ਅਮਰੀਕਾ ਪੜ੍ਹਦੇ ਕੌਮਾਂਤਰੀ ਵਿਦਿਆਰਥੀਆਂ ਨੂੰ ਭਾਜੜਾਂ

ਅਮਰੀਕਾ ਤੋਂ ਬਾਹਰ ਗਏ ਕੌਮਾਂਤਰੀ ਵਿਦਿਆਰਥੀਆਂ ਨੂੰ ਟਰੰਪ ਦੇ ਸਹੁੰ ਚੁੱਕਣ ਤੋਂ ਪਹਿਲਾਂ ਵਾਪਸੀ ਕਰਨ ਦੀ ਹਦਾਇਤ ਦਿਤੀ ਗਈ ਹੈ।

Update: 2024-11-30 10:09 GMT

ਵਾਸ਼ਿੰਗਟਨ : ਅਮਰੀਕਾ ਤੋਂ ਬਾਹਰ ਗਏ ਕੌਮਾਂਤਰੀ ਵਿਦਿਆਰਥੀਆਂ ਨੂੰ ਟਰੰਪ ਦੇ ਸਹੁੰ ਚੁੱਕਣ ਤੋਂ ਪਹਿਲਾਂ ਵਾਪਸੀ ਕਰਨ ਦੀ ਹਦਾਇਤ ਦਿਤੀ ਗਈ ਹੈ। ਜੀ ਹਾਂ, ਕਈ ਯੂਨੀਵਰਸਿਟੀਜ਼ ਵੱਲੋਂ ਖਦਸ਼ਾ ਜ਼ਾਹਰ ਕੀਤਾ ਗਿਆ ਹੈ ਕਿ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਮਗਰੋਂ ਡੌਨਲਡ ਟਰੰਪ ਆਵਾਜਾਈ ਬੰਦਿਸ਼ਾਂ ਲਾ ਸਕਦੇ ਹਨ ਜਿਸ ਦੇ ਮੱਦੇਨਜ਼ਰ ਆਪਣੇ ਮੁਲਕ ਦਾ ਗੇੜਾ ਲਾਉਣ ਗਏ ਕੌਮਾਂਤਰੀ ਵਿਦਿਆਰਥੀਆਂ ਨੂੰ ਤੁਰਤ ਵਾਪਸੀ ਕਰ ਲੈਣੀ ਚਾਹੀਦੀ ਹੈ। ਟਰੰਪ ਦਾ ਸਹੁੰ ਚੁੱਕ ਸਮਾਗਮ 20 ਜਨਵਰੀ ਨੂੰ ਹੋਣਾ ਹੈ ਅਤੇ ਪਹਿਲੇ ਹੀ ਦਿਨ ਉਨ੍ਹਾਂ ਵੱਲੋਂ ਇੰਮੀਗ੍ਰੇਸ਼ਨ ਅਤੇ ਅਰਥਚਾਰੇ ਨਾਲ ਸਬੰਧਤ ਕਈ ਕਾਰਜਕਾਰੀ ਹੁਕਮਾਂ ’ਤੇ ਦਸਤਖ਼ਤ ਕੀਤੇ ਜਾ ਸਕਦੇ ਹਨ।

ਯੂਨੀਵਰਸਿਟੀਜ਼ ਵੱਲੋਂ ਤੁਰਤ ਵਾਪਸੀ ਕਰਨ ਦਾ ਸੁਝਾਅ

ਅਮਰੀਕਾ ਵਿਚ ਪੜ੍ਹ ਰਹੇ ਕੌਮਾਂਤਰੀ ਵਿਦਿਆਰਥੀਆਂ ਵਿਚੋਂ ਅੱਧ ਤੋਂ ਵੱਧ ਭਾਰਤ ਅਤੇ ਚੀਨ ਨਾਲ ਸਬੰਧਤ ਹਨ ਅਤੇ ਵਿਦਿਅਕ ਅਦਾਰੇ ਟਰੰਪ ਦੇ ਪਹਿਲੇ ਕਾਰਜਕਾਲ ਨੂੰ ਨਹੀਂ ਭੁੱਲੇ ਜਦੋਂ ਆਵਾਜਾਈ ਬੰਦਿਸ਼ਾਂ ਨੇ ਵੱਡੀਆਂ ਦਿੱਕਤਾਂ ਪੈਦਾ ਕੀਤੀਆਂ। 2009 ਮਗਰੋਂ ਪਹਿਲੀ ਵਾਰ ਅਮਰੀਕਾ ਵਿਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਸਭ ਤੋਂ ਵੱਧ ਦਰਜ ਕੀਤੀ ਗਈ। ਇਸ ਵੇਲੇ 3 ਲੱਖ 31 ਹਜ਼ਾਰ ਤੋਂ ਵੱਧ ਵਿਦਿਆਰਥੀ ਅਮਰੀਕਾ ਵਿਚ ਪੜ੍ਹ ਰਹੇ ਹਨ ਅਤੇ ਸਾਲਾਨਾ ਆਧਾਰ ’ਤੇ ਇਸ ਅੰਕੜੇ ਵਿਚ 23 ਫੀ ਸਦੀ ਵਾਧਾ ਹੋਇਆ ਹੈ। ਦੂਜੇ ਸਥਾਨ ’ਤੇ ਚੀਨ ਆਉਂਦਾ ਹੈ ਜਿਸ ਦੇ 2 ਲੱਖ 77 ਹਜ਼ਾਰ ਤੋਂ ਵੱਧ ਵਿਦਿਆਰਥੀ ਅਮਰੀਕਾ ਵਿਚ ਮੌਜੂਦ ਹਨ। ਮੈਸਾਚਿਊਸੈਟਸ ਇੰਸਟੀਚਿਊਟ ਆਫ਼ ਟੈਕਨਾਲੋਜੀ ਵਿਚ ਕੌਮਾਂਤਰੀ ਵਿਦਿਆਰਥੀਆਂ ਬਾਰੇ ਦਫ਼ਤਰ ਦੇ ਡਾਇਰੈਕਟਰ ਅਤੇ ਐਸੋਸੀਏਟ ਡੀਨ ਡੇਵਿਡ ਐਲਵੈਲ ਨੇ ਦੱਸਿਆ ਕਿ ਰਾਸ਼ਟਰਪਤੀ ਚੋਣਾਂ ਤੋਂ ਬਾਅਦ ਜਦੋਂ ਸੱਤਾ ਬਦਲਦੀ ਹੈ ਤਾਂ ਉਚੇਰੀ ਸਿੱਖਿਆ, ਇੰਮੀਗ੍ਰੇਸ਼ਨ ਅਤੇ ਹੋਰ ਕਈ ਨੀਤੀਆਂ ਵਿਚ ਵੀ ਬਦਲਾਅ ਆਉਂਦਾ ਹੈ। ਐਲਵੈਲ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਦਸੰਬਰ ਵਿਚ ਛੁੱਟੀਆਂ ਦੌਰਾਨ ਆਪਣੇ ਮੁਲਕ ਦਾ ਗੇੜਾ ਲਾਉਣ ਦੀ ਯੋਜਨਾ ਬਣਾ ਰਹੇ ਨੌਜਵਾਨ ਮੁੜ ਸੋਚ ਲੈਣ ਕਿਉਂਕਿ ਟਰੰਪ ਦੇ ਸੱਤਾ ਸੰਭਾਲਣ ਮਗਰੋਂ ਆਵਾਜਾਈ ਅਤੇ ਵੀਜ਼ਾ ਪ੍ਰੋਸੈਸਿੰਗ ਬੁਰੀ ਤਰ੍ਹਾਂ ਪ੍ਰਭਾਵਤ ਹੋ ਸਕਦੀ ਹੈ।

