ਅਮਰੀਕਾ ਵਿਚ ਭਾਰਤੀ ਚੋਰਨੀ ਆਈ ਪੁਲਿਸ ਅੜਿੱਕੇ
ਅਮਰੀਕਾ ਪੁਲਿਸ ਵੱਲੋਂ ਗ੍ਰਿਫ਼ਤਾਰ ਭਾਰਤੀ ਚੋਰਨੀ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਬੇਹੱਦ ਵਾਇਰਲ ਹੋ ਰਹੀ ਹੈ
ਸਪ੍ਰਿੰਗਫੀਲਡ : ਅਮਰੀਕਾ ਪੁਲਿਸ ਵੱਲੋਂ ਗ੍ਰਿਫ਼ਤਾਰ ਭਾਰਤੀ ਚੋਰਨੀ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਬੇਹੱਦ ਵਾਇਰਲ ਹੋ ਰਹੀ ਹੈ। ਪੁਲਿਸ ਦੀ ਪੁੱਛ-ਪੜਤਾਲ ਦੌਰਾਨ ਘਬਰਾਈ ਔਰਤ ਆਪਣੀ ਪਛਾਣ ਗੁਜਰਾਤੀ ਔਰਤ ਵਜੋਂ ਕਰਵਾ ਰਹੀ ਹੈ ਅਤੇ ਪੁਲਿਸ ਅਫ਼ਸਰਾਂ ਅੱਗੇ ਹੱਥ ਜੋੜਦੀ ਵੀ ਦੇਖੀ ਜਾ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਔਰਤ ਨੂੰ ਟਾਰਗੈਟ ਸਟੋਰ ਤੋਂ ਚੋਰੀ ਕਰਦਿਆਂ ਕਾਬੂ ਕੀਤਾ ਗਿਆ ਅਤੇ ਇਸ ਤੋਂ ਪਹਿਲਾਂ ਵੀ ਉਹ ਕਥਿਤ ਤੌਰ ’ਤੇ ਕਈ ਚੋਰੀਆਂ ਕਰ ਚੁੱਕੀ ਹੈ। ਵੀਡੀਓ 15 ਜਨਵਰੀ ਨੂੰ ਬੌਡੀ ਕੈਮਰਿਆਂ ਵਿਚ ਰਿਕਾਰਡ ਹੋਈ ਪਰ ਹੁਣ ਇਹ ਟਿਕਟੌਕ ਅਤੇ ਹੋਰ ਸੋਸ਼ਲ ਮੀਡੀਆ ਪਲੈਟਫ਼ਾਰਮਜ਼ ’ਤੇ ਦੇਖੀ ਜਾ ਸਕਦੀ ਹੈ।
ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਵੀਡੀਓ
ਘਬਰਾਈ ਹੋਈ ਔਰਤ ਕਦੇ ਰੋਣ ਲਗਦੀ ਹੈ ਅਤੇ ਕਦੇ ਔਖੇ ਔਖੇ ਸਾਹ ਲੈਣ ਲਗਦੀ ਹੈ ਜਦਕਿ ਪੁਲਿਸ ਅਫ਼ਸਰ ਉਸ ਨੂੰ ਲਗਾਤਾਰ ਸਵਾਲ ਕਰਦੇ ਸੁਣੇ ਜਾ ਸਕਦੇ ਹਨ। ਮੁਢਲੇ ਤੌਰ ’ਤੇ ਇਕ ਪੁਲਿਸ ਅਫ਼ਸਰ ਕਹਿੰਦਾ ਹੈ ਕਿ ਹੁਣ ਤੈਨੂੰ ਆਜ਼ਾਦ ਨਹੀਂ ਕੀਤਾ ਜਾ ਸਕਦਾ। ਇਹ ਪੁੱਛੇ ਜਾਣ ’ਤੇ ਕਿ ਕੀ ਅੰਗਰੇਜ਼ੀ ਆਉਂਦੀ ਹੈ ਤਾਂ ਔਰਤ ਦਾ ਜਵਾਬ ਆਉਂਦਾ ਹੈ ਕਿ ਨਹੀਂ, ਬਹੁਤੀ ਨਹੀਂ ਆਉਂਦੀ ਅਤੇ ਆਪਣੀ ਮਾਂ ਬੋਲੀ ਗੁਜਰਾਤੀ ਦਸਦੀ ਹੈ। ਪੁਲਿਸ ਅਫ਼ਸਰਾਂ ਵੱਲੋਂ ਟ੍ਰਾਂਸਲੇਟਰ ਦੀ ਸਹੂਲਤ ਮੁਹੱਈਆ ਕਰਵਾਉਣ ਦੀ ਪੇਸ਼ਕਸ਼ ਵੀ ਉਹ ਰੱਦ ਕਰ ਦਿੰਦੀ ਹੈ। ਪੁਲਿਸ ਅਫਸਰ ਉਸ ਤੋਂ ਪੁੱਛਦੇ ਹਨ ਕਿ ਕੀ ਕਿਸੇ ਬਿਮਾਰੀ ਕਾਰਨ ਉਸ ਨੂੰ ਸਾਹ ਲੈਣ ਵਿਚ ਦਿੱਕਤ ਆ ਰਹੀ ਹੈ। ਦੱਸ ਦੇਈਏ ਕਿ ਟਾਰਗੈਟ ਸਟੋਰ ਦੇ ਸਟਾਫ਼ ਵੱਲੋਂ ਚੋਰਨੀ ਵਿਰੁੱਧ ਇਕ ਵੀਡੀਓ ਪੁਲਿਸ ਨੂੰ ਦਿਤੀ ਗਈ ਹੈ ਜਿਸ ਵਿਚ ਉਹ ਬਗੈਰ ਅਦਾਇਗੀ ਕੀਤਿਆਂ ਰੇਹੜ੍ਹੀ ਭਰ ਕੇ ਸਮਾਨ ਲੈ ਜਾਂਦੀ ਹੈ।
ਔਖੇ ਔਖੇ ਸਾਹ ਲੈਂਦਿਆਂ ਖੁਦ ਨੂੰ ਗੁਜਰਾਤੀ ਦੱਸ ਰਹੀ ਔਰਤ
ਔਰਤ ਕੋਲ ਵਾਸ਼ਿੰਗਟਨ ਸੂਬੇ ਦਾ ਡਰਾਈਵਿੰਗ ਲਾਇਸੰਸ ਦੱਸਿਆ ਜਾ ਰਿਹਾ ਹੈ ਅਤੇ ਸਟੋਰ ਦੇ ਮੁਲਾਜ਼ਮਾਂ ਮੁਤਾਬਕ ਉਹ ਅਕਸਰ ਹੀ ਸਟੋਰ ਵਿਚ ਖਰੀਦਾਰੀ ਕਰਨ ਆਉਂਦੀ ਸੀ। ਵੀਡੀਓ ਵਿਚ ਪੁਲਿਸ ਵੱਲੋਂ ਔਰਤ ਨੂੰ ਦੱਸਿਆ ਜਾਂਦਾ ਹੈ ਕਿ ਤੈਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਬਿਲਕੁਲ ਇਸੇ ਕਿਸਮ ਦੀ ਇਕ ਵੀਡੀਓ ਕੁਝ ਹਫ਼ਤੇ ਪਹਿਲਾਂ ਵਾਇਰਲ ਹੋਈ ਸੀ ਜਿਸ ਵਿਚ ਭਾਰਤੀ ਮੂਲ ਦੀ ਔਰਤ 1,300 ਡਾਲਰ ਦਾ ਸਮਾਨ ਚੋਰੀ ਕਰ ਕੇ ਲਿਜਾਂਦੀ ਨਜ਼ਰ ਆਈ। ਮੀਡੀਆ ਰਿਪੋਰਟਾਂ ਮੁਤਾਬਕ ਉਸ ਔਰਤ ਨੇ ਸਟੋਰ ਵਿਚ ਸੱਤ ਘੰਟੇ ਬਤੀਤ ਕੀਤੇ ਅਤੇ ਹਰ ਚੀਜ਼ ਆਪਣੇ ਕਾਰਟ ਵਿਚ ਲੱਦ ਕੇ ਲੈ ਗਈ। ਇਕ ਪੁਲਿਸ ਅਫ਼ਸਰ ਉਸ ਨੂੰ ਸਵਾਲ ਕਰਦਾ ਸੁਣਿਆ ਜਾ ਸਕਦਾ ਹੈ ਕਿ ਕੀ ਤੈਨੂੰ ਭਾਰਤ ਵਿਚ ਵੀ ਚੋਰੀ ਕਰਨ ਦੀ ਇਜਾਜ਼ਤ ਮਿਲੀ ਹੋਈ ਹੈ?