ਅਮਰੀਕਾ ਵਿਚ ਭਾਰਤੀ ਔਰਤ ਦਾ ਕਤਲ!

ਅਮਰੀਕਾ ਵਿਚ ਤਿੰਨ ਹਫ਼ਤੇ ਤੋਂ ਲਾਪਤਾ ਭਾਰਤੀ ਮੂਲ ਦੀ ਔਰਤ ਦਾ ਪਤੀ ਵੱਲੋਂ ਹੀ ਕਤਲ ਕੀਤੇ ਜਾਣ ਦਾ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ।

Update: 2024-08-23 07:32 GMT

ਰਿਚਮੰਡ, ਵਰਜੀਨੀਆ : ਅਮਰੀਕਾ ਵਿਚ ਤਿੰਨ ਹਫ਼ਤੇ ਤੋਂ ਲਾਪਤਾ ਭਾਰਤੀ ਮੂਲ ਦੀ ਔਰਤ ਦਾ ਪਤੀ ਵੱਲੋਂ ਹੀ ਕਤਲ ਕੀਤੇ ਜਾਣ ਦਾ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ। ਵਰਜੀਨੀਆ ਸੂਬੇ ਦੇ ਮਨਾਸਸ ਪਾਰਕ ਸ਼ਹਿਰ ਦੀ ਪੁਲਿਸ ਵੱਲੋਂ ਮਮਤਾ ਭੱਟ ਦੇ ਪਤੀ ਨਰੇਸ਼ ਭੱਟ ਨੂੰ ਗ੍ਰਿਫ਼ਤਾਰ ਕਰਦਿਆਂ ਲਾਸ਼ ਲੁਕੋਣ ਦੇ ਦੋਸ਼ ਆਇਦ ਕੀਤੇ ਗਏ ਹਨ। ਪੇਸ਼ੇ ਵਜੋਂ ਬੱਚਿਆਂ ਦੀ ਨਰਸ ਮਮਤਾ ਨੂੰ ਆਖਰੀ ਵਾਰ 31 ਜੁਲਾਈ ਨੂੰ ਦੇਖਿਆ ਗਿਆ। ਕੁਝ ਦਿਨ ਪਹਿਲਾਂ ਨਰੇਸ਼ ਭੱਟ ਵੱਲੋਂ ਕਥਿਤ ਡਰਾਮਾ ਕਰਦਿਆਂ ਆਪਣੀ ਪਤਨੀ ਨੂੰ ਘਰ ਵਾਪਸ ਆਉਣ ਦੀ ਅਪੀਲ ਕੀਤੀ ਜੋ ਵੱਖ ਵੱਖ ਟੈਲੀਵਿਜ਼ਨ ਚੈਨਲਾਂ ’ਤੇ ਪ੍ਰਸਾਰਤ ਕੀਤੀ ਗਈ ਪਰ ਹੁਣ ਪੁਲਿਸ ਵੱਲੋਂ ਨਰੇਸ਼ ਭੱਟ ਦੀ ਗ੍ਰਿਫ਼ਤਾਰ ਨੇ ਆਂਢ-ਗੁਆਂਢ ਦੇ ਲੋਕਾਂ ਨੂੰ ਸੋਚੀਂ ਪਾ ਦਿਤਾ।

ਪੁਲਿਸ ਨੇ ਪਤੀ ਨਰੇਸ਼ ਭੱਟ ਨੂੰ ਕੀਤਾ ਗ੍ਰਿਫ਼ਤਾਰ

‘ਡੇਲੀ ਮੇਲ’ ਦੀ ਰਿਪੋਰਟ ਮੁਤਾਬਕ ਮਮਤਾ ਭੱਟ ਨੇ ਲਾਪਤਾ ਹੋਣ ਤੋਂ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਦੋਸ਼ ਲਾਇਆ ਸੀ ਕਿ ਉਸ ਦਾ ਪਤੀ ਬੱਚੇ ਦੀ ਪਰਵਰਿਸ਼ ਵਿਚ ਮਦਦ ਨਹੀਂ ਕਰਦਾ। ਮਮਤਾ ਨੇ ਲਿਖਿਆ ਕਿ ਉਹ ਹਫ਼ਤੇ ਵਿਚ ਦੋ ਦਿਨ ਕੰਮ ਕਰਦੀ ਹੈ ਪਰ ਬੱਚੇ ਦੀ ਸੰਭਾਲ ਵਿਚ ਨਰੇਸ਼ ਕੋਈ ਮਦਦ ਨਹੀਂ ਕਰਦਾ। ਜੇ ਬੱਚੇ ਨੂੰ ਘਰ ਵਿਚ ਉਸ ਕੋਲ ਛੱਡਿਆ ਤਾਂ ਉਹ ਉਸ ਨੂੰ ਕਸਟਡੀ ਵਿਚ ਭੇਜ ਦੇਵੇਗਾ ਜਿਸ ਨੂੰ ਵੇਖਦਿਆਂ ਸਮਾਜ ਸੇਵੀਆਂ ਤੋਂ ਮਦਦ ਅਤੇ ਸਲਾਹ ਦੀ ਜ਼ਰੂਰਤ ਹੈ। ਇਸੇ ਦੌਰਾਨ ਫੇਸਬੁਕ ’ਤੇ ਮਮਤਾ ਦੀ ਇਕ ਹੋਰ ਪੋਸਟ ਸਾਹਮਣੇ ਆਈ ਜਿਸ ਵਿਚ ਉਸ ਨੇ ਲਿਖਿਆ ਕਿ ਉਹ ਆਪਣੇ ਪਤੀ ਤੋਂ ਤਲਾਕ ਲੈ ਚੁੱਕੀ ਹੈ ਪਰ ਉਹ ਅਤੇ ਉਸ ਦਾ ਪਤੀ ਹੁਣ ਵੀ ਇਕੱਠੇ ਰਹਿ ਰਹੇ ਹਨ। ਦੂਜੇ ਪਾਸੇ ਮਮਤਾ ਦੀ ਸਹੇਲੀ ਰੌਬਿਨ ਕੁਪੂਸਵਾਮੀ ਨੇ 12 ਅਗਸਤ ਨੂੰ ਸੋਸ਼ਲ ਮੀਡੀਆ ਰਾਹੀਂ ਉਸ ਦੀ ਸੁੱਖ-ਸਾਂਦ ਪ੍ਰਤੀ ਚਿੰਤਾ ਜ਼ਾਹਰ ਕੀਤੀ। ਇਥੇ ਦਸਣਾ ਬਣਦਾ ਹੈ ਕਿ ਪੀਡੀਐਟ੍ਰਿਕ ਨਰਸ ਵਜੋਂ ਕੰਮ ਕਰਦੀ ਮਮਤਾ 2 ਅਗਸਤ ਨੂੰ ਕੰਮ ’ਤੇ ਨਾ ਗਈ ਤਾਂ ਉਸ ਦੇ ਸਾਥੀ ਮੁਲਾਜ਼ਮਾਂ ਨੇ ਪੁਲਿਸ ਨੂੰ ਇਤਲਾਹ ਦੇ ਦਿਤੀ।

