ਅਮਰੀਕਾ ’ਚ ਭਾਰਤੀ ਮੂਲ ਦਾ ਸਿਆਸਤਦਾਨ ਪੁਲਿਸ ਨੇ ਕੀਤਾ ਕਾਬੂ
ਅਮਰੀਕਾ ਵਿਚ ਭਾਰਤੀ ਮੂਲ ਦੇ ਸਿਆਸਤਦਾਨ ਨੂੰ ਮਾਫ਼ੀਆ ਨਾਲ ਰਲ ਕੇ ਜੂਏ ਦਾ ਗੈਰਕਾਨੂੰਨੀ ਧੰਦਾ ਚਲਾਉਣ ਦੇ ਦੋਸ਼ਾਂ ਹੇਠ ਕਾਬੂ ਕੀਤਾ ਗਿਆ ਹੈ।;

ਨਿਊ ਜਰਸੀ : ਅਮਰੀਕਾ ਵਿਚ ਭਾਰਤੀ ਮੂਲ ਦੇ ਸਿਆਸਤਦਾਨ ਨੂੰ ਮਾਫ਼ੀਆ ਨਾਲ ਰਲ ਕੇ ਜੂਏ ਦਾ ਗੈਰਕਾਨੂੰਨੀ ਧੰਦਾ ਚਲਾਉਣ ਦੇ ਦੋਸ਼ਾਂ ਹੇਠ ਕਾਬੂ ਕੀਤਾ ਗਿਆ ਹੈ। ਨਿਊ ਜਰਸੀ ਸੂਬੇ ਦੇ ਅਟਾਰਨੀ ਜਨਰਲ ਮੈਥਿਊ ਪਲੈਟਕਿਨ ਨੇ ਦੱਸਿਆ ਕਿ 42 ਸਾਲ ਦੇ ਆਨੰਦ ਸ਼ਾਹ ਤੋਂ ਇਲਾਵਾ 48 ਸਾਲ ਦੇ ਸਮੀਰ ਨਾਡਕਰਨੀ ਅਤੇ 37 ਹੋਰਨਾਂ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ। ਨਿਊ ਜਰਸੀ ਸੂਬੇ ਦੀ ਸਿਆਸਤ ਵਿਚ ਸਫ਼ਲਤਾ ਦੀਆਂ ਪੌੜੀਆਂ ਚੜ੍ਹ ਰਿਹਾ ਆਨੰਦ ਸ਼ਾਹ ਪ੍ਰੌਸਪੈਕਟ ਪਾਰਕ ਕਸਬੇ ਵਿਚ ਦੂਜੀ ਵਾਰ ਕੌਂਸਲਰ ਦੀਆਂ ਸੇਵਾਵਾਂ ਨਿਭਾਅ ਰਿਹਾ ਹੈ ਪਰ ਦੂਜੇ ਪਾਸੇ ਕੌਂਸਲਰ ਦੀ ਗ੍ਰਿਫ਼ਤਾਰੀ ਮਗਰੋਂ ਕਸਬੇ ਦੇ ਲੋਕਾਂ ਵਿਚ ਤਿੱਖਾ ਰੋਹ ਪੈਦਾ ਹੋ ਗਿਆ ਹੈ।
ਮਾਫ਼ੀਆ ਨਾਲ ਰਲ ਕੇ ਜੂਆ ਖਿਡਾਉਣ ਦੇ ਲੱਗੇ ਦੋਸ਼
ਅਟਾਰਨੀ ਜਨਰਲ ਮੁਤਾਬਕ ਆਨੰਦ ਸ਼ਾਹ ਅਤੇ ਫਲੋਰੀਡਾ ਸੂਬੇ ਦੇ ਲੌਂਗਵੁੱਡ ਨਾਲ ਸਬੰਧਤ ਸਮੀਰ ਨਾਡਕਰਨੀ ਨੂੰ 12 ਥਾਵਾਂ ’ਤੇ ਛਾਪਿਆਂ ਮਗਰੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਆਨੰਦ ਸ਼ਾਹ ਵਿਰੁੱਧ ਲੱਗੇ ਦੋਸ਼ਾਂ ਮੁਤਾਬਕ ਉਹ ਗੈਰਕਾਨੂੰਨੀ ਪੋਕਰ ਗੇਮਜ਼ ਖਿਡਾਉਣ ਤੋਂ ਇਲਾਵਾ ਆਨਲਾਈਨ ਸਪੋਰਟਸਬੁੱਕ ਸਰਗਰਮੀਆਂ ਵਿਚ ਵੀ ਕਥਿਤ ਤੌਰ ’ਤੇ ਸ਼ਾਮਲ ਰਿਹਾ। ਪਲੈਟਕਿਨਜ਼ ਦੇ ਦਫ਼ਤਰ ਨੇ ਦੱਸਿਆ ਕਿ ਸਾਰਾ ਧੰਦਾ ਲੂਚੇਜੀ ਗੈਂਗ ਨਾਲ ਰਲ-ਮਿਲ ਕੇ ਚੱਲ ਰਿਹਾ ਸੀ ਜੋ ਅਮਰੀਕਾ ਵਿਚ ਸਰਗਰਮ ਸਭ ਤੋਂ ਖਤਰਨਾਕ ਇਟੈਲੀਅਨ ਗਿਰੋਹਾਂ ਵਿਚੋਂ ਇਕ ਮੰਨਿਆ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਸਪੋਰਟਸਬੁੱਕ ਰਾਹੀਂ ਹੁੰਦੀ ਜੂਏਬਾਜ਼ੀ ਦੌਰਾਨ ਕਈ ਖੇਡ ਟੂਰਨਾਮੈਂਟਾਂ ਉਤੇ ਸੱਟਾ ਵੀ ਲਗਵਾਇਆ ਜਾਂਦਾ ਅਤੇ ਘੱਟੋ ਘੱਟ 30 ਲੱਖ ਡਾਲਰ ਦਾ ਧੰਦਾ ਚੱਲ ਰਿਹਾ ਸੀ। ਪਲੈਟਕਿਨ ਦਾ ਕਹਿਣਾ ਸੀ ਕਿ ਫਿਲਮਾਂ ਜਾਂ ਟੈਲੀਵਿਜ਼ਨ ਰਾਹੀਂ ਗਿਰੋਹਾਂ ਨੂੰ ਬੇਹੱਦ ਰੋਮਾਂਚਕ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਹੈ ਪਰ ਅਸਲੀਅਤ ਵਿਚ ਇਹ ਹਿੰਸਾ ਫੈਲਾਉਣ ਦਾ ਕੰਮ ਕਰਦੇ ਹਨ ਅਤੇ ਕਾਨੂੰਨ ਦਾ ਇਨ੍ਹਾਂ ਵਾਸਤੇ ਕੋਈ ਮੁੱਲ ਨਹੀਂ ਹੁੰਦਾ।
ਨਿਊ ਜਰਸੀ ਸੂਬੇ ਨਾਲ ਸਬੰਧਤ ਹੈ ਆਨੰਦ ਸ਼ਾਹ
ਜੇ ਸਿਆਸਤਦਾਨ ਵੀ ਇਨ੍ਹਾਂ ਦਾ ਹਿੱਸਾ ਬਣ ਜਾਣ ਤਾਂ ਸਾਡੇ ਸਮਾਜ ਦਾ ਰੱਬ ਹੀ ਰਾਖਾ ਹੈ। ਗ੍ਰਿਫ਼ਤਾਰ ਕੀਤੇ 39 ਜਣਿਆਂ ਵਿਰੁੱਧ ਗੈਂਬÇਲੰਗ ਨਾਲ ਸਬੰਧਤ ਦੋਸ਼ਾਂ ਤੋਂ ਇਲਾਵਾ ਮਨੀ ਲਾਂਡਰਿੰਗ ਅਤੇ ਹੋਰ ਕਈ ਅਪਰਾਧਾਂ ਵਿਚ ਕਥਿਤ ਸ਼ਮੂਲੀਅਤ ਦੇ ਦੋਸ਼ ਆਇਦ ਕੀਤੇ ਗਏ ਹਨ। ਇਸੇ ਦੌਰਾਨ ਪ੍ਰੌਸਪੈਕਟ ਪਾਰਕ ਕਸਬੇ ਦੇ ਮੇਅਰ ਮੁਹੰਮਦ ਖੈਰਉਲਾ ਨੇ ਕਿਹਾ ਕਿ ਆਨੰਦ ਸ਼ਾਹ ਦੀ ਗ੍ਰਿਫ਼ਤਾਰੀ ਮਿਊਂਸਪੈਲਿਟੀ ਦੀਆਂ ਜ਼ਿੰਮੇਵਾਰੀਆਂ ਨਾਲ ਸਬੰਧਤ ਨਹੀਂ ਅਤੇ ਵਿਸਤਾਰਤ ਵੇਰਵੇ ਸਾਹਮਣੇ ਆਉਣੇ ਬਾਕੀ ਹਨ। ਮੇਅਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਨੂੰਨੀ ਪ੍ਰਕਿਰਿਆ ’ਤੇ ਯਕੀਨ ਰੱਖਣ ਅਤੇ ਬੇਵਜ੍ਹਾ ਕਿਆਸੇ ਨਾ ਲਾਏ ਜਾਣੇ।