ਅਮਰੀਕਾ ’ਚ ਭਾਰਤੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਅਮਰੀਕਾ ਦੇ ਲੌਸ ਐਂਜਲਸ ਸ਼ਹਿਰ ਵਿਚ ਭਾਰਤੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ
ਲੌਸ ਐਂਜਲਸ : ਅਮਰੀਕਾ ਦੇ ਲੌਸ ਐਂਜਲਸ ਸ਼ਹਿਰ ਵਿਚ ਭਾਰਤੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਇਕ ਸਟੋਰ ’ਤੇ ਕੰਮ ਕਰਦੇ 26 ਸਾਲ ਦੇ ਕਪਿਲ ਸ਼ਰਮਾ ਨੇ ਸੜਕ ਕਿਨਾਰੇ ਪਿਸ਼ਾਬ ਕਰ ਰਹੇ ਕਾਲੇ ਨੂੰ ਟੋਕਿਆ ਤਾਂ ਉਸ ਨੇ ਪਸਤੌਲ ਕੱਢ ਕੇ ਗੋਲੀਆਂ ਚਲਾ ਦਿਤੀਆਂ। ਕਪਿਲ ਸ਼ਰਮਾ ਨੂੰ ਲਹੂ-ਲੁਹਾਣ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਨੇ ਦਮ ਤੋੜ ਦਿਤਾ। ਹਰਿਆਣਾ ਦੇ ਜੀਂਦ ਜ਼ਿਲ੍ਹੇ ਵਿਚ ਪੈਂਦੇ ਪਿੰਡ ਬਰਾਹ ਕਲਾਂ ਨਾਲ ਸਬੰਧਤ ਕਪਿਲ ਸ਼ਰਮਾ ਢਾਈ ਸਾਲ ਪਹਿਲਾਂ ਡੌਂਕੀ ਰੂਟ ਰਾਹੀਂ ਅਮਰੀਕਾ ਪੁੱਜਾ ਸੀ। ਦੋ ਭੈਣਾਂ ਦੇ ਇਕਲੌਤੇ ਭਰਾ ਕਪਿਲ ਨੂੰ ਉਸ ਦੇ ਮਾਪੇ ਵਿਦੇਸ਼ ਭੇਜਣਾ ਨਹੀਂ ਚਾਹੁੰਦੇ ਸਨ ਪਰ ਉਸ ਦੀ ਜ਼ਿਦ ਅੱਗੇ 45 ਲੱਖ ਰੁਪਏ ਖਰਚ ਕਰਨ ਵਾਸਤੇ ਸਹਿਮਤ ਹੋ ਗਏ।
ਮਾਪਿਆਂ ਦਾ ਇਕਲੌਤਾ ਪੁੱਤ ਸੀ ਕਪਿਲ ਸ਼ਰਮਾ
ਕਪਿਲ ਦੇ ਪਿਤਾ ਈਸ਼ਵਰ ਖੇਤੀ ਕਰਦੇ ਹਨ ਜਦਕਿ ਉਸ ਦੇ ਚਾਚਾ ਰਮੇਸ਼ ਦੀ ਪਿੱਲੂਖੇੜਾ ਵਿਖੇ ਟਰੈਕਟਰ ਏਜੰਸੀ ਹੈ। ਕਪਿਲ ਆਪਣੇ ਚਾਚੇ ਕੋਲ ਹੀ ਰਹਿੰਦਾ ਸੀ ਅਤੇ ਉਥੇ ਹੀ ਸਕੂਲ-ਕਾਲਜ ਦੀ ਪੜ੍ਹਾਈ ਕੀਤੀ। ਪੜ੍ਹਾਈ ਪੂਰੀ ਹੋਣ ’ਤੇ ਕਾਰੋਬਾਰ ਵਿਚ ਹੱਥ ਵਟਾਉਣ ਲੱਗਾ ਪਰ ਇਸੇ ਦੌਰਾਨ ਅਮਰੀਕਾ ਵਿਚ ਵਸਣ ਦਾ ਫੈਸਲਾ ਕਰ ਲਿਆ। ਕਪਿਲ ਦੇ ਚਾਚਾ ਰਮੇਸ਼ ਨੇ ਦੱਸਿਆ ਕਿ 2022 ਵਿਚ ਪਨਾਮਾ ਦੇ ਜੰਗਲ ਪਾਰ ਕਰਦਿਆਂ ਉਹ ਕਿਸੇ ਤਰੀਕੇ ਨਾਲ ਮੈਕਸੀਕੋ ਪੁੱਜਾ ਅਤੇ ਅਮਰੀਕਾ ਵਿਚ ਦਾਖਲ ਹੁੰਦਿਆਂ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇੰਮੀਗ੍ਰੇਸ਼ਨ ਅਦਾਲਤ ਵਿਚ ਕੇਸ ਸ਼ੁਰੂ ਹੋਣ ’ਤੇ ਉਸ ਨੂੰ ਜ਼ਮਾਨਤ ਮਿਲ ਗਈ ਅਤੇ ਲੌਸ ਐਂਜਲਸ ਦੇ ਇਕ ਸਟੋਰ ਵਿਚ ਕੰਮ ਕਰਨ ਲੱਗਾ। ਲੌਸ ਐਂਜਲਸ ਪੁਲਿਸ ਨੇ ਐਤਵਾਰ ਨੂੰ ਕਪਿਲ ਦੀ ਮੌਤ ਬਾਰੇ ਪਰਵਾਰ ਨੂੰ ਇਤਲਾਹ ਦਿਤੀ ਅਤੇ ਇਹ ਵੀ ਦੱਸਿਆ ਕਿ ਪੋਸਟਮਾਰਟਮ ਬੁੱਧਵਾਰ ਨੂੰ ਕੀਤਾ ਜਾਵੇਗਾ ਅਤੇ ਇਸ ਤੋਂ ਬਾਅਦ ਹੀ ਕਪਿਲ ਦੀ ਦੇਹ ਭਾਰਤ ਭੇਜਣ ਦੀ ਪ੍ਰਕਿਰਿਆ ਆਰੰਭ ਹੋ ਸਕਦੀ ਹੈ। ਦੂਜੇ ਪਾਸੇ ਕਪਿਲ ਦੇ ਇਕ ਦੋਸਤ ਸ਼ਿਵਮ ਸ਼ਰਮਾ ਵੱਲੋਂ ਗੋਫੰਡਮੀ ਪੇਜ ਸਥਾਪਤ ਕਰਦਿਆਂ ਆਰਥਿਕ ਮਦਦ ਦੀ ਅਪੀਲ ਕੀਤੀ ਹੈ।
ਕਾਲੇ ਨੂੰ ਪਿਸ਼ਾਬ ਕਰਨ ਤੋਂ ਰੋਕਣ ’ਤੇ ਵਾਪਰੀ ਵਾਰਦਾਤ
ਪਿੰਡ ਬਰਾਹ ਕਲਾਂ ਦੇ ਸਰਪੰਚ ਗੌਤਮ ਦਾ ਕਹਿਣਾ ਸੀ ਕਿ ਇਸ ਦੁੱਖ ਦੀ ਘੜੀ ਦੌਰਾਨ ਪੂਰਾ ਪਿੰਡ ਪਰਵਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਕਪਿਲ ਦੀ ਦੇਹ ਅਮਰੀਕਾ ਤੋਂ ਲਿਆਉਣ ਲਈ ਉਹ ਜੀਂਦ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਮਿਲਣ ਜਾ ਰਹੇ ਹਨ। ਦੱਸ ਦੇਈਏ ਕਿ ਅਮਰੀਕਾ-ਕੈਨੇਡਾ ਵਿਚ ਜਨਤਕ ਥਾਵਾਂ ’ਤੇ ਪਿਸ਼ਾਬ ਕਰਨ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਕੈਨੇਡੀਅਨ ਲੋਕਾਂ ਵੱਲੋਂ ਅਕਸਰ ਹੀ ਭਾਰਤੀ ਲੋਕਾਂ ਨੂੰ ਨਿਸ਼ਾਨਾ ਬਣਾਉਂਦੀਆਂ ਵੀਡੀਓ ਸੋਸ਼ਲ ਮੀਡੀਆ ’ਤੇ ਅਪਲੋਡ ਕੀਤੀਆਂ ਜਾਂਦੀਆਂ ਹਨ। ਟੋਰਾਂਟੋ ਦੇ ਇਕ ਸਟੋਰ ਬਾਹਰ ਪਿਸ਼ਾਬ ਕਰ ਰਹੇ ਨੌਜਵਾਨ ਦੀ ਵੀਡੀਓ ਵਾਇਰਲ ਹੋ ਰਹੀ ਹੈ ਜੋ ਭਾਰਤੀ ਮੂਲ ਦੱਸਿਆ ਜਾ ਰਿਹਾ ਹੈ ਅਤੇ ਟਿੱਪਣੀਆਂ ਦਾ ਦੌਰ ਲਗਾਤਾਰ ਜਾਰੀ ਹੈ। ਦੂਜੇ ਪਾਸੇ ਬਰੈਂਪਟਨ ਵਿਖੇ ਇਕ ਕੁੜੀ ਵੱਲੋਂ ਕਿਸੇ ਦੇ ਘਰ ਵਿਚ ਪਿਸ਼ਾਬ ਕਰਨ ਦੀ ਵੀਡੀਓ ਵਾਇਰਲ ਹੋ ਰਹੀ ਹੈ ਅਤੇ ਲੋਕ ਭਾਰਤੀ ਲੋਕਾਂ ਬਾਰੇ ਹੈਰਾਨਕੁੰਨ ਟਿੱਪਣੀਆਂ ਕਰ ਰਹੇ ਹਨ।