6 ਮਹੀਨੇ ਦਾ ਬੱਚਾ ਹੋਇਆ ਲਾਵਾਰਿਸ

ਉਸ ਵੇਲੇ ਨਰੇਸ਼ ਭੱਟ ਦਾਅਵਾ ਕੀਤਾ ਕਿ ਮਮਤਾ ਲਾਪਤਾ ਨਹੀਂ ਹੋਈ ਪਰ ਛੇ ਦਿਨ ਬਾਅਦ ਪੁਲਿਸ ਕੋਲ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਉਣ ਪੁੱਜ ਗਿਆ। ਮਨਾਸਸ ਪਾਰਕ ਸ਼ਹਿਰ ਦੇ ਪੁਲਿਸ ਮੁਖੀ ਮਾਰੀਓ ਲੂਗੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਨਰੇਸ਼ ਭੱਟ ਪੜਤਾਲ ਵਿਚ ਸਹਿਯੋਗ ਨਹੀਂ ਕਰ ਰਿਹਾ ਅਤੇ ਇਸ ਮਾਮਲੇ ਵਿਚ ਬਹੁਤੇ ਲੋਕਾਂ ਨੂੰ ਸ਼ੱਕ ਦੇ ਘੇਰੇ ਵਿਚ ਨਹੀਂ ਰੱਖਿਆ ਗਿਆ। ਮਾਰੀਓ ਲੂਗੋ ਨੇ ਕਿਹਾ ਕਿ ਮਮਤਾ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ 10 ਤਲਾਸ਼ੀ ਵਾਰੰਟਾਂ ਦੀ ਤਾਮੀਲ ਕੀਤੀ ਜਾ ਚੁੱਕੀ ਹੈ। ਬੀਤੀ 14 ਅਗਸਤ ਨੂੰ ਨਰੇਸ਼ ਭੱਟ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਭਾਈਚਾਰਾ ਦਾ ਸ਼ੁਕਰੀਆ ਅਦਾ ਕੀਤਾ ਜਿਨ੍ਹਾਂ ਵੱਲੋਂ ਮਮਤਾ ਦੀ ਭਾਲ ਵਿਚ ਪੂਰਾ ਸਾਥ ਦਿਤਾ ਜਾ ਰਿਹਾ ਹੈ। ਦੱਸ ਦੇਈਏ ਕਿ ਇਕ ਦਰਜਨ ਤੋਂ ਵੱਧ ਵਾਲੰਟੀਅਰਜ਼ ਵੱਲੋਂ ਬਲੂਮਜ਼ ਪਾਰਕ ਟ੍ਰੇਲ ਵਿਚ ਪੂਰਾ ਦਿਨ ਮਮਤਾ ਦੀ ਭਾਲ ਕੀਤੀ ਗਈ ਜਿਥੇ ਉਹ ਅਕਸਰ ਆਪਣੇ ਬੱਚੇ ਨਾਲ ਜਾਂਦੀ ਸੀ। ਪਰਵਾਰ ਦੇ ਗੁਆਂਢ ਵਿਚ ਰਹਿੰਦੀ ਸੈਮੀ ਚੌਧਰੀ ਨੇ ਕਿਹਾ ਕਿ ਜੇ ਮਮਤਾ ਨਾਲ ਕੋਈ ਅਣਹੋਣੀ ਵਾਪਰੀ ਹੈ ਤਾਂ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਕਿਸੇ ਵੀ ਕਮਿਊਨਿਟੀ ਵਾਸਤੇ ਅਜਿਹੇ ਹਾਲਾਤ ਦਾ ਸਾਹਮਣਾ ਕਰਨਾ ਬੇਹੱਦ ਮੁਸ਼ਕਲ ਹੋ ਜਾਂਦਾ ਹੈ।

Tags:    

Similar News