ਅਮਰੀਕਾ ਵਿਚ ਭਾਰਤੀ ਮੂਲ ਦੇ ਸਿਆਸਤਦਾਨਾਂ ਨੇ ਸਿਰਜਿਆ ਇਤਿਹਾਸ
ਅਮਰੀਕਾ ਵਿਚ ਭਾਰਤੀ ਮੂਲ ਦੇ 6 ਸਿਆਸਤਦਾਨਾਂ ਨੇ ਸ਼ੁੱਕਰਵਾਰ ਨੂੰ ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਦੇ ਮੈਂਬਰ ਵਜੋਂ ਸਹੁੰ ਚੁਕਦਿਆਂ ਇਤਿਹਾਸ ਸਿਰਜ ਦਿਤਾ।;
ਵਾਸ਼ਿੰਗਟਨ : ਅਮਰੀਕਾ ਵਿਚ ਭਾਰਤੀ ਮੂਲ ਦੇ 6 ਸਿਆਸਤਦਾਨਾਂ ਨੇ ਸ਼ੁੱਕਰਵਾਰ ਨੂੰ ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਦੇ ਮੈਂਬਰ ਵਜੋਂ ਸਹੁੰ ਚੁਕਦਿਆਂ ਇਤਿਹਾਸ ਸਿਰਜ ਦਿਤਾ। ਐਮੀ ਬੇਰਾ ਲਗਾਤਾਰ ਸੱਤਵੀਂ ਵਾਰ ਅਮਰੀਕੀ ਸੰਸਦ ਦੇ ਹੇਠਲੇ ਸਦਨ ਦਾ ਹਿੱਸਾ ਬਣੇ ਜਦਕਿ ਰੋਅ ਖੰਨਾ, ਰਾਜਾ ਕ੍ਰਿਸ਼ਨਾਮੂਰਤੀ ਅਤੇ ਪ੍ਰਮਿਲਾ ਜੈਪਾਲ ਦਾ ਪੰਜਵਾਂ ਕਾਰਜਕਾਲ ਆਰੰਭ ਹੋਇਆ ਹੈ। ਪਹਿਲੀ ਵਾਰ ਸੰਸਦ ਮੈਂਬਰ ਵਜੋਂ ਕਾਰਜਕਾਲ ਆਰੰਭ ਕਰਨ ਵਾਲੇ ਸੁਹਾਸ ਸੁਬਰਾਮਣੀਅਮ ਰਹੇ ਜਿਨ੍ਹਾਂ ਨੇ ਵਰਜੀਨੀਆ ਦੇ 10ਵੇਂ ਕਾਂਗਰਸ ਜ਼ਿਲ੍ਹੇ ਤੋਂ ਜਿੱਤ ਹਾਸਲ ਕੀਤੀ। ਦੂਜੇ ਪਾਸੇ ਮਾਈਕ ਜੌਹਨਸਨ ਮੁੜ ਹਾਊ ਆਫ਼ ਰਿਪ੍ਰਜ਼ੈਂਟੇਟਿਵਜ਼ ਦੇ ਸਪੀਕਰ ਚੁਣੇ ਗਏ। ਸਖਤ ਮੁਕਾਬਲੇ ਦੌਰਾਨ ਉਨ੍ਹਾਂ ਦੇ ਹੱਕ ਵਿਚ 218 ਅਤੇ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਹਕੀਮ ਜੈਫ਼ਰੀਜ਼ ਨੂੰ 215 ਵੋਟਾਂ ਪਈਆਂ। ਵੋਟਿੰਗ ਦੇ ਮੁਢਲੇ ਗੇੜ ਦੌਰਾਨ ਮਾਈਕ ਜੌਹਨਸਨ ਪਛੜਦੇ ਨਜ਼ਰ ਆਏ ਪਰ ਰਿਪਬਲਿਕਨ ਪਾਰਟੀ ਦੇ ਦੋ ਮੈਂਬਰਾਂ ਤੋਂ ਮਿਲੀ ਹਮਾਇਤ ਸਦਕਾ ਦੂਜੀ ਵਾਰ ਸਪੀਕਰ ਚੁਣੇ ਗਏ।
6 ਜਣਿਆਂ ਨੇ ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਦੇ ਮੈਂਬਰ ਵਜੋਂ ਸਹੁੰ ਚੁੱਕੀ
