ ਏ, ਉਸ ਬਾਰੇ ਜਾਣ ਕੇ ਤੁਸੀਂ ਵੀ ਇਹੀ ਆਖੋਗੇ ਪ੍ਰਮਾਤਮਾ ਦੇ ਰੰਗਾਂ ਨੂੰ ਕੋਈ ਨਹੀਂ ਜਾਣ ਸਕਦਾ। ਸੋ ਆਓ ਤੁਹਾਨੂੰ ਦੱਸਦੇ ਆਂ, ਕੀ ਕਹਿੰਦੀ ਐ ਕੀੜੀਆਂ ਨੂੰ ਲੈ ਕੇ ਹੋਈ ਨਵੀਂ ਖੋਜ।

ਕੁੱਝ ਸਮਾਂ ਪਹਿਲਾਂ ਨੇਚਰ ਜਨਰਲ ਮੈਗਜ਼ੀਨ ਵਿਚ ਇਕ ਰਿਸਰਚ ਪ੍ਰਕਾਸ਼ਤ ਹੋਈ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਇਕ ਵਣਮਾਣਸ ਨੂੰ ਆਪਣੇ ਜ਼ਖਮਾਂ ਦਾ ਇਲਾਜ ਕਰਨ ਲਈ ਪੱਤਿਆਂ ਦੀ ਵਰਤੋਂ ਕਰਦੇ ਦੇਖਿਆ ਗਿਆ ਸੀ,, ਪਰ ਇਹ ਇਲਾਜ ਸਿਰਫ਼ ਖ਼ੁਦ ਦੇ ਲਈ ਸੀ, ਯਾਨੀ ਕਿ ਜਾਨਵਰ ਆਪਣਾ ਇਲਾਜ ਤਾਂ ਕਰ ਲੈਂਦੇ ਨੇ ਪਰ ਉਨ੍ਹਾਂ ਨੂੰ ਆਪਣੇ ਦੂਜੇ ਸਾਥੀਆਂ ਦਾ ਇਲਾਜ ਕਰਦੇ ਨਹੀਂ ਦੇਖਿਆ ਗਿਆ, ਪਰ ਕੀੜੀਆਂ ਦੇ ਮਾਮਲੇ ਵਿਚ ਇਹ ਮਿੱਥ ਪੂਰੀ ਤਰ੍ਹਾਂ ਗ਼ਲਤ ਸਾਬਤ ਹੋ ਗਈ ਐ ਕਿਉਂਕਿ ਕੀੜੀਆਂ ਜਿੱਥੇ ਕੰਧ ’ਤੇ ਦਾਣਾ ਚੜ੍ਹਾਉਣ ਵਿਚ ਦੂਜੀਆਂ ਕੀੜੀਆਂ ਦੀ ਮਦਦ ਕਰਦੀਆਂ ਨੇ, ਉਥੇ ਹੀ ਜ਼ਖ਼ਮੀ ਹੋਈਆਂ ਕੀੜੀਆਂ ਦਾ ਇਲਾਜ ਵੀ ਕਰਦੀਆਂ ਨੇ। ਬਲਕਿ ਉਹ ਉਨ੍ਹਾਂ ਦਾ ਅਪਰੇਸ਼ਨ ਤੱਕ ਵੀ ਕਰਦੀਆਂ ਨੇ। ਕਹਿਣ ਸੁਣਨ ਨੂੰ ਇਹ ਗੱਲ ਭਾਵੇਂ ਬਹੁਤ ਅਜ਼ੀਬ ਅਤੇ ਬੇਯਕੀਨੀ ਲਗਦੀ ਹੋਵੇ ਪਰ ਇਸ ਦੀ ਵੀਡੀਓ ਸਾਹਮਣੇ ਆ ਚੁੱਕੀ ਐ, ਜਿਸ ਵਿਚ ਇਕ ਕੀੜੀ ਨੂੰ ਦੂਜੀ ਕੀੜੀ ਦਾ ਅਪਰੇਸ਼ਨ ਕਰਦੇ ਦੇਖਿਆ ਜਾ ਸਕਦਾ ਏ।

