ਅਮਰੀਕਾ ਵਿਚ ਭਾਰਤੀ ਨੌਜਵਾਨ ਨੇ ਲੁੱਟਿਆ ਲੱਖਾਂ ਡਾਲਰ ਦਾ ਸੋਨਾ

ਅਮਰੀਕਾ ਵਿਚ 21 ਸਾਲ ਦੇ ਗੁਜਰਾਤੀ ਨੌਜਵਾਨ ਰੌਸ਼ਨ ਸ਼ਾਹ ਨੂੰ ਲੱਖਾਂ ਡਾਲਰ ਦੀ ਠੱਗੀ ਦੇ ਮਾਮਲੇ ਵਿਚ ਚਾਰਜ ਕੀਤਾ ਗਿਆ ਹੈ

Update: 2025-09-01 13:24 GMT

ਵਿਸਕੌਨਸਿਨ : ਅਮਰੀਕਾ ਵਿਚ 21 ਸਾਲ ਦੇ ਗੁਜਰਾਤੀ ਨੌਜਵਾਨ ਰੌਸ਼ਨ ਸ਼ਾਹ ਨੂੰ ਲੱਖਾਂ ਡਾਲਰ ਦੀ ਠੱਗੀ ਦੇ ਮਾਮਲੇ ਵਿਚ ਚਾਰਜ ਕੀਤਾ ਗਿਆ ਹੈ। ਨਿਆਂ ਵਿਭਾਗ ਮੁਤਾਬਕ ਰੌਸ਼ਨ ਸ਼ਾਹ ਨੇ ਖੁਦ ਨੂੰ ਫੈਡਰਲ ਰਿਜ਼ਰਵ ਦਾ ਅਫ਼ਸਰ ਦਸਦਿਆਂ ਲੋਕਾਂ ਅੰਦਰ ਡਰ ਪੈਦਾ ਕੀਤਾ ਕਿ ਉਨ੍ਹਾਂ ਦਾ ਸੋਨਾ ਖਤਰੇ ਵਿਚ ਹੈ ਅਤੇ ਠੱਗਾਂ ਤੋਂ ਬਚਣ ਲਈ ਸੋਨੇ ਨੂੰ ਵਾਸ਼ਿੰਗਟਨ ਡੀ.ਸੀ. ਦੀ ਸੁਰੱਖਿਅਤ ਇਮਾਰਤ ਵਿਚ ਰਖਵਾ ਦਿਤਾ ਜਾਵੇ। ਸਟੱਡੀ ਵੀਜ਼ਾ ’ਤੇ ਕੈਨੇਡਾ ਪੁੱਜਣ ਮਗਰੋਂ ਰੌਸ਼ਨ ਸ਼ਾਹ ਵਿਜ਼ਟਰ ਵੀਜ਼ਾ ’ਤੇ ਅਮਰੀਕਾ ਦਾਖਲ ਹੋਇਆ ਅਤੇ ਕਈ ਰਾਜਾਂ ਵਿਚ ਲੋਕਾਂ ਤੋਂ ਨਕਦੀ ਅਤੇ ਸੋਨਾ ਹੜੱਪਿਆ।

ਵਿਸਕੌਨਸਿਨ ਦੇ ਨਿਊ ਬਰਲਿਨ ਵਿਖੇ ਅੜਿੱਕੇ ਆਇਆ ਰੌਸ਼ਨ ਸ਼ਾਹ

ਨਿਊ ਬਰਲਿਨ ਵਿਖੇ ਪੀੜਤਾਂ ਤੋਂ ਸੋਨਾ ਲੈਣ ਪੁੱਜਣ ਮੌਕੇ ਪੁਲਿਸ ਨੇ ਉਸ ਨੂੰ ਕਾਬੂ ਕੀਤਾ ਸੀ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਰੌਸ਼ਨ ਸ਼ਾਹ ਇਕੱਲਾ ਸਰਗਰਮ ਨਹੀਂ ਸੀ ਸਗੋਂ ਠੱਗਾਂ ਦਾ ਪੂਰਾ ਟੋਲਾ ਉਸ ਦੇ ਨਾਲ ਕੰਮ ਕਰ ਰਿਹਾ ਸੀ। ਰੌਸ਼ਨ ਸ਼ਾਹ ਦੇ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ ਜਦਕਿ ਉਸ ਦਾ ਦੋਸ਼ ਸਾਬਤ ਹੁੰਦਾ ਹੈ ਤਾਂ ਉਸ ਨੂੰ 20 ਸਾਲ ਤੱਕ ਦੀ ਕੈਦ ਹੋ ਸਕਦੀ ਹੈ ਅਤੇ ਇਸ ਮਗਰੋਂ ਡਿਪੋਰਟ ਕਰ ਦਿਤਾ ਜਾਵੇਗਾ। ਰੌਸ਼ਨ ਸ਼ਾਹ ਵੱਲੋਂ ਆਪਣੇ ਗਿਰੋਹ ਨਾਲ ਰਲ ਕੇ 5 ਲੱਖ ਡਾਲਰ ਤੋਂ ਵੱਧ ਮੁੱਲ ਦਾ ਸੋਨਾ ਲੋਕਾਂ ਤੋਂ ਹਾਸਲ ਕੀਤਾ ਗਿਆ।

20 ਸਾਲ ਦੀ ਸਜ਼ਾ ਮਗਰੋਂ ਕੀਤਾ ਜਾਵੇਗਾ ਡਿਪੋਰਟ!

ਮਾਮਲੇ ਦੀ ਪੜਤਾਲ ਵਿਚ ਨਿਊ ਬਰਲਿਨ ਪੁਲਿਸ ਵਿਭਾਗ ਤੋਂ ਇਲਾਵਾ ਫੈਡਰਲ ਲਾਅ ਐਨਫ਼ੋਰਸਮੈਂਟ ਏਜੰਸੀਆਂ ਨੇ ਵੀ ਯੋਗਦਾਨ ਪਾਇਆ। ਰੌਸ਼ਨ ਸ਼ਾਹ ਵਿਰੁੱਧ ਲੱਗੇ ਦੋਸ਼ਾਂ ਨੂੰ ਅਪਰਾਧ ਦਾ ਸਬੂਤ ਨਹੀਂ ਮੰਨਿਆ ਜਾ ਸਕਦਾ ਅਤੇ ਸਰਕਾਰੀ ਵਕੀਲਾਂ ਨੂੰ ਅਦਾਲਤ ਵਿਚ ਸਬੂਤਾਂ ਦੇ ਆਧਾਰ ’ਤੇ ਦੋਸ਼ ਸਾਬਤ ਕਰਨੇ ਹੋਣਗੇ।

Tags:    

Similar News