ਅਮਰੀਕਾ ਦੇ ਚੋਣ ਮੈਦਾਨ ਵਿਚੋਂ ਬਾਹਰ ਹੋਏ ਜੋਅ ਬਾਇਡਨ

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਆਖਰਕਾਰ ਚੋਣ ਮੈਦਾਨ ਵਿਚੋਂ ਹਟਣ ਦਾ ਐਲਾਨ ਕਰ ਦਿਤਾ ਹੈ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਉਮੀਦਵਾਰ ਬਣਾਏ ਜਾਣ ਦੀ ਸਿਫਾਰਸ਼ ਕੀਤੀ ਹੈ।;

Update: 2024-07-22 07:23 GMT

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਆਖਰਕਾਰ ਚੋਣ ਮੈਦਾਨ ਵਿਚੋਂ ਹਟਣ ਦਾ ਐਲਾਨ ਕਰ ਦਿਤਾ ਹੈ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਉਮੀਦਵਾਰ ਬਣਾਏ ਜਾਣ ਦੀ ਸਿਫਾਰਸ਼ ਕੀਤੀ ਹੈ। ਜੋਅ ਬਾਇਡਨ ਦੇ ਫੈਸਲੇ ਦਾ ਹੈਰਾਨਕੁੰਨ ਅਸਰ ਦੇਖਣ ਨੂੰ ਮਿਲਿਆ ਅਤੇ ਡੈਮੋਕ੍ਰੈਟਿਕ ਪਾਰਟੀ ’ਤੇ ਡਾਲਰਾਂ ਦੀ ਬਾਰਸ਼ ਹੋਣ ਲੱਗੀ। ਕੁਝ ਘੰਟਿਆਂ ਦੇ ਅੰਦਰ ਹੀ 50 ਮਿਲੀਅਨ ਡਾਲਰ ਪਾਰਟੀ ਦੇ ਖਾਤੇ ਵਿਚ ਆ ਗਏ। ਦੂਜੇ ਪਾਸੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੌਨਲਡ ਟਰੰਪ ਨੇ ਕਿਹਾ ਕਿ ਜੋਅ ਬਾਇਡਨ ਕਦੇ ਵੀ ਰਾਸ਼ਟਰਪਤੀ ਅਹੁਦੇ ਦੇ ਲਾਇਕ ਨਹੀਂ ਸਨ। ਟਰੰਪ ਨੇ ਬਾਇਡਨ ਨੂੰ ਧੋਖਬਾਜ਼ ਕਰਾਰ ਦਿਤਾ ਅਤੇ ਦੋਸ਼ ਲਾਇਆ ਕਿ ਉਹ ਫਰਜ਼ੀ ਖਬਰਾਂ ਦੇ ਸਹਾਰੇ ਰਾਸ਼ਟਰਪਤੀ ਬਣੇ। ਦੱਸ ਦੇਈਏ ਕਿ ਐਤਵਾਰ ਨੂੰ ਇਕ ਚਿੱਠੀ ਲਿਖਦਿਆਂ ਜੋਅ ਬਾਇਡਨ ਨੇ ਕਿਹਾ ਕਿ ਦੇਸ਼ ਅਤੇ ਪਾਰਟੀ ਦੇ ਹਿਤਾਂ ਨੂੰ ਦੇਖਦਿਆਂ ਉਨ੍ਹਾਂ ਨੇ ਚੋਣ ਨਾ ਲੜਨ ਦਾ ਫੈਸਲਾ ਕੀਤਾ ਹੈ।

