ਅਮਰੀਕੀ ਕਾਲਜਾਂ ’ਚ ਦਾਖ਼ਲੇ ’ਤੇ ਭਾਰਤੀਆਂ ਨੇ ਮਾਰੀ ਬਾਜ਼ੀ
ਕੈਨੇਡਾ ਵਿਚ ਵਿਦੇਸ਼ੀ ਵਿਦਿਆਰਥੀਆਂ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਮੂਹਰੇ ਭਾਰਤੀ ਹੀ ਆਉਂਦੇ ਨੇ ਪਰ ਹੁਣ ਅਮਰੀਕੀ ਯੂਨੀਵਰਸਿਟੀਆਂ ਵਿਚ ਦਾਖ਼ਲਾ ਲੈਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਵਿਚ ਵੀ ਭਾਰਤੀਆਂ ਨੇ ਬਾਜ਼ੀ ਮਾਰ ਲਈ ਐ। ਜੀ ਹਾਂ, ਇਕ ਰਿਪੋਰਟ ਦੇ ਮੁਤਾਬਕ ਅਮਰੀਕੀ ਕਾਲਜਾਂ ਵਿਚ ਦਾਖ਼ਲਾ ਲੈਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਵਿਚ ਸਭ ਤੋਂ ਜ਼ਿਆਦਾ ਗਿਣਤੀ ਭਾਰਤੀਆਂ ਦੀ ਐ।;
ਵਾਸ਼ਿੰਗਟਨ : ਕੈਨੇਡਾ ਵਿਚ ਵਿਦੇਸ਼ੀ ਵਿਦਿਆਰਥੀਆਂ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਮੂਹਰੇ ਭਾਰਤੀ ਹੀ ਆਉਂਦੇ ਨੇ ਪਰ ਹੁਣ ਅਮਰੀਕੀ ਯੂਨੀਵਰਸਿਟੀਆਂ ਵਿਚ ਦਾਖ਼ਲਾ ਲੈਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਵਿਚ ਵੀ ਭਾਰਤੀਆਂ ਨੇ ਬਾਜ਼ੀ ਮਾਰ ਲਈ ਐ। ਜੀ ਹਾਂ, ਇਕ ਰਿਪੋਰਟ ਦੇ ਮੁਤਾਬਕ ਅਮਰੀਕੀ ਕਾਲਜਾਂ ਵਿਚ ਦਾਖ਼ਲਾ ਲੈਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਵਿਚ ਸਭ ਤੋਂ ਜ਼ਿਆਦਾ ਗਿਣਤੀ ਭਾਰਤੀਆਂ ਦੀ ਐ। ਹੈਰਾਨੀ ਦੀ ਗੱਲ ਇਸ ਮਾਮਲੇ ਵਿਚ ਚੀਨ ਵੀ ਕਾਫ਼ੀ ਪਿੱਛੇ ਰਹਿ ਗਿਆ ਏ।
ਅਮਰੀਕੀ ਯੂਨੀਵਰਸਿਟੀਆਂ ਵਿਚ ਦਾਖ਼ਲਾ ਲੈਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਵਿਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਸਭ ਤੋਂ ਵੱਧ ਦਰਜ ਕੀਤੀ ਗਈ ਐ। ਓਪਨ ਡੋਰਸ ਰਿਪੋਰਟ ਦੇ ਮੁਤਾਬਕ ਸਾਲ 2009 ਤੋਂ ਬਾਅਦ ਭਾਰਤ ਪਹਿਲੀ ਵਾਰ ਸੰਯੁਕਤ ਰਾਜ ਅਮਰੀਕਾ ਵਿਚ ਕੌਮਾਂਤਰੀ ਵਿਦਿਆਰਥੀਆਂ ਦੇ ਪ੍ਰਮੁੱਖ ਸਰੋਤ ਵਜੋਂ ਉਭਰਿਆ ਏ।
ਭਾਰਤ ਨੇ ਇਸ ਮਾਮਲੇ ਵਿਚ ਚੀਨ ਨੂੰ ਵੀ ਪਛਾੜ ਕੇ ਰੱਖ ਦਿੱਤਾ ਏ ਕਿਉਂਕਿ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਕੁੱਲ ਵਿਦੇਸ਼ੀ ਵਿਦਿਆਰਥੀਆਂ ਦੀ ਆਬਾਦੀ ਦਾ 29 ਫ਼ੀਸਦੀ ਬਣਦੀ ਐ, ਜਦਕਿ ਚੀਨ ਇਸ ਮਾਮਲੇ ਵਿਚ ਕਾਫ਼ੀ ਪਿੱਛੇ ਐ। ਰਿਪੋਰਟ ਮੁਤਾਬਕ ਵਿਦਿਅਕ ਵਰ੍ਹੇ 2023-24 ਵਿਚ 3 ਲੱਖ 30 ਹਜ਼ਾਰ ਤੋਂ ਜ਼ਿਆਦਾ ਭਾਰਤੀ ਵਿਦਿਆਰਥੀਆਂ ਨੇ ਅਮਰੀਕਾ ਦੀਆਂ ਉਚ ਸਿੱਖਿਆ ਸੰਸਥਾਵਾ ਵਿਚ ਦਾਖ਼ਲਾ ਲਿਆ ਏ ਜੋ ਕਿ ਪਿਛਲੇ ਸਾਲ ਦੀ ਤੁਲਨਾ ਵਿਚ 23 ਫ਼ੀਸਦੀ ਤੋਂ ਵੀ ਵੱਧ ਐ।
