ਜਾਣੋ, ਕਿਹੜਾ ਆਗੂ ਲਵੇਗਾ ਜਸਟਿਨ ਟਰੂਡੋ ਦੀ ਥਾਂ!

ਕੈਨੇਡਾ ਦੇ ਪ੍ਰਧਾਨ ਜਸਟਿਨ ਟਰੂਡੋ ਨੇ ਗਵਰਨਿੰਗ ਲਿਬਰਲ ਪਾਰਟੀ ਦੇ ਨੇਤਾ ਅਤੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ ਏ, ਜਿਸ ਤੋਂ ਬਾਅਦ ਕੈਨੇਡਾ ਦੀ ਸਿਆਸਤ ਵਿਚ ਵੱਡਾ ਭੂਚਾਲ ਆ ਗਿਆ ਏ। ਉਨ੍ਹਾਂ ਦੇ ਇਸ ਐਲਾਨ ਤੋਂ ਬਾਅਦ ਹੁਣ ਲਿਬਰਲ ਪਾਰਟੀ ਵੱਲੋਂ ਨਵਾਂ ਆਗੂ ਲੱਭਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਐ,;

Update: 2025-01-07 14:35 GMT

ਓਟਾਵਾ : ਕੈਨੇਡਾ ਦੇ ਪ੍ਰਧਾਨ ਜਸਟਿਨ ਟਰੂਡੋ ਨੇ ਗਵਰਨਿੰਗ ਲਿਬਰਲ ਪਾਰਟੀ ਦੇ ਨੇਤਾ ਅਤੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ ਏ, ਜਿਸ ਤੋਂ ਬਾਅਦ ਕੈਨੇਡਾ ਦੀ ਸਿਆਸਤ ਵਿਚ ਵੱਡਾ ਭੂਚਾਲ ਆ ਗਿਆ ਏ। ਉਨ੍ਹਾਂ ਦੇ ਇਸ ਐਲਾਨ ਤੋਂ ਬਾਅਦ ਹੁਣ ਲਿਬਰਲ ਪਾਰਟੀ ਵੱਲੋਂ ਨਵਾਂ ਆਗੂ ਲੱਭਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਐ, ਜਿਸ ਨੂੰ ਦੇਖਦਿਆਂ ਕਈ ਆਗੂ ਟਰੂਡੋ ਦੀ ਥਾਂ ਲੈਣ ਦੀ ਦੌੜ ਵਿਚ ਦਿਖਾਈ ਦੇ ਰਹੇ ਨੇ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਭਾਰਤੀ ਮੂਲ ਦੀ ਸਾਂਸਦ ਸਮੇਤ ਕਿਹੜੇ ਉਹ ਆਗੂ ਨੇ ਜੋ ਲੈ ਸਕਦੇ ਨੇ ਜਸਟਿਨ ਟਰੂਡੋ ਦੀ ਥਾਂ?


ਜਸਟਿਨ ਟਰੂਡੋ ਵੱਲੋਂ ਪ੍ਰਧਾਨ ਮੰਤਰੀ ਅਤੇ ਸੱਤਾਧਾਰੀ ਲਿਬਰਲ ਪਾਰਟੀ ਦੇ ਨੇਤਾ ਅਹੁਦੇ ਤੋਂ ਅਸਤੀਫ਼ਾ ਦੇਣ ਦੇ ਐਲਾਨ ਤੋਂ ਬਾਅਦ ਕੈਨੇਡਾ ਦੀ ਸਿਆਸਤ ਵਿਚ ਵੱਡਾ ਭੂਚਾਲ ਆਇਆ ਹੋਇਆ ਏ। ਭਾਰਤ ਸਮੇਤ ਪੂਰੇ ਵਿਸ਼ਵ ਦੀਆਂ ਨਜ਼ਰਾਂ ਕੈਨੇਡਾ ਦੀ ਸਿਆਸਤ ’ਤੇ ਟਿਕ ਚੁੱਕੀਆਂ ਨੇ,,, ਕਿ ਹੁਣ ਕਿਹੜਾ ਆਗੂ ਜਸਟਿਨ ਟਰੂਡੋ ਦੀ ਥਾਂ ਲਵੇਗਾ? ਉਂਝ ਇਸ ਅਹੁਦੇ ਦੀ ਦੌੜ ਵਿਚ ਪਾਰਟੀ ਦੇ ਕਈ ਆਗੂ ਦਿਖਾਈ ਦੇ ਰਹੇ ਨੇ, ਜਿਨ੍ਹਾਂ ਦੇ ਨਾਵਾਂ ਦਾ ਕਾਫੀ ਚਰਚਾ ਹੋ ਰਹੀ ਐ, ਇਨ੍ਹਾਂ ਨਾਵਾਂ ਵਿਚ ਭਾਰਤੀ ਮੂਲ ਦੀ ਸਾਂਸਦ ਦਾ ਨਾਮ ਵੀ ਸ਼ਾਮਲ ਐ।