ਭਾਰਤੀ ਮੂਲ ਦੀ ਕਮਲਾ ਹੈਰਿਸ ਬਣ ਸਕਦੇ ਨੇ ਉਮੀਦਵਾਰ

ਉਧਰ ਕਮਲਾ ਹੈਰਿਸ ਨੇ ਬਾਇਡਨ ਦੀ ਹਮਾਇਤ ਪ੍ਰਵਾਨ ਕਰਦਿਆਂ ਕਿਹਾ ਕਿ ਉਹ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਜਿੱਤਣ ਲਈ ਤਿਆਰ ਬਰ ਤਿਆਰ ਹਨ ਪਰ ਦੂਜੇ ਪਾਸੇ ਮਿਸ਼ੇਲ ਓਬਾਮਾ ਨੂੰ ਮੈਦਾਨ ਵਿਚ ਉਤਾਰਨ ਦੀ ਆਵਾਜ਼ ਵੀ ਬੁਲੰਣ ਹੋਣ ਲੱਗੀ ਹੈ। ਜੋਅ ਬਾਇਡਨ ਨੇ ਆਪਣੀ ਚਿੱਠੀ ਵਿਚ ਕਿਹਾ, ‘‘ਸਾਢੇ ਤਿੰਨ ਸਾਲ ਵਿਚ ਸਾਡੇ ਮੁਲਕ ਨੇ ਤੇਜ਼ ਤਰੱਕੀ ਕੀਤੀ ਅਤੇ ਅਮਰੀਕਾ ਦੁਨੀਆਂ ਦੇ ਸਭ ਤੋਂ ਮਜ਼ਬੂਤ ਅਰਥਚਾਰੇ ਵਜੋਂ ਕਾਇਮ ਹੈ। ਅਸੀਂ ਦੇਸ਼ ਨੂੰ ਅੱਗੇ ਲਿਜਾਣ ਲਈ ਇਤਿਹਾਸਕ ਨਿਵੇਸ਼ ਕੀਤੇ। ਅਮਰੀਕਾ ਵਿਚ ਜਿੰਨੇ ਬਿਹਤਰ ਹਾਲਾਤ ਇਸ ਵੇਲੇ ਹਨ, ਓਨੇ ਸ਼ਾਇਦ ਪਹਿਲਾਂ ਕਦੇ ਵੀ ਨਹੀਂ ਰਹੇ। ਇਹ ਸਭ ਅਮਰੀਕਾ ਵਾਸੀਆਂ ਤੋਂ ਬਗੈਰ ਸੰਭਵ ਨਹੀਂ ਸੀ। ਅਸੀਂ ਇਕਜੁਟ ਹੋ ਕੇ 100 ਸਾਲ ਦੀ ਸਭ ਤੋਂ ਖਤਰਨਾਕ ਮਹਾਂਮਾਰੀ ਦਾ ਟਾਕਰਾ ਕੀਤਾ ਅਤੇ ਸਭ ਤੋਂ ਖਤਰਨਾਕ ਆਰਥਿਕ ਸੰਕਟ ਵਿਚੋਂ ਵੀ ਬਾਹਰ ਆਏ। ਅਸੀਂ ਲੋਕਤੰਤਰ ਨੂੰ ਬਚਾਇਆ ਅਤੇ ਦੁਨੀਆ ਭਰ ਵਿਚ ਆਪਣੇ ਸਾਥੀਆਂ ਨੂੰ ਮਜ਼ਬੂਤ ਕੀਤਾ। ਬਤੌਰ ਰਾਸ਼ਟਰਪਤੀ ਮੁਲਕ ਦੀ ਸੇਵਾ ਕਰਨਾ ਮੇਰੇ ਵਾਸਤੇ ਮਾਣ ਵਾਲੀ ਗੱਲ ਹੈ ਅਤੇ ਬਿਹਤਰੀਨ ਸਾਥੀ ਵਜੋਂ ਕੰਮ ਕਰਨ ਵਾਲੀ ਕਮਲਾ ਹੈਰਿਸ ਬਹੁਤ ਬਹੁਤ ਸ਼ੁਕਰੀਆ।’’ ਚੇਤੇ ਰਹੇ ਕਿ ਬਾਇਡਨ ਦਾ ਫੈਸਲਾ ਅਚਨਚੇਤ ਆਇਆ ਕਿ ਕਿਉਂਕਿ ਇਕ ਦਿਨ ਪਹਿਲਾਂ ਉਨ੍ਹਾਂ ਨੇ ਟਰੰਪ ਨੂੰ ਮੁੜ ਹਰਾਉਣ ਦਾ ਦਾਅਵਾ ਕੀਤਾ ਸੀ। ਕੋਰੋਨਾ ਕਾਰਨ ਇਕਾਂਤਵਾਸ ਵਿਚ ਰਹਿ ਰਹੇ ਰਾਸ਼ਟਰਪਤੀ ਵੱਲੋਂ ਅਚਾਨਕ ਆਏ ਇਸ ਐਲਾਨ ਤੋਂ ਸਿਆਸੀ ਮਾਹਰ ਵੀ ਹੈਰਾਨ।