ਕੀੜੀਆਂ ਦੀ ਇਹ ਵੀਡੀਓ ਹਾਲ ਹੀ ਵਿਚ ਹੋਈ ਇਕ ਰਿਸਰਚ ਦੌਰਾਨ ਸਾਹਮਣੇ ਆਈ ਐ। ਇਸ ਖੋਜ ਵਿਚ ਜੋ ਗੱਲਾਂ ਸਾਹਮਣੇ ਆਈਆਂ ਨੇ, ਉਸ ਵਿਚ ਕਿਹਾ ਗਿਆ ਏ ਕਿ ਕੀੜੀਆਂ ਆਪਣੇ ਸਾਥੀ ਕੀੜੀਆਂ ਦੇ ਜ਼ਖ਼ਮੀ ਹੋਏ ਪੈਰਾਂ ਨੂੰ ਕੱਟ ਦਿੰਦੀਆਂ ਨੇ ਤਾਂ ਜੋ ਇੰਫੈਕਸ਼ਨ ਨੂੰ ਘੱਟ ਕੀਤਾ ਜਾ ਸਕੇ। ਜ਼ਖ਼ਮੀ ਹੋਏ ਪੈਰ ਨੂੰ ਕੱਟਣ ਨਾਲ ਇਨ੍ਹਾਂ ਦੇ ਬਚਣ ਦੇ ਚਾਂਸ ਕਾਫ਼ੀ ਵਧ ਜਾਂਦੇ ਨੇ। ਇੱਥੇ ਹੀ ਬਸ ਨਹੀਂ, ਕੀੜੀਆਂ ਵੱਖ ਵੱਖ ਤਰ੍ਹਾਂ ਦੇ ਜ਼ਖ਼ਮਾਂ ਵਿਚ ਅੰਤਰ ਵੀ ਕਰ ਸਕਦੀਆਂ ਨੇ ਅਤੇ ਫਿਰ ਉਸੇ ਹਿਸਾਬ ਨਾਲ ਇਲਾਜ ਦਾ ਤਰੀਕਾ ਅਪਣਾਇਆ ਜਾਂਦਾ ਏ। ਆਓ ਵਿਸਥਾਰ ਦੇ ਨਾਲ ਇਸ ਗੱਲ ਨੂੰ ਸਮਝਦੇ ਆਂ।

ਅਸੀਂ ਜਾਣਦੇ ਆਂ ਕਿ ਖੁੱਲ੍ਹੇ ਜ਼ਖਮ ਦੀ ਵਜ੍ਹਾ ਕਰਕੇ ਇੰਫੈਕਸ਼ਨ ਦਾ ਖ਼ਤਰਾ ਰਹਿੰਦਾ ਏ। ਜੰਗ ਵਿਚ ਗੋਲੀਆਂ ਤੋਂ ਇਲਾਵਾ ਜ਼ਖ਼ਮਾਂ ਦੇ ਇੰਫੈਕਸ਼ਨ ਨੇ ਕਾਫ਼ੀ ਜਾਨਾਂ ਲਈਆਂ ਨੇ, ਜਿਸ ਤੋਂ ਬਾਅਦ ਅਸੀਂ ਇਨਸਾਨਾਂ ਨੇ ਐਂਟੀਬਾਇਓਟਿਕ ਬਣਾ ਲਏ ਪਰ ਜਾਨਵਰਾਂ ਦੇ ਕੋਲ ਇਹ ਸੁਵਿਧਾ ਮੌਜੂਦ ਨਹੀੀ ਸੀ ਪਰ ਇਸ ਖ਼ਤਰੇ ਨਾਲ ਨਿਪਟਣ ਲਈ ਕੁਦਰਤ ਨੇ ਇਨ੍ਹਾਂ ਨੰਨ੍ਹੇ ਜੀਵਾਂ ਨੂੰ ਕੁੱਝ ਉਪਾਅ ਦੇ ਦਿੱਤੇ, ਜਿਸ ਦੀ ਵਰਤੋਂ ਇਨ੍ਹਾਂ ਵੱਲੋਂ ਬਾਖ਼ੂਬੀ ਕੀਤੀ ਜਾਂਦੀ ਐ। ਕੀੜੀਆਂ ਦੀ ਸੁਸਾਇਟੀ ਇਕ ਤਰ੍ਹਾ ਨਾਲ ਐਂਟੀਮਾਈਕ੍ਰੋਬਿਅਲ ਤਰਲ ਦੀ ਵਰਤੋਂ ਕਰਦੀਆਂ ਨੇ ਜੋ ਇਨ੍ਹਾਂ ਨੂੰ ਇੰਫੈਕਸ਼ਨ ਤੋਂ ਬਚਾਉਣ ਵਿਚ ਮਦਦ ਕਰਦਾ ਏ। ਐਂਟੀਮਾਈਕ੍ਰੋਬਿਅਲ ਯਾਨੀ ਕੀੜੀਆਂ ਨੂੰ ਬੈਕਟੀਰੀਆ ਵਰਗੇ ਸੂਖ਼ਮ ਜੀਵਾਂ ਤੋਂ ਬਚਾਉਣ ਵਾਲਾ ਤਰਲ ਪਦਾਰਥ। ਇਹ ਇਨ੍ਹਾਂ ਦੀ ਮੈਟਾਪਲੂਰਲ ਨਾਂਅ ਦੀ ਗ੍ਰੰਥੀ ਵਿਚੋਂ ਨਿਕਲਦਾ ਏ।