ਸਭ ਤੋਂ ਮੂਹਰਲੀ ਕਤਾਰ ਵਿਚ ਸਾਬਕਾ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਦਾ ਨਾਮ ਲਿਆ ਜਾ ਰਿਹਾ ਏ। ਉਨ੍ਹਾਂ ਨੂੰ ਜਸਟਿਨ ਟਰੂਡੋ ਦੀ ਥਾਂ ਪ੍ਰਮੁੱਖ ਦਾਅਵੇਦਾਰਾਂ ਵਿਚੋਂ ਇਕ ਮੰਨਿਆ ਜਾ ਰਿਹਾ ਏ। ਦਰਅਸਲ ਫ੍ਰੀਲੈਂਡ ਲੰਬੇ ਸਮੇਂ ਤੋਂ ਟਰੂਡੋ ਦੇ ਨੇੜਲੇ ਅਤੇ ਭਰੋਸੇਮੰਦ ਸੀਨੀਅਰ ਨੇਤਾਵਾਂ ਵਿਚੋਂ ਇਕ ਨੇ। ਉਨ੍ਹਾਂ ਨੇ ਪੀਐਮਓ ਨਾਲ ਝਗੜੇ ਕਾਰਨ ਅਚਾਨਕ ਦਸੰਬਰ ਮਹੀਨੇ ਅਸਤੀਫ਼ਾ ਦੇ ਦਿੱਤਾ ਸੀ।

ਸਿਆਸਤ ਵਿਚ ਆਉਣ ਤੋਂ ਪਹਿਲਾਂ ਕ੍ਰਿਸਟੀਆ ਫ੍ਰੀਲੈਂਡ ਇਕ ਪੱਤਰਕਾਰ ਸੀ,, ਜੋ 2013 ਵਿਚ ਹਾਊਸ ਆਫ਼ ਕਾਮਨ ਦਾ ਹਿੱਸਾ ਬਣੇ ਅਤੇ ਫਿਰ ਦੋ ਸਾਲ ਮਗਰੋਂ ਟਰੂਡੋ ਦੀ ਸਰਕਾਰ ਵਿਚ ਕੈਬਨਿਟ ਮੰਤਰੀ ਬਣਨ ਦਾ ਮੌਕਾ ਮਿਲਿਆ। ਉਨ੍ਹਾਂ ਨੇ ਵਿਦੇਸ਼ ਮੰਤਰੀ ਦੇ ਅਹੁਦੇ ’ਤੇ ਰਹਿੰਦਿਆਂ ਕਈ ਪ੍ਰਭਾਵਸ਼ਾਲੀ ਫ਼ੈਸਲੇ ਕੀਤੇ। ਬਾਅਦ ਵਿਚ ਉਨ੍ਹਾਂ ਨੂੰ ਕੈਨੇਡਾ ਦੀ ਪਹਿਲੀ ਮਹਿਲਾ ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਬਣਨ ਦਾ ਮੌਕਾ ਮਿਲਿਆ। ਸੋ ਟਰੂਡੋ ਦੀ ਥਾਂ ਲੈਣ ਵਾਲਿਆਂ ਵਿਚ ਫ੍ਰੀਲੈਂਡ ਦਾ ਨਾਮ ਸਭ ਤੋਂ ਮੋਹਰੀ ਮੰਨਿਆ ਜਾ ਰਿਹਾ ਏ।


ਇਸ ਤੋਂ ਬਾਅਦ ਨੰਬਰ ਆਉਂਦਾ ਏ,,, ਸਾਬਕਾ ਕੇਂਦਰੀ ਬੈਂਕਰ ਮਾਰਕ ਕਾਰਨੇ ਦਾ,,, ਜੋ ਪਿਛਲੇ ਲੰਬੇ ਸਮੇਂ ਤੋਂ ਜਸਟਿਨ ਟਰੂਡੋ ਦੇ ਵਿਸ਼ੇਸ਼ ਸਲਾਹਕਾਰ ਵਜੋਂ ਕੰਮ ਕਰ ਰਹੇ ਨੇ। ਹਾਰਵਰਡ ਯੂਨੀਵਰਸਿਟੀ ਤੋਂ ਪੜ੍ਹੇ ਕਾਰਨੇ ਕੋਲ ਕਦੇ ਵੀ ਕੋਈ ਜਨਤਕ ਅਹੁਦਾ ਨਹੀਂ ਰਿਹਾ ਪਰ ਉਹ ਬੈਂਕ ਆਫ਼ ਕੈਨੇਡਾ ਅਤੇ ਬੈਂਕ ਆਫ਼ ਇੰਗਲੈਂਡ ਦੋਵਾਂ ਵਿਚ ਉਚ ਅਹੁਦਿਆਂ ’ਤੇ ਸੇਵਾ ਨਿਭਾਅ ਰਹੇ ਨੇ। ਉਹ ਵਿਰੋਧੀ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਅਰੇ ਪੋਇਲੀਵਰ ਦੀ ਕਈ ਵਾਰ ਆਲੋਚਨਾ ਕਰ ਚੁੱਕੇ ਨੇ ਅਤੇ ਆਖ ਚੁੱਕੇ ਨੇ ਕਿ ਪੋਇਲੀਵਰ ਕੋਲ ਕੋਈ ਯੋਜਨਾ ਨਹੀਂ,,ਉਨ੍ਹਾਂ ਕੋਲ ਸਿਰਫ਼ ਫੋਕੇ ਦਾਅਵੇ ਨੇ। ਇਸ ਤੋਂ ਇਲਾਵਾ ਜਸਟਿਨ ਟਰੂਡੋ ਖ਼ੁਦ ਵੀ ਕਈ ਵਾਰ ਮਾਰਕ ਕਾਰਨੇ ਦੀ ਤਾਰੀਫ਼ ਕਰ ਚੁੱਕੇ ਨੇ ਅਤੇ ਇਹ ਵੀ ਸੁਣਨ ਵਿਚ ਆ ਰਿਹਾ ਏ ਕਿ ਟਰੂਡੋ ਵੱਲੋਂ ਉਨ੍ਹਾਂ ਨੂੰ ਵਿੱਤ ਮੰਤਰੀ ਬਣਾਉਣ ਦੀ ਤਿਆਰੀ ਵੀ ਕੀਤੀ ਜਾ ਰਹੀ ਸੀ।


ਤੀਜੇ ਨੰਬਰ ’ਤੇ ਨਾਮ ਆਉਂਦਾ ਏ ਭਾਰਤੀ ਮੂਲ ਦੀ ਸਾਂਸਦ ਅਨੀਤਾ ਆਨੰਦ ਦਾ,,, ਜੋ ਕੈਨੇਡਾ ਦੇ ਟਰਾਂਸਪੋਰਟ ਮੰਤਰੀ ਨੇ। ਅਨੀਤਾ ਆਨੰਦ ਪੇਸ਼ੇ ਤੋਂ ਵਕੀਲ ਐ ਅਤੇ ਸਾਲ 2019 ਵਿਚ ਉਨ੍ਹਾਂ ਨੇ ਸਿਆਸਤ ਵਿਚ ਐਂਟਰੀ ਕੀਤੀ ਸੀ, ਜਦੋਂ ਉਨ੍ਹਾਂ ਨੂੰ ਓਕਵਿਲੇ ਦੀ ਨੁਮਾਇੰਦਗੀ ਕਰਨ ਲਈ ਚੁਣਿਆ ਗਿਆ ਸੀ। ਆਕਸਫੋਰਡ ਯੂਨੀਵਰਸਿਟੀ ਤੋਂ ਪੜ੍ਹਾਈ ਕਰਨ ਵਾਲੀ ਅਨੀਤਾ ਅਨੰਦ ਨੂੰ ਵਿੱਤੀ ਮਾਰਕੀਟ ਰੈਗੂਲੇਸ਼ਨ ਅਤੇ ਕਾਰਪੋਰੇਟ ਗਵਰਨੈਂਸ ਵਿਚ ਕਾਫ਼ੀ ਤਜ਼ਰਬਾ ਹਾਸਲ ਐ।