ਬਾਇਡਨ ਦੇ ਹਟਦਿਆਂ ਹੀ ਡੈਮੋਕ੍ਰੈਟਿਕ ਪਾਰਟੀ ਉਤੇ ਹੋਈ ਡਾਲਰਾਂ ਦੀ ਬਾਰਸ਼

ਭਾਵੇਂ ਡੈਮੋਕ੍ਰੈਟਿਕ ਪਾਰਟੀ ਦੇ ਜ਼ਿਆਦਾਤਰ ਆਗੂ ਬਾਇਡਨ ’ਤੇ ਚੋਣ ਮੁਕਾਬਲੇ ਵਿਚੋਂ ਬਾਹਰ ਹੋਣ ਦਾ ਦਬਾਅ ਪਾ ਰਹੇ ਸਨ ਪਰ ਰਾਸ਼ਟਰਪਤੀ ਨੇ ਕਿਸੇ ਦੀ ਇਕ ਨਾ ਸੁਣੀ ਅਤੇ ਦਲੀਲ ਦਿਤੀ ਕਿ ਜੇ ਡਾਕਟਰ ਉਨ੍ਹਾਂ ਨੂੰ ਅਨਫਿਟ ਕਰਾਰ ਦੇਣਗੇ ਤਾਂ ਹੀ ਉਹ ਚੋਣ ਮੈਦਾਨ ਤੋਂ ਬਾਹਰ ਹੋ ਸਕਦੇ ਹਨ। ਜੋਅ ਬਾਇਡਨ ਦੀ ਚਿੱਠੀ ਸਾਹਮਣੇ ਆਉਣ ਤੋਂ 20 ਮਿੰਟ ਦੇ ਅੰਦਰ ਹੀ ਡੈਮੋਕ੍ਰੈਟਿਕ ਪਾਰਟੀ ਨੂੰ 10 ਲੱਖ ਡਾਲਰ ਦਾ ਚੰਦਾ ਮਿਲ ਗਿਆ ਅਤੇ ਇਹ ਰਕਮ ਸਮੇਂ ਦੇ ਨਾਲ ਨਾਲ ਵਧਣ ਲੱਗੀ। ਪਹਿਲੇ ਤਿੰਨ ਘੰਟੇ ਦੌਰਾਨ 16 ਮਿਲੀਅਨ ਡਾਲਰ ਆ ਚੁੱਕੇ ਸਨ ਅਤੇ ਚਾਰ ਘੰਟੇ ਬਾਅਦ ਰਕਮ 25 ਮਿਲੀਅਨ ਤੱਕ ਪੁੱਜ ਗਈ। ਛੇ ਘੰਟੇ ਬਾਅਦ 35 ਮਿਲੀਅਨ ਡਾਲਰ ਆ ਚੁੱਕੇ ਸਨ ਅਤੇ ਸੱਤ ਘੰਟੇ ਬਾਅਦ ਅੰਕੜਾ 50 ਮਿਲੀਅਨ ਡਾਲਰ ਤੱਕ ਪੁੱਜ ਗਿਆ। ਇਥੇ ਦਸਣਾ ਬਣਦਾ ਹੈ ਕਿ ਡੈਮੋਕ੍ਰੈਟਿਕ ਪਾਰਟੀ ਦੀ ਕੌਮੀ ਕਨਵੈਨਸ਼ਨ 19 ਅਗਸਤ ਤੋਂ ਸ਼ੁਰੂ ਹੋਵੇਗੀ ਅਤੇ ਕਮਲਾ ਹੈਰਿਸ ਨੂੰ ਉਮੀਦਵਾਰ ਬਣਨ ਲਈ ਬਹੁਗਿਣਤੀ ਡੈਲੀਗੇਟਸ ਦੀ ਹਮਾਇਤ ਹਾਸਲ ਕਰਨੀ ਹੋਵੇਗੀ। ਇਸੇ ਦੌਰਾਨ ਭਾਰਤੀ ਮੂਲ ਦੇ ਸਾਰੇ ਪੰਜ ਸੰਸਦ ਮੈਂਬਰਾਂ ਵੱਲੋਂ ਜੋਅ ਬਾਇਡਨ ਦੇ ਫੈਸਲੇ ਦਾ ਸਵਾਗਤ ਕੀਤਾ ਗਿਆ ਹੈ ਅਤੇ ਤਿੰਨ ਸੰਸਦ ਮੈਂਬਰਾਂ ਨੇ ਰਾਸ਼ਟਰਪਤੀ ਅਹੁਦੇ ਲਈ ਕਮਲਾ ਹੈਰਿਸ ਦੀ ਹਮਾਇਤ ਦਾ ਐਲਾਨ ਕਰ ਦਿਤਾ। ਰੋਅ ਖੰਨਾ, ਸ੍ਰੀ ਥਾਣੇਦਾਰ ਅਤੇ ਪ੍ਰਮੀਲਾ ਜੈਪਾਲ ਬਿਨਾਂ ਦੇਰ ਕੀਤਿਆਂ ਕਮਲਾ ਹੈਰਿਸ ਦੇ ਹੱਕ ਵਿਚ ਆ ਗਏ ਜਦਕਿ ਰਾਜਾ ਕ੍ਰਿਸ਼ਨਾਮੂਰਤੀ ਅਤੇ ਐਮੀ ਬੇਰਾ ਵੱਲੋਂ ਇਸ ਬਾਰੇ ਫਿਲਹਾਲ ਕੋਈ ਟਿੱਪਣੀ ਨਹੀਂ ਕੀਤੀ ਗਈ।

Tags:    

Similar News