ਅਮਰੀਕਾ ’ਚ ਕਤਲ ਦੇ ਦੋਸ਼ ਹੇਠ ਭਾਰਤੀ ਨੌਜਵਾਨ ਗ੍ਰਿਫ਼ਤਾਰ
ਅਮਰੀਕਾ ਦੇ ਫਰੀਮੌਂਟ ਸ਼ਹਿਰ ਵਿਚ ਇਕ ਭਾਰਤੀ ਨੌਜਵਾਨ ਨੂੰ ਕਤਲ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ
ਫਰੀਮੌਂਟ : ਅਮਰੀਕਾ ਦੇ ਫਰੀਮੌਂਟ ਸ਼ਹਿਰ ਵਿਚ ਇਕ ਭਾਰਤੀ ਨੌਜਵਾਨ ਨੂੰ ਕਤਲ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਦੋ ਜਣਿਆਂ ਵਿਚਾਲੇ ਹੱਥੋਪਾਈ ਹੋਣ ਦੀ ਇਤਲਾਹ ਮਿਲਣ ਮਗਰੋਂ ਮੌਕੇ ’ਤੇ ਪੁੱਜੇ ਅਫ਼ਸਰਾਂ ਨੂੰ 71 ਸਾਲ ਦਾ ਡੇਵਿਡ ਬ੍ਰਿਮਰ ਧਰਤੀ ’ਤੇ ਪਿਆ ਮਿਲਿਆ ਜਿਸ ਦੀ ਮੌਤ ਹੋ ਚੁੱਕੀ ਸੀ ਜਦਕਿ 29 ਸਾਲ ਦਾ ਵਰੁਣ ਸੁਰੇਸ਼ ਨੇੜੇ ਹੀ ਖੜ੍ਹਾ ਸੀ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਸੁਰੇਸ਼ ਨੇ ਪੁੱਛ-ਪੜਤਾਲ ਦੌਰਾਨ ਦੱਸਿਆ ਕਿ ਉਹ ਕਈ ਸਾਲ ਤੋਂ ਸੈਕਸ ਔਫੈਂਡਰ ਦਾ ਕਤਲ ਕਰਨਾ ਚਾਹੁੰਦਾ ਸੀ ਕਿਉਂਕਿ ਇਹ ਬੱਚਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਕਤਲ ਦੀ ਵਾਰਦਾਤ ਤੋਂ ਪਹਿਲਾਂ ਸੁਰੇਸ਼, ਬ੍ਰਿਮਰ ਨੂੰ ਨਹੀਂ ਸੀ ਜਾਣਦਾ ਅਤੇ ਬ੍ਰਿਮਰ ਨਾਲ ਸਬੰਧਤ ਸਾਰੀ ਜਾਣਕਾਰੀ ਇਕ ਲਾਅ ਫਰਮ ਦੀ ਵੈਬਸਾਈਟ ਤੋਂ ਹਾਸਲ ਕੀਤੀ। ਬ੍ਰਿਮਰ ਨੂੰ 1995 ਵਿਚ ਇਕ ਬੱਚੇ ਨਾਲ ਗਲਤ ਹਰਕਤਾਂ ਕਰਨ ਦਾ ਦੋਸ਼ੀ ਕਰਾਰ ਦਿਤਾ ਗਿਆ ਅਤੇ ਉਸ ਨੇ 9 ਸਾਲ ਜੇਲ ਵੀ ਕੱਟੀ। ਦੂਜੇ ਪਾਸੇ ਸੁਰੇਸ਼ ਦੇ ਫੋਨ ਦੀ ਤਲਾਸ਼ੀ ਦੌਰਾਨ ਮੇਗਨਜ਼ ਲਾਅ ਵੈਬਸਾਈਟ ਦੀਆਂ ਕਈ ਤਸਵੀਰਾਂ ਮਿਲੀਆਂ ਜਿਨ੍ਹਾਂ ਵਿਚ ਦੋਸ਼ੀਆਂ ਦੀ ਸੂਚੀ ਅਤੇ ਉਨ੍ਹਾਂ ਦੇ ਨਾਂ-ਪਤੇ ਸ਼ਾਮਲ ਸਨ। ਜਾਂਚਕਰਤਾਵਾਂ ਮੁਤਾਬਕ ਬ੍ਰਿਮਰ ਦੇ ਵੇਰਵਿਆਂ ਨਾਲ ਸਬੰਧਤ ਸਕ੍ਰੀਨ ਸ਼ੌਰਟ 911 ’ਤੇ ਕਾਲ ਆਉਣ ਤੋਂ ਸਿਰਫ਼ 45 ਮਿੰਟ ਪਹਿਲਾਂ ਲਿਆ ਗਿਆ ਜਿਸ ਮਗਰੋਂ ਸੁਰੇਸ਼ ਛੁਰੇ ਨਾਲ ਲੈਸ ਹੋ ਕੇ ਬ੍ਰਿਮਰ ਦੀ ਭਾਲ ਵਿਚ ਨਿਕਲ ਗਿਆ। ਜਦੋਂ ਸੁਰੇਸ਼, ਬ੍ਰਿਮਰ ਦੇ ਘਰ ਪੁੱਜਾ ਤਾਂ ਅੰਦਰੋਂ ਆਵਾਜ਼ ਆਈ ਕਿ ਕੌਣ ਹੈ? ਇਸ ਦੇ ਜਵਾਬ ਵਿਚ ਸੁਰੇਸ਼ ਨੇ ਆਖ ਦਿਤਾ ਕਿ ਉਹ ਮੇਗਨਜ਼ ਲਾਅ ਵੈਬਸਾਈਟ ਤੋਂ ਆਇਆ ਹੈ।
29 ਸਾਲ ਦੇ ਵਰੁਣ ਸੁਰੇਸ਼ ਵਿਰੁੱਧ ਪਹਿਲਾਂ ਵੀ ਹੋ ਚੁੱਕੀ ਹੈ ਕਾਰਵਾਈ
ਬ੍ਰਿਮਾਰ ਬਾਹਰ ਆਇਆ ਤਾਂ ਸੁਰੇਸ਼ ਨੇ ਉਸ ਨੂੰ ਪਛਾਣ ਦੀ ਤਸਦੀਕ ਕਰਨ ਵਾਸਤੇ ਆਖਿਆ ਅਤੇ ਜਿਉਂ ਹੀ ਤਸਦੀਕ ਹੋਈ ਤਾਂ ਸੁਰੇਸ਼ ਨੇ ਉਸ ਨੂੰ ਧੱਕਾ ਮਾਰ ਕੇ ਅੰਦਰ ਲਿਜਾਣ ਦਾ ਯਤਨ ਕੀਤਾ ਪਰ ਬ੍ਰਿਮਰ ਬਾਹਰ ਵੱਲ ਦੌੜ ਗਿਆ। ਬ੍ਰਿਮਰ ਅੱਗੇ ਅੱਗੇ ਅਤੇ ਸੁਰੇਸ਼ ਉਸ ਦੇ ਪਿੱਛੇ ਪਿੱਛੇ ਦੌੜ ਰਿਹਾ ਸੀ। ਬ੍ਰਿਮਰ ਨੇ ਸੜਕ ਤੋਂ ਲੰਘ ਰਹੀ ਇਕ ਗੱਡੀ ਤੋਂ ਮਦਦ ਮੰਗੀ ਪਰ ਗੱਡੀ ਨਾ ਰੁਕੀ ਅਤੇ ਇਸੇ ਦੌਰਾਨ ਸੁਰੇਸ਼ ਨੇ ਛੁਰਾ ਕੱਢ ਲਿਆ। ਸੁਰੇਸ਼ ਮੁਤਾਬਕ ਬ੍ਰਿਮਰ ਨੇ ਆਪਣਾ ਬਚਾਅ ਕਰਨ ਵਾਸਤੇ ਰੋੜਾ ਚੁੱਕ ਲਿਆ ਪਰ ਸਫ਼ਲ ਨਾ ਹੋ ਸਕਿਆ। ਇਸੇ ਦੌਰਾਨ ਇਕ ਗੁਆਂਢੀ ਨੇ ਦਰਵਾਜ਼ਾ ਖੋਲਿ੍ਹਆ ਤਾਂ ਬ੍ਰਿਮਰ ਉਸ ਪਾਸੇ ਦੌੜਿਆ ਅਤੇ ਪੁਲਿਸ ਨੂੰ ਕਾਲ ਕਰਨ ਦਾ ਰੌਲਾ ਪਾ ਦਿਤਾ। ਬ੍ਰਿਮਰ ਨੇ ਗੁਆਂਢੀ ਦੇ ਘਰ ਅੰਦਰ ਦਾਖਲ ਹੋ ਕੇ ਦਰਵਾਜ਼ਾ ਬੰਦ ਕਰਨ ਦਾ ਯਤਨ ਵੀ ਕੀਤਾ ਪਰ ਸੁਰੇਸ਼ ਧੱਕਾ ਮਾਰ ਕੇ ਅੰਦਰ ਦਾਖਲ ਹੋ ਗਿਆ। ਆਖਰਕਾਰ ਸੁਰੇਸ਼ ਨੇ ਬ੍ਰਿਮਰ ਨੂੰ ਫੜ ਲਿਆ ਅਤੇ ਉਸ ਦੀ ਗਰਦਨ ’ਤੇ ਵਾਰ ਕਰਨੇ ਸ਼ੁਰੂ ਕਰ ਦਿਤੇ।
71 ਸਾਲ ਦੇ ਡੇਵਿਡ ਬ੍ਰਿਮਰ ਨੂੰ ਭਜਾ-ਭਜਾ ਕੇ ਮਾਰਿਆ
ਨਾਲੋ-ਨਾਲ ਸੁਰੇਸ਼ ਕਹਿ ਰਿਹਾ ਸੀ ਕਿ ਤੈਨੂੰ ਇਥੇ ਹੀ ਲੇਖਾ ਦੇ ਕੇ ਜਾਣਾ ਹੋਵੇਗਾ। ਇਸੇ ਦਰਮਿਆਨ ਸੁਰੇਸ਼ ਦੀ ਪਕੜ ਢਿੱਲੀ ਹੋਈ ਤਾਂ ਬ੍ਰਿਮਰ ਮੁੜ ਬਾਹਰ ਵੱਲ ਦੌੜਿਆ ਪਰ ਸੁਰੇਸ਼ ਨੇ ਉਸ ਨੂੰ ਵਿਹੜੇ ਵਿਚ ਢਾਹ ਲਿਆ ਅਤੇ ਛੁਰੇ ਮਾਰ ਕੇ ਕਥਿਤ ਤੌਰ ’ਤੇ ਹਲਾਕ ਕਰ ਦਿਤਾ। ਗ੍ਰਿਫ਼ਤਾਰੀ ਮਗਰੋਂ ਸੁਰੇਸ਼ ਨੇ ਦੱਸਿਆ ਕਿ ਉਸ ਨੇ ਫਰਾਰ ਹੋਣ ਦੀ ਯੋਜਨਾ ਨਹੀਂ ਸੀ ਬਣਾਈ ਅਤੇ ਜੇ ਪੁਲਿਸ ਨਾ ਪੁੱਜਦੀ ਤਾਂ ਉਸ ਨੇ ਖੁਦ 911 ’ਤੇ ਕਾਲ ਕਰ ਕੇ ਪੁਲਿਸ ਨੂੰ ਸੱਦਣਾ ਸੀ। ਇਥੇ ਦਸਣਾ ਬਣਦਾ ਹੈ ਕਿ ਸੁਰੇਸ਼ ਨੂੰ 2021 ਵਿਚ ਬੰਬ ਅਫਵਾਹ ਫੈਲਾਉਣ ਦੀ ਮਾਮਲੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਵੇਲੇ ਸੁਰੇਸ਼ ਨੇ ਪੁਲਿਸ ਨੂੰ ਦੱਸਿਆ ਕਿ ਸੰਭਾਵਤ ਤੌਰ ’ਤੇ ਹਯਾਤ ਹੋਟਲਜ਼ ਦਾ ਸੀ.ਈ.ਓ. ਬੱਚਿਆਂ ਦਾ ਸ਼ੋਸ਼ਣ ਕਰਦਾ ਹੈ।