ਬਰਾਜ਼ੀਲ ਵਿਚ ਲਾਈਵ ਡਿਬੇਟ ਦੌਰਾਨ ਚੱਲੀਆਂ ਕੁਰਸੀਆਂ

ਬਰਾਜ਼ੀਲ ਵਿਚ ਲਾਈਵ ਡਿਬੇਟ ਦੌਰਾਨ ਕੁਰਸੀਆਂ ਚੱਲ ਗਈਆਂ ਅਤੇ ਇਕ ਜਣੇ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ।

Update: 2024-09-17 12:13 GMT

ਸਾਓ ਪੋਲੋ : ਬਰਾਜ਼ੀਲ ਵਿਚ ਲਾਈਵ ਡਿਬੇਟ ਦੌਰਾਨ ਕੁਰਸੀਆਂ ਚੱਲ ਗਈਆਂ ਅਤੇ ਇਕ ਜਣੇ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਸੋਸ਼ਲ ਮੀਡੀਆ ’ਤੇ ਇਸ ਘਟਨਾ ਦੀ ਵੀਡੀਓ ਬੇਹੱਦ ਵਾਇਰਲ ਹੋ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਲਾਈਵ ਡਿਬੇਟ ਖੱਬੇ ਪੱਖੀ ਉਮੀਦਵਾਰ ਜੌਸ ਲੁਈਜ਼ ਦਾਤੇਨਾ ਅਤੇ ਕੱਟੜਪੰਥੀ ਉਮੀਦਵਾਰ ਪਾਬਲੋ ਮਾਰਸਲ ਦਰਮਿਆਨ ਹੋ ਰਹੀ ਸੀ। ਮਾਰਸਲ ਨੇ ਦਾਤੇਨਾ ਬਾਰੇ 11 ਸਾਲ ਪੁਰਾਣੇ ਜਿਣਸੀ ਸ਼ੋਸ਼ਣ ਦੇ ਮਾਮਲੇ ਅਧੀਨ ਟਿੱਪਣੀ ਕਰ ਦਿਤੀ ਜਿਸ ਤੋਂ ਗੁੱਸੇ ਵਿਚ ਆਏ ਦਾਤੇਨਾ ਨੇ ਕੁਰਸੀ ਚੁੱਕ ਕੇ ਕਈ ਵਾਰ ਮਾਰਸਲ ’ਤੇ ਹਮਲਾ ਕੀਤਾ।

ਮੇਅਰ ਚੋਣਾਂ ਦੇ ਉਮੀਦਵਾਰ ਨੂੰ ਹਸਪਤਾਲ ਕਰਵਾਉਣਾ ਪਿਆ ਦਾਖਲ

ਇਸ ਮਗਰੋਂ ਦਾਤੇਨਾ ਨੂੰ ਬਹਿਸ ਵਿਚੋਂ ਹਟਾ ਦਿਤਾ ਗਿਆ। ਸੋਮਵਾਰ ਨੂੰ ਇਕ ਬਿਆਨ ਜਾਰੀ ਕਰਦਿਆਂ ਉਨ੍ਹਾਂ ਆਪਣੀ ਗਲਤੀ ਪ੍ਰਵਾਨ ਕਰ ਲਈ ਪਰ ਨਾਲ ਹੀ ਕਿਹਾ ਕਿ ਆਪਣੇ ਕੀਤੇ ’ਤੇ ਕੋਈ ਪਛਤਾਵਾ ਨਹੀਂ। ਇਸੇ ਦੌਰਾਨ ਮਾਰਸਲ ਨੂੰ ਮੁਢਲੇ ਇਲਾਜ ਮਗਰੋਂ ਹਸਪਤਾਲ ਤੋਂ ਛੁੱਟੀ ਦੇ ਦਿਤੀ ਗਈ। ਮਾਰਸਲ ਨੇ ਕੁਰਸੀ ਹਮਲੇ ਦੀ ਤੁਲਨਾ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਉਤੇ ਹੋਏ ਕਾਤਲਾਨਾ ਹਮਲੇ ਨਾਲ ਕੀਤੀ। ਇੰਸਟਾਗ੍ਰਾਮ ਰਾਹੀਂ ਤਿੰਨ ਵਾਰ ਕੁਰਸੀ ਨਾਲ ਵਾਰ ਦੀ ਵੀਡੀਓ ਸਾਂਝੀ ਕਰਦਿਆਂ ਦਾਤੇਨਾ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਸਾਓ ਪੋਲੋ ਸ਼ਹਿਰ ਦੇ ਮੇਅਰ ਦੀ ਚੋਣ 6 ਅਕਤੂਬਰ ਨੂੰ ਹੋਣੀ ਹੈ ਅਤੇ ਕੁਲ 10 ਉਮੀਦਵਾਰ ਮੈਦਾਨ ਵਿਚ ਹਨ। ਇਥੇ ਦਸਣਾ ਬਣਦਾ ਹੈਕਿ ਇਕ ਮਹਿਲਾ ਪੱਤਰਕਾਰ ਵੱਲੋਂ 2019 ਵਿਚ ਦਾਤੇਨਾ ਵਿਰੁੱਧ ਜਿਣਸੀ ਸ਼ੋਸ਼ਣ ਦੇ ਦੋਸ਼ ਲਾਏ ਗਏ ਜਿਸ ਮਗਰੋਂ ਦਾਤੇਨਾ ਨੇ ਪੱਤਰਕਾਰ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਾਇਰ ਕਰ ਦਿਤਾ। ਕੁਝ ਮਹੀਨੇ ਬਾਅਦ ਮਹਿਲਾ ਪੱਤਰਕਾਰ ਨੇ ਦੋਸ਼ ਵਾਪਸ ਲੈ ਲਏ। 

Tags:    

Similar News