ਯੂ.ਕੇ. ’ਚ ਭਾਰਤੀ ਪਰਵਾਰ ਦੇ ਰੈਸਟੋਰੈਂਟ ’ਤੇ ਹਮਲਾ
ਯੂ.ਕੇ. ਵਿਚ ਭਾਰਤੀ ਪਰਵਾਰ ਦੇ ਰੈਸਟੋਰੈਂਟ ਨੂੰ ਪੈਟਰੋਲ ਬੰਬ ਸੁੱਟ ਕੇ ਫੂਕਣ ਦਾ ਹੌਲਨਾਕ ਮਾਮਲਾ ਸਾਹਮਣੇ ਆਇਆ ਹੈ ਅਤੇ ਇਸ ਵਾਰਦਾਤ ਦੌਰਾਨ 5 ਜਣੇ ਗੰਭੀਰ ਜ਼ਖਮੀ ਹੋ ਗਏ
ਲੰਡਨ : ਯੂ.ਕੇ. ਵਿਚ ਭਾਰਤੀ ਪਰਵਾਰ ਦੇ ਰੈਸਟੋਰੈਂਟ ਨੂੰ ਪੈਟਰੋਲ ਬੰਬ ਸੁੱਟ ਕੇ ਫੂਕਣ ਦਾ ਹੌਲਨਾਕ ਮਾਮਲਾ ਸਾਹਮਣੇ ਆਇਆ ਹੈ ਅਤੇ ਇਸ ਵਾਰਦਾਤ ਦੌਰਾਨ 5 ਜਣੇ ਗੰਭੀਰ ਜ਼ਖਮੀ ਹੋ ਗਏ। ਈਸਟ ਲੰਡਨ ਦੇ ਇਲਫਰਡ ਇਲਾਕੇ ਵਿਚ ਵਾਪਰੀ ਵਾਰਦਾਤ ਦੀ ਪੜਤਾਲ ਕਰ ਰਹੀ ਪੁਲਿਸ ਵੱਲੋਂ ਦੋ ਸ਼ੱਕੀਆਂ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਦੀ ਉਮਰ 54 ਸਾਲ ਅਤੇ 15 ਸਾਲ ਦੱਸੀ ਜਾ ਰਹੀ ਹੈ। ਵਾਰਦਾਤ ਦੌਰਾਨ ਜ਼ਖਮੀ ਹੋਣ ਵਾਲਿਆਂ ਵਿਚੋਂ ਤਿੰਨ ਔਰਤਾਂ ਹਨ ਜਿਨ੍ਹਾਂ ਵਿਚੋਂ ਦੋ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
3 ਔਰਤਾਂ ਸਣੇ 5 ਜਣੇ ਹੋਏ ਜ਼ਖਮੀ
ਇਕ ਸਥਾਨਕ ਕਾਰੋਬਾਰੀ ਸਈਦ ਬੁਖਾਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਲੋਕ ਇੱਧਰ-ਉਧਰ ਦੌੜ ਰਹੇ ਸਨ। ਰੈਸਟੋਰੈਂਟ ਵਿਚ ਮੌਜੂਦ ਹਰ ਸ਼ਖਸ ਆਪਣੀ ਜਾਨ ਬਚਾਉਣ ਲਈ ਸੰਘਰਸ਼ ਕਰਦਾ ਨਜ਼ਰ ਆਇਆ। ਵਾਰਦਾਤ ਮਗਰੋਂ ਰੈਸਟੋਰੈਂਟ ਦਾ ਮੈਨੇਜਰ ਬੇਹੱਦ ਡਰ ਗਿਆ ਅਤੇ ਉਸ ਦੀਆਂ ਅੱਖਾਂ ਵਿਚੋਂ ਲਗਾਤਾਰ ਹੰਝੂ ਵਗ ਰਹੇ ਸਨ। ਯੂ.