ਅਮਰੀਕਾ ਵਿਚ ਭਾਰਤੀ ਪਾਦਰੀ ਦੀ ਗੋਲੀਆਂ ਮਾਰ ਕੇ ਹੱਤਿਆ
ਅਮਰੀਕਾ ਵਿਚ ਭਾਰਤੀ ਮੂਲ ਦੇ ਪਾਦਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਕੈਨਸਸ ਸੂਬੇ ਦੇ ਸੈਨੇਕਾ ਕਸਬੇ ਵਿਚ ਸੇਂਟ ਪੀਟਰਜ਼ ਚਰਚ ਦਾ ਪਾਦਰੀ ਰਾਜ ਅਰੂਲ ਗੰਭੀਰ ਜ਼ਖਮੀ ਹਾਲਤ ਵਿਚ ਮਿਲਿਆ।
ਸੈਨੇਕਾ : ਅਮਰੀਕਾ ਵਿਚ ਭਾਰਤੀ ਮੂਲ ਦੇ ਪਾਦਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਕੈਨਸਸ ਸੂਬੇ ਦੇ ਸੈਨੇਕਾ ਕਸਬੇ ਵਿਚ ਸੇਂਟ ਪੀਟਰਜ਼ ਚਰਚ ਦਾ ਪਾਦਰੀ ਰਾਜ ਅਰੂਲ ਬਾਲਾਸਵਾਮੀ ਕਰਾਸਲਾ ਗੰਭੀਰ ਜ਼ਖਮੀ ਹਾਲਤ ਵਿਚ ਮਿਲਿਆ। ਨੇਮਾਹ ਕਾਊਂਟੀ ਦੇ ਸ਼ੈਰਿਫ ਦਫ਼ਤਰ ਮੁਤਾਬਕ ਪਾਦਰੀ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਜ਼ਖਮਾਂ ਦੀ ਤਾਬ ਨਾ ਝਲਦਿਆਂ ਉਸ ਨੇ ਦਮ ਤੋੜ ਦਿਤਾ। ਰਾਜ ਅਰੂਲ ਬਾਲਾਸਵਾਮੀ 2011 ਤੋਂ ਸੇਟ ਪੀਟਰਜ਼ ਐਂਡ ਪੌਲ ਕੈਥੋਲਿਕ ਚਰਚ ਵਿਚ ਪਾਦਰੀ ਦੀਆਂ ਸੇਵਾਵਾਂ ਨਿਭਾਅ ਰਿਹਾ ਸੀ। ਮਾਮਲੇ ਦੀ ਪੜਤਾਲ ਕਰ ਰਹੀ ਪੁਲਿਸ ਵੱਲੋਂ ਓਕਲਾਹੋਮਾ ਸੂਬੇ ਦੇ ਗੈਰੀ ਹਰਮੈਸ਼ ਨੂੰ ਗ੍ਰਿਫ਼ਤਾਰ ਕਰਦਿਆਂ ਪਹਿਲੇ ਦਰਜੇ ਦੀ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਹਨ। ਫਿਲਹਾਲ ਪੁਲਿਸ ਵੱਲੋਂ ਕਤਲ ਦੇ ਮਕਸਦ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਅਤੇ ਇਹ ਵੀ ਨਹੀਂ ਦੱਸਿਆ ਕਿ ਕੀ ਸ਼ੱਕੀ ਅਤੇ ਪਾਦਰੀ ਇਕ-ਦੂਜੇ ਨੂੰ ਜਾਣਦੇ ਸਨ। ਧਾਰਮਿਕ ਆਗੂ ਦੀ ਹੱਤਿਆ ਮਗਰੋਂ ਸੈਨੇਕਾ ਕਸਬੇ ਵਿਚ ਸੋਗ ਦਾ ਮਾਹੌਲ ਹੈ ਜਿਥੇ ਵੱਡੀ ਗਿਣਤੀ ਵਿਚ ਲੋਕ ਪਾਦਰੀ ਰਾਜ ਅਰੂਲ ਨੂੰ ਨਿਜੀ ਤੌਰ ’ਤੇ ਜਾਣਦੇ ਸਨ। 1994 ਵਿਚ ਧਾਰਮਿਕ ਸੇਵਾ ਦੇ ਖੇਤਰ ਵਿਚ ਕਦਮ ਰੱਖਣ ਵਾਲੇ ਰਾਜ ਅਰੂਲ 2004 ਤੋਂ ਕੈਨਸਸ ਸੂਬੇ ਵਿਚ ਰਹਿ ਰਹੇ ਸਨ ਅਤੇ 2011 ਵਿਚ ਅਮਰੀਕਾ ਦੀ ਨਾਗਰਿਕਤਾ ਹਾਸਲ ਕੀਤੀ। ਆਰਚਬਿਸ਼ਪ ਜੋਸਫ਼ ਨਾਓਮੈਨ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਵੇਂ ਇਹ ਵਾਰਦਾਤ ਕਮਿਊਨਿਟੀ ਵਾਸਤੇ ਖਤਰਾ ਪੈਦਾ ਨਹੀਂ ਕਰਦੀ ਪਰ ਇਕ ਪਾਦਰੀ ਦਾ ਕਤਲ ਕਈ ਸਵਾਲ ਖੜ੍ਹੇ ਕਰਦਾ ਹੈ। ਪਾਦਰੀ ਰਾਜ ਅਰੂਲ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਧਾਰਮਿਕ ਅਗਵਾਈ ਕਰ ਰਹੇ ਸਨ ਅਤੇ ਅਚਨਚੇਤ ਵਾਪਰੀ ਵਾਰਦਾਤ ਹਰ ਕਿਸੇ ਦੀ ਸਮਝ ਤੋਂ ਬਾਹਰ ਹੈ। ਇਥੇ ਦਸਣਾ ਬਣਦਾ ਹੈ ਕਿ ਸੈਨੇਕਾ ਕਸਬਾ ਕੈਨਸਸ ਸਿਟੀ ਤੋਂ 145 ਕਿਲੋਮੀਟਰ ਉਤਰ-ਪੱਛਮ ਵੱਲ ਹੈ ਅਤੇ ਤਕਰੀਬਨ 2100 ਲੋਕ ਕਸਬੇ ਵਿਚ ਵਸਦੇ ਹਨ।