ਉਹ ਜਨਤਕ ਸੇਵਾ ਅਤੇ ਖ਼ਰੀਦ ਮੰਤਰੀ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਨੇ। ਕੋਵਿਡ ਮਹਾਂਮਾਰੀ ਦੌਰਾਨ ਕੈਨੇਡਾ ਸਰਕਾਰ ਨੇ ਉਨ੍ਹਾਂ ਨੂੰ ਟੀਕਾਕਰਨ ਅਤੇ ਨਿੱਜੀ ਸੁਰੱਖਿਆ ਉਪਕਰਨਾਂ ਨੂੰ ਸੁਰੱਖਿਅਤ ਕਰਨ ਦਾ ਮਿਸ਼ਨ ਸੌਂਪਿਆ ਗਿਆ ਸੀ ਜੋ ਉਨ੍ਹਾਂ ਨੇ ਬਾਖ਼ੂਬੀ ਨਿਭਾਇਆ। ਸਾਲ 2021 ਵਿਚ ਉਨ੍ਹਾਂ ਨੂੰ ਰੱਖਿਆ ਮੰਤਰੀ ਵੀ ਬਣਾਇਆ ਗਿਆ। ਸੋ ਅਨੀਤਾ ਆਨੰਦ ਵੀ ਅਜਿਹੀ ਮਹਿਲਾ ਆਗੂ ਐ, ਜਿਨ੍ਹਾਂ ਨੂੰ ਜਸਟਿਨ ਟਰੂਡੋ ਦੀ ਥਾਂ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਐ।


ਇਸ ਤੋਂ ਇਲਾਵਾ 54 ਸਾਲਾ ਕੈਬਨਿਟ ਮੰਤਰੀ ਫ੍ਰੈਂਕੋਇਸ ਫਿਲਿਪ ਸੈਂਪੇਨ ਦਾ ਨਾਮ ਵੀ ਇਸ ਦੌੜ ਵਿਚ ਸ਼ਾਮਲ ਦੱਸਿਆ ਜਾ ਰਿਹਾ ਏ। ਸ਼ੈਂਪੇਨ ਨੇ ਸਾਲ 2015 ਵਿਚ ਹਾਊਸ ਆਫ਼ ਕਾਮਨ ਵਿਚ ਐਂਟਰੀ ਕੀਤੀ ਸੀ, ਉਸ ਦੇ ਬਾਅਦ ਤੋਂ ਹੀ ਉਹ ਕੌਮਾਂਤਰੀ ਵਪਾਰ, ਵਿਦੇਸ਼ੀ ਮਾਮਲਿਆਂ ਅਤੇ ਮੌਜੂਦਾ ਸਮੇਂ ਨਵੀਨਤਾ, ਵਿਗਿਆਨ ਅਤੇ ਉਦਯੋਗ ਮੰਤਰੀ ਦੇ ਅਹੁਦੇ ’ਤੇ ਰਹੇ। ਸ਼ੈਂਪੇਨ ਕਿਊਬਕ ਦੇ ਰਹਿਣ ਵਾਲੇ ਨੇ, ਜਿਸ ਕਰਕੇ ਇਹ ਗੱਲ ਉਨ੍ਹਾਂ ਦੇ ਫੇਵਰ ਵਿਚ ਮੰਨੀ ਜਾਂਦੀ ਐ ਕਿਉਂਕਿ ਇਹ ਉਹ ਸੂਬਾ ਐ, ਜਿੱਥੋਂ ਦੀਆਂ ਵੋਟਾਂ ਫੈਡਰਲ ਚੋਣਾਂ ਵਿਚ ਫੈਸਲਾਕੁੰਨ ਰੋਲ ਅਦਾ ਕਰਦੀਆਂ ਨੇ। ਆਪਣੇ ਅਹੁਦਿਆਂ ’ਤੇ ਰਹਿੰਦਿਆਂ ਕੈਬਨਿਟ ਮੰਤਰੀ ਸ਼ੈਂਪੇਨ ਨੇ ਕੈਨੇਡਾ ਦੇ ਵਪਾਰ ਨੂੰ ਵਧਾਉਣ ਵਿਚ ਕਾਫ਼ੀ ਮਿਹਨਤ ਕੀਤੀ ਐ,, ਬੇਸ਼ੱਕ ਸ਼ੈਂਪੇਨ ਇਸ ਦੌੜ ਵਿਚ ਸ਼ਾਮਲ ਦੱਸੇ ਜਾ ਰਹੇ ਨੇ ਪਰ ਉਨ੍ਹਾਂ ਦਾ ਨੰਬਰ ਲੱਗੇਗਾ ਜਾਂ ਨਹੀਂ,, ਇਹ ਹਾਲੇ ਕੁੱਝ ਕਿਹਾ ਨਹੀਂ ਜਾ ਸਕਦਾ।


ਲਿਬਰਲ ਪਾਰਟੀ ਦਾ ਮੁਖੀ ਬਣਨ ਦੀ ਦੌੜ ਵਿਚ ਵਿਦੇਸ਼ ਮੰਤਰੀ ਮੇਲਨੀ ਜੌਲੀ ਦਾ ਨਾਮ ਵੀ ਸ਼ਾਮਲ ਦੱਸਿਆ ਜਾ ਰਿਹਾ ਏ ਜੋ ਸਾਲ 2021 ਤੋਂ ਵਿਸ਼ਵ ਪੱਧਰ ’ਤੇ ਕੈਨੇਡਾ ਦੀ ਨੁਮਾਇੰਦਗੀ ਕਰਦੇ ਆ ਰਹੇ ਨੇ। ਵਿਦੇਸ਼ ਮੰਤਰੀ ਹੋਣ ਦੇ ਨਾਤੇ ਇਜ਼ਰਾਇਲ ਹੱਮਾਸ ਜੰਗ ਦੌਰਾਨ ਉਨ੍ਹਾਂ ਨੇ ਕੈਨੇਡਾ ਦੇ ਨਾਗਰਿਕਾਂ ਨੂੰ ਬਚਾਉਣ ਵਿਚ ਅਹਿਮ ਭੂਮਿਕਾ ਅਦਾ ਕੀਤੀ ਐ। ਸਭ ਤੋਂ ਖ਼ਾਸ ਗੱਲ ਇਹ ਐ ਕਿ ਜਸਟਿਨ ਟਰੂਡੋ ਨੇ ਉਨ੍ਹਾਂ ਨੂੰ ਰਾਜਨੀਤੀ ਵਿਚ ਨਿੱਜੀ ਤੌਰ ’ਤੇ ਚੁਣਿਆ ਸੀ। ਇਹ ਵੀ ਸੁਣਨ ਵਿਚ ਆ ਰਿਹਾ ਏ ਕਿ ਉਹ ਪਿਛਲੇ ਕਾਫ਼ੀ ਸਮੇਂ ਤੋਂ ਲਿਬਰਲ ਪਾਰਟੀ ਦੇ ਨੇਤਾ ਲਈ ਚੋਣ ਲੜਨ ਦੇ ਇੱਛੁਕ ਰਹੇ ਨੇ। ਇਹ ਗੱਲ ਉਨ੍ਹਾਂ ਦੇ ਕਰੀਬੀਆਂ ਵੱਲੋਂ ਅਖ਼ਬਾਰ ਦੇ ਨਾਲ ਸਾਂਝੀ ਕੀਤੀ ਗਈ ਸੀ। ਹੁਣ ਜਦੋਂ ਸਬੱਬੀ ਤੌਰ ’ਤੇ ਇਹ ਮੌਕਾ ਆ ਚੁੱਕਿਆ ਏ ਤਾਂ ਜ਼ਾਹਿਰ ਐ ਕਿ ਉਹ ਇਸ ਤੋਂ ਪਿੱਛੇ ਨਹੀਂ ਹਟਣਗੇ।