ਇਹ ਤਰਲ ਪਦਾਰਥ ਵਾਲੀ ਗ੍ਰੰਥੀ ਕੀੜੀਆਂ ਦੀਆਂ ਕੁੱਝ ਪ੍ਰਜਾਤੀਆਂ ਵਿਚ ਮੌਜੂਦ ਨਹੀਂ। ਫਲੋਰੀਡਾ ਵਿਚ ਅਜਿਹੀਆਂ ਕੀੜੀਆਂ ਦੇਖੀਆਂ ਗਈਆਂ ਅਤੇ ਖੋਜ ਰਾਹੀਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਗਈ ਕਿ ਆਖ਼ਰ ਬਿਨਾਂ ਐਂਟੀਮਾਈਕ੍ਰੋਬਿਅਲ ਲੇਪ ਦੇ ਇਹ ਕੀੜੀਆਂ ਇੰਫੈਕਸ਼ਨ ਤੋਂ ਕਿਵੇਂ ਬਚਦੀਆਂ ਨੇ? ਖੋਜ ਵਿਚ ਜੋ ਗੱਲਾਂ ਸਾਹਮਣੇ ਆਈਆਂ ਉਹ ਬਹੁਤ ਹੀ ਦਿਲਚਸਪ ਸਨ। ਇਸ ਸਬੰਧੀ ਜਰਮਨੀ ਦੀ ਯੂਨੀਵਰਸਿਟੀ ਆਫ਼ ਬਜ਼ਰਬਰਗ ਦੇ ਖੋਜੀ ਐਰਿਕ ਟੀ ਫ੍ਰੈਂਕ ਨੇ ਲਿਖਿਆ ‘‘ਕੀੜੀਆਂ ਵਿਚ ਜ਼ਖ਼ਮਾਂ ਦੀ ਦੇਖਭਾਲ ਕਰਨ ਦਾ ਨਵਾਂ ਤਰੀਕਾ। ਇੱਥੇ ਅਸੀਂ ਦੇਖ ਰਹੇ ਆਂ ਕਿ ਕੀੜੀਆਂ ਜ਼ਖਮੀ ਕੀੜੀਆਂ ਦੇ ਪੈਰ ਕੱਟ ਦਿੰਦੀਆਂ ਨੇ, ਜਦਕਿ ਅੰਗ ਕੱਟਣਾ ਸਭ ਤੋਂ ਵਧੀਆ ਉਪਾਅ ਨਹੀਂ ਪਰ ਕੀੜੀਆਂ ਨੇ ਆਪਣਾ ਇਲਾਜ ਇਸੇ ਮੁਤਾਬਕ ਢਾਲ ਲਿਆ ਏ। ਐਰਿਕ ਦਾ ਕਹਿਣਾ ਏ ਕਿ 90 ਫ਼ੀਸਦੀ ਵਾਰ ਕੀੜੀਆਂ ਨੇ ਜ਼ਖ਼ਮੀ ਪੈਰ ਨੂੰ ਕੱਟ ਦਿੱਤਾ ਜੋ ਕਾਫ਼ੀ ਕਾਰਗਰ ਵੀ ਰਿਹਾ। ਇਸ ਨਾਲ ਜ਼ਖ਼ਮੀ ਕੀੜੀ ਦੇ ਬਚਣ ਦੇ ਚਾਂਸ 45 ਫ਼ੀਸਦੀ ਤੋਂ 95 ਫ਼ੀਸਦੀ ਵਧ ਗਏ, ਉਹ ਵੀ ਬਿਨਾ ਕਿਸੇ ਦੇਖਭਾਲ ਤੋਂ।