ਉਧਰ ਸੱਤਵੀਂ ਵਾਰ ਹਾਊਸ ਮੈਂਬਰ ਵਜੋਂ ਕਾਰਜਕਾਲ ਆਰੰਭ ਕਰਦਿਆਂ ਡਾ. ਐਮੀ ਬੇਰਾ ਨੇ ਕਿਹਾ ਕਿ ਜਦੋਂ 12 ਸਾਲ ਪਹਿਲਾਂ ਉਨ੍ਹਾਂ ਨੇ ਸਹੁੰ ਚੁੱਕੀ ਸੀ ਤਾਂ ਭਾਰਤੀ ਮੂਲ ਦੇ ਇਕੋ ਇਕ ਮੈਂਬਰ ਸਨ ਜਦਕਿ ਇਤਿਹਾਸ ਮੁਤਾਬਕ ਉਨ੍ਹਾਂ ਨੂੰ ਤੀਜਾ ਮੈਂਬਰ ਬਣਨ ਦਾ ਮਾਣ ਹਾਸਲ ਹੈ। ਹੁਣ ਸਦਨ ਵਿਚ ਭਾਰਤੀ ਮੂਲ ਦੇ ਛੇ ਮੈਂਬਰ ਹੋ ਚੁੱਕੇ ਹਨ ਅਤੇ ਆਉਣ ਵਾਲੇ ਵਰਿ੍ਹਆਂ ਦੌਰਾਨ ਇਹ ਗਿਣਤੀ ਹੋਰ ਵਧੇਗੀ। ਇਥੇ ਦਸਣਾ ਬਣਦਾ ਹੈ ਕਿ ਅਮਰੀਕਾ ਦੇ ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਵਿਚ ਭਾਰਤੀ ਮੂਲ ਦਾ ਪਹਿਲਾ ਮੈਂਬਰ ਬਣਨ ਦਾ ਮਾਣ ਦਲੀਪ ਸਿੰਘ ਸੌਂਦ ਨੂੰ ਹਾਸਲ ਹੈ ਅਤੇ ਉਨ੍ਹਾਂ ਤੋਂ ਬਾਅਦ ਬੌਬੀ ਜਿੰਦਲ ਨੇ ਸੇਵਾ ਨਿਭਾਈ। ਭਾਰਤੀ ਮੂਲ ਦੇ ਸਾਰੇ ਛੇ ਮੈਂਬਰ ਡੈਮੋਕ੍ਰੈਟਿਕ ਪਾਰਟੀ ਨਾਲ ਸਬੰਧਤ ਹਨ ਅਤੇ ਸਪੀਕਰ ਦੀ ਚੋਣ ਦੌਰਾਨ ਹਕੀਮ ਜੈਫ਼ਰੀਜ਼ ਦੇ ਹੱਕ ਵਿਚ ਵੋਟ ਪਾਈ। ਰੋਅ ਖੰਨਾ ਕੈਲੇਫੋਰਨੀਆ ਦੇ 17ਵੇਂ ਕਾਂਗਰਸ ਜ਼ਿਲ੍ਹੇ ਦੀ ਨੁਮਾਇੰਦਗੀ ਕਰਦੇ ਹਨ ਜਦਕਿ ਰਾਜਾ ਕ੍ਰਿਸ਼ਨਾਮੂਰਤੀ ਇਲੀਨੌਇ ਦੇ ਅੱਠਵੇਂ ਕਾਂਗਰਸ ਜ਼ਿਲ੍ਹੇ ਤੋਂ ਜੇਤੂ ਰਹੇ।
ਮਾਈਕ ਜੌਹਨਸਨ ਮੁੜ ਸਦਨ ਦੇ ਸਪੀਕਰ ਚੁਣੇ ਗਏ
ਪ੍ਰਮਿਲਾ ਜੈਪਾਲ ਵਾਸ਼ਿੰਗਟਨ ਸੂਬੇ ਦੇ ਸੱਤਵੇਂ ਕਾਂਗਰਸ ਜ਼ਿਲ੍ਹੇ ਦੀ ਨੁਮਾਇੰਦਗੀ ਕਰਦੇ ਹਨ ਅਤੇ ਅਮਰੀਕੀ ਸੰਸਦ ਦੇ ਹੇਠਲੇ ਸਦਨ ਵਿਚ ਭਾਰਤੀ ਮੂਲ ਦੇ ਪਹਿਲੀ ਔਰਤ ਵਜੋਂ ਚੁਣੇ ਜਾਣ ਦਾ ਮਾਣ ਹਾਸਲ ਹੈ। ਸੰਸਦ ਮੈਂਬਰ ਦੀ ਜ਼ਿੰਮੇਵਾਰੀ ਤੋਂ ਇਲਾਵਾ ਰਾਜਾ ਕ੍ਰਿਸ਼ਨਾਮੂਰਤੀ ਚੀਨ ਬਾਰੇ ਬਣੀ ਉਚ ਤਾਕਤੀ ਕਮੇਟੀ ਅਤੇ ਹਾਊਸ ਇੰਟੈਲੀਜੈਂਸ ਕਮੇਟੀ ਦੇ ਵੀ ਮੈਂਬਰ ਹਨ। ਪ੍ਰਮਿਲਾ ਜੈਪਾਲ ਦਾ ਜ਼ਿਕਰ ਕੀਤਾ ਜਾਵੇ ਤਾਂ ਉਹ ਸੰਸਦ ਮੈਂਬਰਾਂ ਦੇ ਉਚ ਤਾਕਤੀ ਅਗਾਂਹ ਵਧੂ ਗਰੁਪ ਦੇ ਮੈਂਬਰ ਹਨ। ਭਾਰਤੀ ਮੂਲ ਦੇ ਐਮ.ਪੀਜ਼ ਵੱਲੋਂ ਇਕ ਗੈਰਰਸਮੀ ਸਮੋਸਾ ਕੌਕਸ ਵੀ ਬਣਾਈ ਹੋਈ ਹੈ।