ਇਨ੍ਹਾਂ ਸਾਰੇ ਨੇਤਾਵਾਂ ਦੇ ਵਿਚਾਲੇ ਇਕ ਹੋਰ ਮੰਤਰੀ ਡੋਮਿਨਿਕ ਲੇਬਲੌਂਕ ਦੇ ਨਾਮ ਦੀ ਵੀ ਚਰਚਾ ਹੋ ਰਹੀ ਐ ਜੋ ਜਸਟਿਨ ਟਰੂਡੋ ਦੀ ਥਾਂ ਲੈ ਸਕਦੇ ਨੇ। 57 ਸਾਲ ਦੇ ਲੈਬਲੌਂਕ ਨੂੰ ਜਸਟਿਨ ਟਰੂਡੋ ਦੇ ਸਭ ਤੋਂ ਕਰੀਬੀਆਂ ਵਿਚੋਂ ਇਕ ਮੰਨਿਆ ਜਾਂਦਾ ਏ। ਇਹ ਵੀ ਕਿਹਾ ਜਾਂਦਾ ਏ ਕਿ ਜਦੋਂ ਜਸਟਿਨ ਟਰੂਡੋ ਦੇ ਭੈਣ-ਭਰਾ ਛੋਟੇ ਸੀ ਤਾਂ ਲੇਬਲੌਂਕ ਨੇ ਹੀ ਉਨ੍ਹਾਂ ਦੇਖਭਾਲ ਕੀਤੀ ਸੀ। ਇਸ ਲਈ ਜਿੱਥੇ ਟਰੂਡੋ ਦੇ ਨਾਲ ਉਨ੍ਹਾਂ ਦੀ ਪੱਕੀ ਦੋਸਤੀ ਐ, ਉਥੇ ਹੀ ਇਕ ਪਰਿਵਾਰਕ ਰਿਸ਼ਤਾ ਵੀ ਬਣਿਆ ਹੋਇਆ ਏ।

ਫ੍ਰੀਲੈਂਡ ਦੇ ਅਸਤੀਫ਼ੇ ਦੇ ਕੁੱਝ ਘੰਟੇ ਮਗਰੋਂ ਹੀ ਉਨ੍ਹਾਂ ਨੂੰ ਵਿੱਤ ਮੰਤਰੀ ਬਣਾ ਦਿੱਤਾ ਗਿਆ ਸੀ। ਟਰੂਡੋ ਵਾਂਗ ਲੇਬਲੌਂਕ ਦਾ ਪਿਛੋਕੜ ਵੀ ਸਿਆਸੀ ਪਰਿਵਾਰ ਦੇ ਨਾਲ ਜੁੜਿਆ ਹੋਇਆ ਏ ਕਿਉਂਕਿ ਲੇਬਲੈਂਕ ਦੇ ਪਿਤਾ ਟਰੂਡੋ ਦੇ ਪਿਤਾ ਦੀ ਕੈਬਨਿਟ ਵਿਚ ਮੰਤਰੀ ਵਜੋਂ ਸੇਵਾਵਾਂ ਨਿਭਾਅ ਚੁੱਕੇ ਨੇ। ਇਸ ਅਹੁਦੇ ਦੇ ਲਈ ਉਨ੍ਹਾਂ ਦੀ ਦਾਅਵੇਦਾਰੀ ਕਿੰਨੀ ਕੁ ਮਜ਼ਬੂਤ, ਇਸ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਏ।

ਸੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Tags:    

Similar News