ਐਰਿਕ ਦਾ ਕਹਿਣਾ ਏ ਕਿ ਸਾਰੀਆਂ ਕੀੜੀਆਂ ਅਜਿਹਾ ਨਹੀਂ ਕਰਦੀਆਂ। ਮੈਟਾਬੇਲ ਕੀੜੀਆਂ ਵਿਚ ਮੈਟਾਪਲੂਰਲ ਗ੍ਰੰਥੀ ਦੇ ਲੇਪ ਤੋਂ ਇੰਫੈਸ਼ਨ ਦੇ ਨਾਲ ਲੜਿਆ ਜਾਂਦਾ ਏ, ਜਦਕਿ ਫਲੋਰੀਡਾ ਦੀ ਕਾਰਪੇਂਟਰ ਕੀੜੀਆਂ ਅੰਗ ਕੱਟ ਕੇ ਇਲਾਜ ਕਰਨ ਨੂੰ ਪਹਿਲ ਦਿੰਦੀਆਂ ਨੇ। ਖੋਜ ਵਿਚ ਇਕ ਹੋਰ ਗੱਲ ਦੇਖੀ ਗਈ ਕਿ ਕੀੜੀਆਂ ਪੈਰ ਦੇ ਉਪਰਲੇ ਹਿੱਸੇ ਫੀਮਰ ਦੀ ਸੱਟ ਨੂੰ ਤਾਂ ਕੱਟ ਕੇ ਵੱਖ ਕਰਦੀਆਂ ਸਨ ਪਰ ਹੇਠਲੇ ਹਿੱਸੇ ਟਿਬੀਆ ਵਿਚ ਲੱਗੀ ਸੱਟ ਵਿਚ ਅਜਿਹਾ ਨਹੀਂ ਕੀਤਾ ਗਿਆ। ਇਸ ਤੋਂ ਅੰਦਾਜ਼ਾ ਲਗਾਇਆ ਗਿਆ ਕਿ ਫੀਮਰ ਦੇ ਇੰਫੈਕਸ਼ਨ ਤੋਂ ਬਚਾਉਣ ਲਈ ਅੰਗ ਨੂੰ ਕੱਟਣਾ ਜ਼ਿਆਦਾ ਕਾਰਗਰ ਸੀ। ਇਸ ਨੂੰ ਦੇਖਦਿਆਂ ਕਿਹਾ ਜਾ ਸਕਦਾ ਏ ਕਿ ਕੀੜੀਆਂ ਸੱਟ ਦੇ ਹਿੱਸੇ ਮੁਤਾਬਕ ਆਪਣਾ ਇਲਾਜ ਕਰਦੀਆਂ ਨੇ। ਕੀੜੀਆਂ ਦਾ ਇਹ ਤਰੀਕਾ ਇਨਸਾਨਾਂ ਨੂੰ ਟੱਕਰ ਦੇਣ ਵਾਲਾ ਸੀ।

ਇਹ ਕੀੜੀਆਂ ਕਾਫ਼ੀ ਸਮਝਦਾਰ ਵੀ ਜਾਪਦੀਆਂ ਨੇ ਕਿਉਂਕਿ ਇਹ ਕਾਫ਼ੀ ਸਮਾਜਿਕ ਜੀਵ ਐ, ਇਕੱਠ ਵਿਚ ਰਹਿੰਦਾ ਏ। ਰਸਤੇ ਵਿਚ ਜਾਂਦੇ ਜਾਂਦੇ ਇਹ ਇਕ ਦੂਜੇ ਨੂੰ ਦੁਆ ਸਲਾਮ ਵੀ ਕਰਦੀਆਂ ਨੇ, ਤੁਸੀਂ ਵੀ ਦੇਖਿਆ ਹੋਵੇਗਾ। ਕੀੜੀਆਂ ਨੇ ਵੱਖ ਵੱਖ ਕੀੜੀਆਂ ਦੇ ਲਈ ਵੱਖ ਵੱਖ ਕੰਮ ਵੰਡੇ ਹੁੰਦੇ ਨੇ। ਕੁੱਝ ਰਾਣੀ ਕੀੜੀਆਂ ਹੁੰਦੀਆਂ ਨੇ ਜੋ ਅੰਡੇ ਦਿੰਦੀਆਂ ਨੇ, ਕੁੱਝ ਪ੍ਰਜਾਤੀਆਂ ਵਿਚ ਡ੍ਰੋਨ ਕੀੜੀਆਂ ਵੀ ਹੁੰਦੀਆਂ ਹਨ, ਜਿਨ੍ਹਾਂ ਦਾ ਕੰਮ ਪ੍ਰਜਣਨ ਕਰਨਾ ਹੁੰਦਾ ਹੈ ਪਰ ਸਭ ਤੋਂ ਜ਼ਿਆਦਾ ਇਨ੍ਹਾਂ ਵਿਚ ਵਰਕਰ ਕੀੜੀਆਂ ਹੁੰਦੀਆਂ ਨੇ ਜੋ ਲਗਾਤਾਰ ਕੰਮ ਵਿਚ ਜੁਟੀਆਂ ਰਹਿੰਦੀਆਂ।

Tags:    

Similar News