ਜੋਅ ਬਾਇਡਨ ਦੇ ਕੁੱਤੇ ਨੇ 35 ਸੁਰੱਖਿਆ ਅਫਸਰਾਂ ਨੂੰ ਵੱਢਿਆ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦਾ ਜਰਮਨ ਸ਼ੈਫਰਡ ਕੁੱਤਾ ਮੁੜ ਚਰਚਾ ਵਿਚ ਹੈ ਅਤੇ ਤਾਜ਼ਾ ਰਿਪੋਰਟ ਮੁਤਾਬਕ ਵਾਈਟ ਹਾਊਸ ਤੋਂ ਬਾਹਰ ਭੇਜੇ ਜਾਣ ਤੋਂ ਪਹਿਲਾਂ ਉਸ ਨੇ ਸੁਰੱਖਿਆ ਮੁਲਾਜ਼ਮਾਂ ’ਤੇ 35 ਤੋਂ ਵੱਧ ਹਮਲੇ ਕੀਤੇ।;
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦਾ ਜਰਮਨ ਸ਼ੈਫਰਡ ਕੁੱਤਾ ਮੁੜ ਚਰਚਾ ਵਿਚ ਹੈ ਅਤੇ ਤਾਜ਼ਾ ਰਿਪੋਰਟ ਮੁਤਾਬਕ ਵਾਈਟ ਹਾਊਸ ਤੋਂ ਬਾਹਰ ਭੇਜੇ ਜਾਣ ਤੋਂ ਪਹਿਲਾਂ ਉਸ ਨੇ ਸੁਰੱਖਿਆ ਮੁਲਾਜ਼ਮਾਂ ’ਤੇ 35 ਤੋਂ ਵੱਧ ਹਮਲੇ ਕੀਤੇ। ਇਕ ਅੰਦਰੂਨੀ ਰਿਪੋਰਟ ਸਾਹਮਣੇ ਆਉਣ ਮਗਰੋਂ ਦੋਸ਼ ਲੱਗ ਰਹੇ ਹਨ ਕਿ ਜੋਅ ਬਾਇਡਨ ਆਪਣੇ ਕੁੱਤੇ ਨੂੰ ਅਕਸਰ ਖੁੱਲ੍ਹਾ ਹੀ ਰਖਦੇ ਸਨ ਅਤੇ ਉਹ ਸੀਕਰੇਟ ਸਰਵਿਸ ਦੇ ਮੈਂਬਰਾਂ ਵੱਢਣ ਲੱਗਿਆਂ ਸਮਾਂ ਨਹੀਂ ਲਾਉਂਦਾ।
ਜੁਡੀਸ਼ੀਅਲ ਵਾਚ ਵੱਲੋਂ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਹਾਸਲ ਕੀਤੀ ਜਾਣਕਾਰੀ ਵਿਚ ਦੱਸਿਆ ਗਿਆ ਹੈ ਕਿ ਕਮਾਂਡਰ ਨਾਂ ਦੇ ਕੁੱਤੇ ਵੱਲੋਂ ਕੀਤੇ ਤਿੰਨ ਹਮਲਿਆਂ ਮੌਕੇ ਰਾਸ਼ਟਰਪਤੀ ਬਿਲਕੁਲ ਸਾਹਮਣੇ ਮੌਜੂਦ ਸਨ। ਕਮਾਂਡਰ ਤੋਂ ਪਹਿਲਾਂ ਮੇਜਰ ਬਾਇਡਨ ਨਾਂ ਦੇ ਇਕ ਹੋਰ ਕੁੱਤੇ ਨੇ ਵੀ ਸੁਰੱਖਿਆ ਮੁਲਾਜ਼ਮਾਂ ਦੇ ਨੱਕ ਵਿਚ ਦਮ ਕੀਤਾ ਹੋਇਆ ਸੀ। ਸੀਕਰੇਟ ਸਰਵਿਸ ਦੇ ਰਿਕਾਰਡ ਵਿਚ ਸ਼ਾਮਲ 100 ਸਫਿਆਂ ਦੀ ਰਿਪੋਰਟ ਕਹਿੰਦੀ ਹੈ ਕਿ ਇਕ ਹਮਲਾ ਪਿਛਲੇ ਸਾਲ ਸਤੰਬਰ ਵਿਚ ਹੋਇਆ ਜਦੋਂ ਰਾਸ਼ਟਰਪਤੀ ਜੋਅ ਬਾਇਡਨ ਬਾਗ ਵਿਚ ਸੈਰ ਕਰ ਰਹੇ ਸਨ। ਹਮਲਾ ਐਨਾ ਜ਼ਬਰਦਸਤ ਸੀ ਕਿ ਸੀਕਰੇਟ ਸਰਵਿਸ ਏਜੰਟ ਦਾ ਦਾ ਸੂਟ ਫਟ ਗਿਆ। ਏਜੰਟ ਨੇ ਘਟਨਾ ਬਾਰੇ ਲਿਖਿਆ ਕਿ ਰਾਸ਼ਟਰਪਤੀ ਕੈਨੇਡੀ ਗਾਰਡਨਵਿਚ ਟਹਿਲ ਰਹੇ ਸਨ ਅਤੇ ਕਮਾਂਡਰ ਇਧਰ ਉਧਰ ਛਾਲਾਂ ਮਾਰ ਰਿਹਾ ਸੀ।
ਇਸੇ ਦੌਰਾਨ ਕੋਈ ਹਿਲਜੁਲ ਹੋਈ ਅਤੇ ਸੀਕਰੇਟ ਸਰਵਿਸ ਦੇਖਣ ਵਾਸਤੇ ਅੱਗੇ ਵਧਿਆ ਤਾਂ ਕਮਾਂਡਰ ਨੇ ਉਸ ਦੀ ਖੱਬੀ ਬਾਂਹ ’ਤੇ ਹਮਲਾ ਕਰ ਦਿਤਾ। ਸੁਰੱਖਿਆ ਮੁਲਾਜ਼ਮ ਨੇ ਬਹੁਤ ਮੁਸ਼ਕਲ ਨਾਲ ਆਪਣੀ ਬਾਂਹ ਬਚਾਈ। ਇਹ ਗੱਲ ਵੀ ਉਭਰ ਕੇ ਸਾਹਮਣੇ ਆਈ ਹੈ ਕਿ ਸਤੰਬਰ 2023 ਵਿਚ ਕਮਾਂਡਰ ਨੇ ਇਕ ਮਹਿਲਾ ਅਫਸਰ ’ਤੇ ਵੀ ਹਮਲਾ ਕੀਤਾ। ਸੀਕਰੇਟ ਸਰਵਿਸ ਦੇ ਮੁੱਖ ਸੰਪਰਕ ਅਫਸਰ ਐਂਥਨੀ ਗੁਲੀਐਲਮੀ ਨੇ ਮੀਡੀਆ ਵੱਲੋਂ ਪੁੱਤੇ ਜਾ ਰਹੇ ਸਵਾਲਾਂ ਦੇ ਜਵਾਬ ਦਿੰਦਿਆਂ ਦੱਸਿਆ ਸੀ ਕਿ ਇਕ ਅਫਸਰ ਦਾ ਮੌਕੇ ’ਤੇ ਹੀ ਇਲਾਜ ਕੀਤਾ ਗਿਆ ਅਤੇ ਹਸਪਤਾਲ ਲਿਜਾਏ ਜਾਣ ਬਾਰੇ ਕੋਈ ਜਾਣਕਾਰੀ ਮੌਜੂਦ ਨਹੀਂ।