ਜੋਅ ਬਾਇਡਨ ਵੱਲੋਂ 4 ਭਾਰਤੀਆਂ ਸਣੇ 1,500 ਕੈਦੀਆਂ ਦੀ ਸਜ਼ਾ ਮੁਆਫ਼
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਤਕਰੀਬਨ 1,500 ਦੋਸ਼ੀਆਂ ਦੀ ਸਜ਼ਾ ਮੁਆਫ ਕੀਤੀ ਗਈ ਹੈ ਜਿਨ੍ਹਾਂ ਵਿਚੋਂ ਚਾਰ ਭਾਰਤੀ ਮੂਲ ਦੇ ਦੱਸੇ ਜਾ ਰਹੇ ਹਨ।;
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਤਕਰੀਬਨ 1,500 ਦੋਸ਼ੀਆਂ ਦੀ ਸਜ਼ਾ ਮੁਆਫ ਕੀਤੀ ਗਈ ਹੈ ਜਿਨ੍ਹਾਂ ਵਿਚੋਂ ਚਾਰ ਭਾਰਤੀ ਮੂਲ ਦੇ ਦੱਸੇ ਜਾ ਰਹੇ ਹਨ। ਡਾ. ਮੀਰਾ ਸਚਦੇਵਾ ਨੂੰ 20 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ ਜਦਕਿ ਬਾਬੂ ਭਾਈ ਪਟੇਲ ਨੂੰ 17 ਸਾਲ ਵਾਸਤੇ ਜੇਲ ਭੇਜਿਆ। ਇਸੇ ਤਰ੍ਹਾਂ ਕ੍ਰਿਸ਼ਨਾ ਮੋਟੇ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਅਤੇ ਵਿਕਰਮ ਦੱਤਾ ਨੂੰ 235 ਮਹੀਨੇ ਜੇਲ ਵਿਚ ਰੱਖਣ ਦੇ ਹੁਕਮ ਦਿਤੇ ਗਏ ਸਨ। ਜੋਅ ਬਾਇਡਨ ਨੇ ਵੱਖ ਵੱਖ ਮਾਮਲਿਆਂ ਵਿਚ ਸਜ਼ਾ ਭੁਗਤ ਰਹੇ ਕੈਦੀਆਂ ਨੂੰ ਮੁਆਫ਼ੀ ਦਿੰਦਿਆਂ ਕਿਹਾ ਕਿ ਅਮਰੀਕਾ ਦੀ ਨੀਂਹ ਸੰਭਾਵਨਾਵਾਂ ਅਤੇ ਦੂਜਾ ਮੌਕਾ ਮਿਲਣ ਦੇ ਵਾਅਦੇ ’ਤੇ ਟਿਕੀ ਹੋਈ ਹੈ।
ਡਾ. ਮੀਰਾ ਨੂੰ 20 ਸਾਲ ਅਤੇ ਬਾਬੂ ਭਾਈ ਪਟੇਲ ਨੂੰ ਮਿਲੀ ਸੀ 17 ਸਾਲ ਦੀ ਸਜ਼ਾ
ਰਾਸ਼ਟਰਪਤੀ ਹੋਣ ਦੇ ਨਾਤੇ ਉਨ੍ਹਾਂ ਲੋਕਾਂ ਨੂੰ ਮੁਆਫ਼ ਕੀਤਾ ਜਾ ਰਿਹਾ ਹੈ ਜਿਨ੍ਹਾਂ ਵੱਲੋਂ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਸੁਧਾਰ ਲਿਆਉਣ ਅਤੇ ਅਪਰਾਧ ਦੇ ਰਸਤੇ ਤੋਂ ਤੌਬਾ ਕਰਨ ਦਾ ਜਜ਼ਬਾ ਪੇਸ਼ ਕੀਤਾ ਗਿਆ ਹੈ। ਗੈਰ ਹਿੰਸਕ ਮਾਮਲਿਆਂ ਦੇ ਇਨ੍ਹਾਂ ਦੋਸ਼ੀਆਂ, ਖਾਸ ਤੌਰ ’ਤੇ ਨਸ਼ਿਆਂ ਦੇ ਮਾਮਲੇ ਵਿਚ ਸਜ਼ਾ ਭੁਗਤ ਰਹੇ ਲੋਕਾਂ ਨੂੰ ਰਾਹਤ ਜ਼ਰੂਰ ਮਿਲਣੀ ਚਾਹੀਦੀ ਹੈ। ਇਥੇ ਦਸਣਾ ਬਣਦਾ ਹੈ ਕਿ ਅਮਰੀਕਾ ਦੇ ਆਧੁਨਿਕ ਇਤਿਹਾਸ ਵਿਚ ਪਹਿਲੀ ਵਾਰ ਇਕ ਦਿਨ ਵਿਚ ਐਨੇ ਜ਼ਿਆਦਾ ਦੋਸ਼ੀਆਂ ਨੂੰ ਮੁਆਫ ਕੀਤਾ ਗਿਆ ਹੈ। ਇਸ ਵੇਲੇ 63 ਸਾਲ ਦੀ ਹੋ ਚੁੱਕੀ ਡਾ. ਮੀਰਾ ਸਚਦੇਵਾ ਨੂੰ ਦਸੰਬਰ 2012 ਵਿਚ ਮਿਸੀਸਿਪੀ ਦੇ ਇਕ ਕੈਂਸਰ ਸੈਂਟਰ ਵਿਚ ਲੱਖਾਂ ਡਾਲਰ ਦਾ ਫਰੌਡ ਕਰਨ ਦੇ ਦੋਸ਼ ਹੇਠ 20 ਸਾਲ ਵਾਸਤੇ ਜੇਲ ਭੇਜਿਆ ਗਿਆ ਸੀ। ਦੂਜੇ ਪਾਸੇ ਬਾਬੂ ਭਾਈ ਪਟੇਲ ਨੂੰ ਹੈਲਥ ਕੇਅਰ ਫਰੌਡ ਦੇ ਮਾਮਲੇ ਤਹਿਤ 2013 ਵਿਚ 17 ਦੀ ਸਜ਼ਾ ਸੁਣਾਈ ਗਈ। ਜੇਲ ਜਾਣ ਤੋਂ ਪਹਿਲਾਂ ਫਾਰਮਾਸਿਸਟ ਵਜੋਂ ਕੰਮ ਕਰਨ ਵਾਲੇ ਬਾਬੂ ਭਾਈ ਪਟੇਲ ਤੋਂ ਇਲਾਵਾ ਕਈ ਹੋਰ ਫ਼ਾਰਮਾਸਿਸਟਾਂ ਨੂੰ ਵੀ ਸਜ਼ਾ ਸੁਣਾਈ ਗਈ ਜਿਨ੍ਹਾਂ ਵਿਚ ਬ੍ਰਜੇਸ਼ ਰਾਵਲ, ਅਸ਼ਵਨੀ ਸ਼ਰਮਾ ਅਤੇ ਲੋਕੇਸ਼ ਤਾਯਲ ਦੇ ਨਾਂ ਸ਼ਾਮਲ ਸਨ।
ਵਿਕਰਮ ਦੱਤਾ ਨੂੰ 235 ਮਹੀਨੇ ਅਤੇ ਕ੍ਰਿਸ਼ਨਾ ਮੋਟੇ ਨੂੰ ਮਿਲੀ ਸੀ ਉਮਰ ਕੈਦ
ਇਹ ਤਿੰਨੋ ਅਮਰੀਕਾ ਦੇ ਨਾਗਰਿਕ ਨਾ ਹੋਣ ਕਾਰਨ ਸਜ਼ਾ ਮੁਕੰਮਲ ਹੋਣ ਮਗਰੋਂ ਇਨ੍ਹਾਂ ਨੂੰ ਡਿਪੋਰਟ ਕਰ ਦਿਤਾ ਗਿਆ। ਅਸ਼ਵਨੀ ਸ਼ਰਮਾ ਅਤੇ ਲੋਕੇਸ਼ ਤਾਯਲ ਭਾਰਤੀ ਨਾਗਰਿਕ ਸਨ ਜਦਕਿ ਬ੍ਰਜੇਸ਼ ਤਾਯਲ ਕੋਲ ਕੈਨੇਡੀਅਨ ਨਾਗਰਿਕਤਾ ਦੱਸੀ ਗਈ। 54 ਸਾਲ ਦੇ ਕ੍ਰਿਸ਼ਨਾ ਮੋਟੇ ਨੂੰ 280 ਗ੍ਰਾਮ ਕ੍ਰੈਕ ਕੋਕੀਨ ਅਤੇ ਅੱਧਾ ਕਿਲੋ ਤੋਂ ਵੱਧ ਕੋਕੀਨ ਵੇਚਣ ਦੀ ਸਾਜ਼ਿਸ਼ ਦੇ ਮਾਮਲੇ ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ ਗਈ। 63 ਸਾਲ ਦੇ ਵਿਕਰਮ ਦੱਤਾ ਨੂੰ ਜਨਵਰੀ 2012 ਵਿਚ ਮੈਨਹਟਨ ਦੀ ਫੈਡਰਲ ਅਦਾਲਤ ਨੇ ਆਪਣੇ ਪਰਫਿਊ ਕਾਰੋਬਾਰ ਦੀ ਆੜ ਵਿਚ ਨਸ਼ਾ ਤਸਕਰਾਂ ਦਾ ਕਾਲਾ ਧਨ ਸਫੈਦ ਬਣਾਉਣ ਦੇ ਦੋਸ਼ ਹੇਠ 235 ਮਹੀਨੇ ਵਾਸਤੇ ਜੇਲ ਭੇਜਿਆ ਗਿਆ ਸੀ।