ਰਿਪੋਰਟ ਮੁਤਾਬਕ ਇਹ ਵਾਧਾ ਮੁੱਖ ਤੌਰ ’ਤੇ ਗ੍ਰੈਜੂਏਸ਼ਨ ਦੇ ਵਿਦਿਆਰਥੀਆਂ ਦਾ ਐ, ਜਿਨ੍ਹਾਂ ਦਾ ਅੰਕੜਾ 19 ਫ਼ੀਸਦੀ ਵਧ ਕੇ 1 ਲੱਖ 96 ਹਜ਼ਾਰ 567 ਤੱਕ ਪਹੁੰਚ ਗਿਆ ਏ। ਗ੍ਰੈਜੂਏਸ਼ਨ ਤੋਂ ਬਾਅਦ ਓਪੀਟੀ ਯਾਨੀ ਬਦਲਵੇਂ ਵਿਵਹਾਰਿਕ ਸਿਖਲਾਈ ਪ੍ਰੋਗਰਾਮ ਵਿਚ ਭਾਗ ਲੈਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿਚ ਵੀ 41 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਏ, ਜਿਨ੍ਹਾਂ ਦੀ ਕੁੱਲ ਗਿਣਤੀ 97 ਹਜ਼ਾਰ 556 ਦੱਸੀ ਜਾ ਰਹੀ ਐ। ਅਮਰੀਕੀ ਰਾਜਦੂਤ ਐਰਿਕ ਗਾਰਸੇਟੀ ਨੇ ਇਸ ਉਪਲਬਧੀ ’ਤੇ ਆਪਣੀ ਖ਼ੁਸ਼ੀ ਸਾਂਝੀ ਕਰਦਿਆਂ ਆਖਿਆ ਕਿ ਮੈਨੂੰ ਇਹ ਦੱਸਦੇ ਹੋਏ ਬੇਹੱਦ ਖ਼ੁਸ਼ੀ ਹੋ ਰਹੀ ਐ ਕਿ 3 ਲੱਖ 30 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਦੇ ਨਾਲ ਭਾਰਤ ਨੇ ਇਸ ਸਾਲ ਕਿਸੇ ਵੀ ਹੋਰ ਦੇਸ਼ ਦੀ ਤੁਲਨਾ ਵਿਚ ਅਮਰੀਕਾ ਵਿਚ ਵੱਧ ਵਿਦਿਆਰਥੀ ਭੇਜੇ ਨੇ।
ਅਮਰੀਕਾ ਵਿਚ ਇਸ ਤੋਂ ਪਹਿਲਾਂ ਚੀਨੀ ਵਿਦਿਆਰਥੀਆਂ ਦੀ ਆਬਾਦੀ ਸਭ ਤੋਂ ਜ਼ਿਆਦਾ ਸੀ ਪਰ ਹੁਣ ਉਹ ਇਸ ਮਾਮਲੇ ਵਿਚ ਭਾਰਤ ਤੋਂ ਪਿਛੜ ਚੁੱਕਿਆ ਏ। ਦਾਖ਼ਲਾ ਲੈਣ ਵਾਲਿਆਂ ਵਿਚ 4 ਫ਼ੀਸਦੀ ਦੀ ਗਿਰਾਵਟ ਦੇ ਨਾਲ ਚੀਨ ਦੂਜੇ ਨੰਬਰ ’ਤੇ ਖਿਸਕ ਗਿਆ ਏ। ਅਮਰੀਕਾ ਵਿਚ ਚੀਨ ਦੇ ਕੁੱਲ 2 ਲੱਖ 77 ਹਜ਼ਾਰ 398 ਵਿਦਿਆਰਥੀਆਂ ਨੇ ਅਮਰੀਕੀ ਵਿਚ ਡਿਗਰੀ ਹਾਸਲ ਕੀਤੀ ਐ, ਜਿਸ ਵਿਚ ਗ੍ਰੈਜੂਏਟ ਅਤੇ ਗ਼ੈਰ ਡਿਗਰੀ ਪ੍ਰੋਗਰਾਮ ਵਾਲੇ ਵਿਦਿਆਰਥੀ ਵੀ ਸ਼ਾਮਲ ਨੇ।
ਸੋ ਕੁੱਲ ਮਿਲਾ ਕੇ ਅਮਰੀਕਾ ਵਿਚ ਵਿੱਦਿਅਕ ਵਰ੍ਹੇ 2023-24 ਦੌਰਾਨ ਰਿਕਾਰਡ 1.1 ਮਿਲੀਅਨ ਕੌਮਾਂਤਰੀ ਵਿਦਿਆਰਥੀਆਂ ਨੇ ਪੜ੍ਹਾਈ ਕੀਤੀ ਐ। ਇਹ ਗਿਣਤੀ ਸਾਲ ਦਰ ਸਾਲ 7 ਫ਼ੀਸਦੀ ਤੱਕ ਵਧੀ ਐ। ਇਸੇ ਤਰ੍ਹਾਂ ਭਾਰਤ ਵਿਚ ਪੜ੍ਹਨ ਵਾਲੇ ਅਮਰੀਕੀ ਵਿਦਿਆਰਥੀਆਂ ਦੀ ਗਿਣਤੀ ਵਿਚ ਵੀ ਜ਼ਿਕਰਯੋਗ ਵਾਧਾ ਦੇਖਣ ਨੂੰ ਮਿਲਿਆ ਏ ਜੋ ਸਾਲ 2021-22 ਵਿਚ 336 ਤੋਂ ਵਧ ਕੇ ਸਾਲ 2022-23 ਵਿਚ 1355 ਹੋ ਗਿਆ ਏ।