ਅਮਰੀਕਾ ਵਿਚ ਪੜ੍ਹ ਰਹੇ ਨੇ 3.31 ਲੱਖ ਭਾਰਤੀ ਵਿਦਿਆਰਥੀ

ਦੂਜੇ ਪਾਸੇ ਚੋਣਾਂ ਮਗਰੋਂ ਵੱਖ ਵੱਖ ਮੁਲਕਾਂ ਵਿਚ ਸਥਿਤ ਅਮਰੀਕੀ ਅੰਬੈਸੀਆਂ ਅਤੇ ਕੌਂਸਲੇਟਸ ਵਿਚ ਸਟਾਫ਼ ਵੀ ਬਦਲਿਆ ਜਾਂਦਾ ਹੈ ਅਤੇ ਇਸ ਨਾਲ ਵੀਜ਼ਾ ਪ੍ਰੋਸੈਸਿੰਗ ਦਾ ਸਮਾਂ ਵਧ ਸਕਦਾ ਹੈ। ਐਲਵੈਲ ਨੇ ਅੱਗੇ ਕਿਹਾ ਕਿ ਜਿਹੜੇ ਵਿਦਿਆਰਥੀ ਆਪਣੇ ਮੁਲਕ ਜਾ ਚੁੱਕੇ ਹਨ ਅਤੇ ਉਨ੍ਹਾਂ ਨੂੰ ਅਮਰੀਕਾ ਵਾਪਸੀ ਕਰਨ ਲਈ ਮੁੜ ਐਂਟਰੀ ਵੀਜ਼ਾ ਲੈਣ ਦੀ ਜ਼ਰੂਰਤ ਹੈ, ਉਹ ਹੁਣੇ ਤੋਂ ਤਿਆਰੀ ਸ਼ੁਰੂ ਕਰ ਦੇਣ। ਸਮਾਂ ਲੰਘਣ ਮਗਰੋਂ ਵੀਜ਼ਾ ਪ੍ਰੋਸੈਸਿੰਗ ਵਿਚ ਹੋਣ ਵਾਲੀ ਦੇਰ ਵਿਦਿਆਰਥੀਆਂ ਦੇ ਅਮਰੀਕਾ ਪਰਤਣ ਦੀ ਯੋਜਨਾ ਨੂੰ ਪ੍ਰਭਾਵਤ ਕਰ ਸਕਦੀ ਹੈ। ਇਸੇ ਦੌਰਾਨ ਯੂਨੀਵਰਸਿਟੀ ਆਫ਼ ਮੈਸਾਚਿਊਸੈਟਸ ਦੇ ਕੌਮਾਂਤਰੀ ਮਾਮਲਿਆਂ ਬਾਰੇ ਦਫ਼ਤਰ ਨੇ ਟਰੈਵਲ ਐਡਵਾਇਜ਼ਰੀ ਜਾਰੀ ਕਰਦਿਆਂ ਕਿਹਾ ਹੈ ਕਿ ਵਿੰਟਰ ਬਰੇਕ ਦੌਰਾਨ ਕੌਮਾਂਤਰੀ ਸਫ਼ਰ ਦੀ ਯੋਜਨਾ ਬਣਾ ਰਹੇ ਵਿਦਿਆਰਥੀ ਅਤੇ ਸਟਾਫ਼ 20 ਜਨਵਰੀ ਤੋਂ ਪਹਿਲਾਂ ਪਹਿਲਾਂ ਅਮਰੀਕਾ ਵਾਪਸੀ ਯਕੀਨੀ ਬਣਾਉਣ। ਯੂਨੀਵਰਸਿਟੀ ਨੇ ਕਿਹਾ ਕਿ ਨਵੀਂ ਸਰਕਾਰ ਪਹਿਲੇ ਦਿਨ ਤੋਂ ਹੀ ਨਵੀਆਂ ਨੀਤੀਆਂ ਲਾਗੂ ਕਰ ਸਕਦੀ ਹੈ ਅਤੇ ਵਿਦੇਸ਼ਾਂ ਵਿਚ ਮੌਜੂਦ ਕੌਮਾਂਤਰੀ ਵਿਦਿਆਰਥੀ ਪ੍ਰਭਾਵਤ ਹੋ ਸਕਦੇ ਹਨ। ਇਸੇ ਦੌਰਾਨ ਵੈਸਲੀਅਨ ਯੂਨੀਵਰਸਿਟੀ ਨੇ ਕਿਹਾ ਕਿ ਨਵੀਆਂ ਨੀਤੀਆਂ ਨਾਲ ਕਿਹੜੇ ਮੁਲਕ ਪ੍ਰਭਾਵਤ ਹੋਣਗੇ, ਫਿਲਹਾਲ ਇਸ ਬਾਰੇ ਕੋਈ ਅੰਦਾਜ਼ਾ ਲਾਉਣਾ ਮੁਸ਼ਕਲ ਹੈ। ਇੰਮੀਗ੍ਰੇਸ਼ਨ ਨੀਤੀਆਂ ਵਿਚ ਸੰਭਾਵਤ ਤਬਦੀਲੀਆਂ ਬਾਰੇ ਗੈਰਯਕੀਨੀ ਵਾਲਾ ਮਾਹੌਲ ਬਣਿਆ ਹੋਇਆ ਹੈ ਅਤੇ 20 ਜਨਵਰੀ ਨੂੰ ਹੀ ਤਸਵੀਰ ਸਾਫ਼ ਹੋ ਸਕਦੀ ਹੈ।

Tags:    

Similar News