ਕੇ. ਵਿਚ ਭਾਰਤੀ ਪਰਵਾਰ ਉਤੇ ਐਨਾ ਵੱਡਾ ਨਸਲੀ ਹਮਲਾ ਭਾਈਚਾਰੇ ਦੀਆਂ ਚਿੰਤਾਵਾਂ ਦਾ ਕਾਰਨ ਬਣ ਗਿਆ ਹੈ। ਵਾਰਦਾਤ ਦੇ ਇਕ ਹੋਰ ਚਸ਼ਮਦੀਦ ਨੇ ਦੱਸਿਆ ਕਿ ਅੱਗ ਦੀਆਂ ਲਾਟਾਂ ਉਠ ਰਹੀਆਂ ਸਨ ਅਤੇ ਇਕ ਸ਼ਖਸ ਗੰਭੀਰ ਜ਼ਖਮੀ ਹਾਲਤ ਵਿਚ ਧਰਤੀ ’ਤੇ ਪਿਆ ਨਜ਼ਰ ਆਇਆ। ਐਮਰਜੰਸੀ ਕਾਮਿਆਂ ਵੱਲੋਂ ਕੁਝ ਲੋਕਾਂ ਨੂੰ ਆਕਸੀਜਨ ਰਾਹੀਂ ਸਾਹ ਦਿਵਾਉਣ ਦੇ ਯਤਨ ਕੀਤੇ ਜਾ ਰਹੇ ਸਨ। ਉਧਰ ਪੁਲਿਸ ਇੰਸਪੈਕਟਰ ਮਾਰਕ ਰੌਜਰਜ਼ ਨੇ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਬਿਨਾਂ ਸ਼ੱਕ ਵਾਰਦਾਤ ਮਗਰੋਂ ਇਲਾਕੇ ਦੇ ਲੋਕ ਡਰੇ ਹੋਏ ਹਨ ਅਤੇ ਉਨ੍ਹਾਂ ਨੂੰ ਤਸੱਲੀ ਦੇਣ ਦੇ ਯਤਨ ਕੀਤੇ ਜਾ ਰਹੇ ਹਨ।
ਸ਼ੱਕੀਆਂ ਨੇ ਪੈਟਰੋਲ ਬੰਬ ਦੀ ਕੀਤੀ ਵਰਤੋਂ
ਰੈਸਟੋਰੈਂਟ ਦੇ ਮਾਲਕ ਦਾ ਨਾਂ ਸੁਧੀਰ ਦੱਸਿਆ ਜਾ ਰਿਹਾ ਹੈ ਅਤੇ ਸੀ.ਸੀ.ਟੀ.ਵੀ. ਫੁਟੇਜ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਈ ਨਕਾਬਪੋਸ਼ ਅਗਜ਼ਨੀ ਦੀ ਵਾਰਦਾਤ ਨੂੰ ਅੰਜਾਮ ਦੇਣ ਪੁੱਜੇ। ਕੁਝ ਰਿਪੋਰਟਾਂ ਵਿਚ ਪੈਟਰੋਲ ਬੰਬ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਜਦਕਿ ਕੁਝ ਰਿਪੋਰਟਾਂ ਮੁਤਾਬਕ ਤੇਲ ਛਿੜਕ ਕੇ ਅੱਗ ਲਾਈ ਗਈ। ਇਥੇ ਦਸਣਾ ਬਣਦਾ ਹੈ ਕਿ ਬਿਲਕੁਲ ਇਸੇ ਕਿਸਮ ਦੀਆਂ ਵਾਰਦਾਤਾਂ ਕੈਨੇਡਾ ਵਿਚ ਸਾਊਥ ਏਸ਼ੀਅਨ ਲੋਕਾਂ ਦੀ ਮਾਲਕੀ ਵਾਲੇ ਰੈਸਟੋਰੈਂਟਸ ਵਿਚ ਸਾਹਮਣੇ ਆ ਚੁੱਕੀਆਂ ਹਨ। ਕਪਿਲ ਸ਼ਰਮਾ ਦੇ ਰੈਸਟੋਰੈਂਟ ਉਤੇ ਦੋ ਵਾਰ ਗੋਲੀਆਂ ਚੱਲਣ ਦਾ ਮਾਮਲੇ ਵੀ ਪੜਤਾਲ ਅਧੀਨ ਹੈ ਅਤੇ ਹੁਣ ਤੱਕ ਸ਼ੱਕੀ ਕਾਬੂ ਨਹੀਂ ਕੀਤੇ ਜਾ ਸਕੇ।