ਆਸਟ੍ਰੇਲੀਆ ਵਿਚ ਭਾਰਤੀ ਵਿਦਿਆਰਥੀ ਦੀ ਮੌਤ
ਆਸਟ੍ਰੇਲੀਆ ਦੇ ਬ੍ਰਿਸਬੇਨ ਵਿਖੇ ਭਾਰਤੀ ਵਿਦਿਆਰਥੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।;

ਬ੍ਰਿਸਬੇਨ : ਆਸਟ੍ਰੇਲੀਆ ਦੇ ਬ੍ਰਿਸਬੇਨ ਵਿਖੇ ਭਾਰਤੀ ਵਿਦਿਆਰਥੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਹਰਿਆਣਾ ਦੇ ਸਿਰਸਾ ਸ਼ਹਿਰ ਨਾਲ ਸਬੰਧਤ ਪਰਵ ਮਹਿਤਾ ਜੁਲਾਈ 2023 ਵਿਚ ਸਟੱਡੀ ਵੀਜ਼ਾ ’ਤੇ ਆਸਟ੍ਰੇਲੀਆ ਆਇਆ ਅਤੇ ਸਿਵਲ ਕੰਸਟ੍ਰਕਸ਼ਨ ਦਾ ਐਡਵਾਂਸ ਡਿਪਲੋਮਾ ਮੁਕੰਮਲ ਹੋਣ ਹੀ ਵਾਲਾ ਸੀ ਪਰ ਪਿਛਲੇ 10-15 ਦਿਨ ਤੋਂ ਅਚਾਨਕ ਤਬੀਅਤ ਨਾਸਾਜ਼ ਰਹਿਣ ਲੱਗੀ। ਪਰਵ ਮਹਿਤਾ ਦਾ ਜਨਰਲ ਪ੍ਰੈਕਟਿਸ਼ਨਰ ਤੋਂ ਇਲਾਜ ਚੱਲ ਰਿਹਾ ਸੀ ਕਿ ਬੀਤੇ ਸ਼ਨਿੱਚਰਵਾਰ ਨੂੰ ਅਚਾਨਕ ਬੇਹੋਸ਼ ਹੋ ਕੇ ਡਿੱਗ ਗਿਆ।
ਸਿਰਸਾ ਦੇ ਪਰਵ ਮਹਿਤਾ ਨੂੰ ਪਿਆ ਦਿਲ ਦਾ ਦੌਰਾ
ਪਰਵ ਮਹਿਤਾ ਨੂੰ ਉਸ ਦੇ ਸਾਥੀਆਂ ਦੀ ਮਦਦ ਨਾਲ ਪ੍ਰਿੰਸੈਸ ਅਲੈਗਜ਼ੈਂਡਰੀਆ ਹਸਪਤਾਲ ਲਿਆਂਦਾ ਗਿਆ ਜਿਥੇ ਦੋ ਦਿਨ ਤੱਕ ਵੈਂਟੀਲੇਟਰ ’ਤੇ ਰਹਿਣ ਮਗਰੋਂ ਉਸ ਦੀ ਮੌਤ ਹੋ ਗਈ। ਕੁਈਨਜ਼ਲੈਂਡ ਸੂਬੇ ਦੇ ਵੂਲੌਨਅੱਬਾ ਨਾਲ ਸਬੰਧਤ ਸਤਿੰਦਰਪਾਲ ਸਿੰਘ ਸੰਧੂ ਵੱਲੋਂ ਪਰਵ ਮਹਿਤਾ ਦੀ ਦੇਹ ਭਾਰਤ ਭੇਜਣ ਲਈ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ। ਪਰਵ ਮਹਿਤਾ ਦੀ ਕਜ਼ਨ ਆਦਿਤੀ ਬ੍ਰਿਸਬੇਨ ਵਿਖੇ ਰਹਿੰਦੀ ਹੈ ਅਤੇ ਅੰਤਮ ਰਿਪੋਰਟ ਮਿਲਣ ਤੱਕ ਗੋਫੰਡਮੀ ਪੇਜ ਰਾਹੀਂ ਲੋੜੀਂਦੇ 30 ਹਜ਼ਾਰ ਡਾਲਰ ਇਕੱਤਰ ਹੋ ਚੁੱਕੇ ਸਨ। ਇਥੇ ਦਸਣਾ ਬਣਦਾ ਹੈ ਕਿ ਕੁਝ ਦਿਨ ਪਹਿਲਾਂ ਵੈਸਟ੍ਰਨ ਆਸਟ੍ਰੇਲੀਆ ਵਿਚ 34 ਸਾਲ ਦਾ ਪੰਜਾਬੀ ਟਰੱਕ ਡਰਾਈਵਰ ਇਕ ਹਾਦਸੇ ਦੌਰਾਨ ਜਾਨ ਗਵਾ ਬੈਠਾ ਜੋ ਆਪਣੇ ਪਿੱਛੇ ਬਜ਼ੁਰਗ ਮਾਪੇ, ਪਤਨੀ ਅਤੇ ਛੇ ਸਾਲ ਦਾ ਬੱਚਾ ਛੱਡ ਗਿਆ ਹੈ।