ਅਮਰੀਕਾ ’ਚ ਹਿੰਦੂ ਪਰਵਾਰ ਦੇ ‘ਹਵਨ’ ਦੌਰਾਨ ਪਿਆ ਭੜਥੂ
ਇਕ ਹਿੰਦੂ ਪਰਵਾਰ ਵੱਲੋਂ ਕੀਤੇ ਜਾ ਰਹੇ ਹਵਨ ਦੌਰਾਨ ਧੂੰਆਂ ਉਠਦਾ ਵੇਖ ਗੁਆਂਢੀਆਂ ਨੇ ਫਾਇਰ ਸਰਵਿਸ ਵਾਲਿਆਂ ਨੂੰ ਫੋਨ ਕਰ ਦਿਤਾ ਅਤੇ ਬੈਡਫੋਰਡ ਫਾਇਰ ਡਿਪਾਰਟਮੈਂਟ ਦੇ ਟਰੱਕ ਮੌਕੇ ’ਤੇ ਪੁੱਜ ਗਏ
ਟੈਕਸਸ : ਅਮਰੀਕਾ ਵਿਚ ਇਕ ਹਿੰਦੂ ਪਰਵਾਰ ਵੱਲੋਂ ਕੀਤੇ ਜਾ ਰਹੇ ਹਵਨ ਦੌਰਾਨ ਧੂੰਆਂ ਉਠਦਾ ਵੇਖ ਗੁਆਂਢੀਆਂ ਨੇ ਫਾਇਰ ਸਰਵਿਸ ਵਾਲਿਆਂ ਨੂੰ ਫੋਨ ਕਰ ਦਿਤਾ ਅਤੇ ਬੈਡਫੋਰਡ ਫਾਇਰ ਡਿਪਾਰਟਮੈਂਟ ਦੇ ਟਰੱਕ ਮੌਕੇ ’ਤੇ ਪੁੱਜ ਗਏ। ਟੈਕਸਸ ਸੂਬੇ ਵਿਚ ਵਾਪਰੇ ਇਸ ਘਟਨਾਕ੍ਰਮ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਜਿਸ ਮਗਰੋਂ ਸਭਿਆਚਾਰਕ ਜਾਗਰੂਕਤਾ ਅਤੇ ਫਾਇਰ ਸੇਫ਼ਟੀ ਦੇ ਮੁੱਦੇ ’ਤੇ ਬਹਿਸ ਤੇਜ਼ ਹੋ ਗਈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਭਾਰਤੀ ਪਰਵਾਰ ਆਪਣੇ ਘਰ ਵਿਚ ਹਵਨ ਕਰਵਾ ਰਿਹਾ ਹੈ ਜਦਕਿ ਬਾਹਰ ਫਾਇਰ ਡਿਪਾਰਟਮੈਂਟ ਦਾ ਇਕ ਟਰੱਕ ਖੜ੍ਹਾ ਨਜ਼ਰ ਆ ਰਿਹਾ ਹੈ।
ਗੁਆਂਢੀਆਂ ਨੇ ਫੋਨ ਕਰ ਕੇ ਫਾਇਰ ਸਰਵਿਸ ਵਾਲੇ ਸੱਦੇ
ਸੋਸ਼ਲ ਮੀਡੀਆ ’ਤੇ ਕੀਤੀਆਂ ਜਾ ਰਹੀਆਂ ਟਿੱਪਣੀਆਂ ਵਿਚ ਇਸ ਘਟਨਾ ਨੂੰ ‘ਕਲਚਰਲ ਮਿਸਅੰਡਰਸਟੈਂਡਿੰਗ’ ਦੱਸਿਆ ਜਾ ਰਿਹਾ ਹੈ। ਮੌਕੇ ’ਤੇ ਪੁੱਜੇ ਫਾਇਰ ਸਰਵਿਸ ਦੇ ਅਫ਼ਸਰ ਭਾਰਤੀ ਪਰਵਾਰ ਨਾਲ ਗੱਲਬਾਤ ਕਰਦੇ ਵੀ ਦੇਖੇ ਜਾ ਸਕਦੇ ਹਨ ਅਤੇ ਹਾਲਾਤ ਜਾਇਜ਼ਾ ਲੈਣ ਦਾ ਯਤਨ ਵੀ ਕੀਤਾ ਜਾਂਦਾ ਹੈ। ਫ਼ਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਕੀ ਭਾਰਤੀ ਪਰਵਾਰ ਵਿਰੁੱਧ ਫਾਇਰ ਸੇਫ਼ਟੀ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਕੋਈ ਕਾਰਵਾਈ ਕੀਤੀ ਗਈ ਹੈ ਜਾਂ ਨਹੀਂ। ਇਕ ਸੋਸ਼ਲ ਮੀਡੀਆ ਵਰਤੋਂਕਾਰ ਨੇ ਲਿਖਿਆ, ‘‘ਭਾਰਤੀ ਪਰਵਾਰ ਆਪਣੀਆਂ ਧਾਰਮਿਕ ਰਸਮਾਂ ਕਰ ਰਿਹਾ ਸੀ ਪਰ ਗੁਆਂਢੀਆਂ ਨੂੰ ਜ਼ਿਆਦਾ ਹੀ ਤਕਲੀਫ਼ ਹੋਈ ਅਤੇ ਫਾਇਰ ਸਰਵਿਸ ਨੂੰ ਫੋਨ ਕਰ ਦਿਤਾ।’’ ਘਟਨਾ ਬਾਰੇ ਰਲੀਆਂ-ਮਿਲੀਆਂ ਟਿੱਪਣੀਆਂ ਦਾ ਦੌਰ ਜਾਰੀ ਹੈ ਅਤੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਭਾਰਤੀ ਪਰਵਾਰ ਨੂੰ ਆਪਣੇ ਘਰ ਵਿਚ ਹਵਨ ਨਹੀਂ ਕਰਨਾ ਚਾਹੀਦਾ ਸੀ ਜਦਕਿ ਦੂਜੇ ਪਾਸੇ ਲੋਕਾਂ ਲੋਕਾਂ ਨੇ ਕਿਹਾ ਕਿ ਹਵਨ ਕਰਨਾ ਹਿੰਦੂ ਧਰਮ ਦਾ ਅਟੁੱਟ ਹਿੱਸਾ ਹੈ ਅਤੇ ਇਸ ਨੂੰ ਰੋਕਿਆ ਨਹੀਂ ਜਾ ਸਕਦਾ।
ਸੋਸ਼ਲ ਮੀਡੀਆ ’ਤੇ ਖੱਟੀਆਂ-ਮਿੱਠੀਆਂ ਟਿੱਪਣੀਆਂ ਦਾ ਦੌਰ ਜਾਰੀ
ਇਕ ਵਰਤੋਂਕਾਰ ਨੇ ਕਿਹਾ ਕਿ ਅਜਿਹੇ ਮੁਲਕਾਂ ਜਿਥੇ ਮਕਾਨਾਂ ਦੀ ਉਸਾਰੀ ਦੌਰਾਨ ਵੱਡੇ ਪੱਧਰ ’ਤੇ ਲੱਕੜ ਵਰਤੀ ਜਾਂਦੀ ਹੈ, ਅੱਗ ਦੀ ਸ਼ਮੂਲੀਅਤ ਵਾਲੀ ਕੋਈ ਧਾਰਮਿਕ ਸਰਗਰਮੀ ਨਹੀਂ ਹੋਣੀ ਚਾਹੀਦੀ। ਜਿਹੜੇ ਮੁਲਕ ਵਿਚ ਤੁਸੀ ਰਹਿ ਰਹੇ ਹੋ, ਉਥੋਂ ਦੇ ਨਿਯਮ ਕਾਨੂੰਨ ਦੀ ਪਾਲਣਾ ਤੁਹਾਡਾ ਪਹਿਲਾ ਫਰਜ਼ ਬਣ ਜਾਂਦਾ ਹੈ। ਅਮਰੀਕਾ ਵਾਲੇ ਸਾਡੇ ਧਰਮ ਬਾਰੇ ਜ਼ਿਆਦਾ ਨਹੀਂ ਜਾਣਦੇ ਅਤੇ ਉਨ੍ਹਾਂ ਨੂੰ ਹਵਨ ਦਾ ਮਕਸਦ ਸਮਝਾਉਣਾ ਵੀ ਬੇਹੱਦ ਮੁਸ਼ਕਲ ਹੈ। ਭਾਰਤੀ ਪਰਵਾਰ ਨੂੰ ਫਾਇਰ ਡਿਪਾਰਟਮੈਂਟ ਤੋਂ ਹਵਨ ਕਰਨ ਦੀ ਇਜਾਜ਼ਤ ਲੈਣੀ ਚਾਹੀਦੀ ਸੀ। ਇਕ ਹੋਰ ਵਰਤੋਂਕਾਰ ਨੇ ਲਿਖਿਆ ਕਿ ਅਸੀਂ ਵਿਦੇਸ਼ਾਂ ਵਿਚ ਜਾ ਕੇ ਕੁਝ ਜ਼ਿਆਦਾ ਹੀ ਧਾਰਮਿਕ ਹੋ ਜਾਂਦੇ ਹਾਂ। ਸਭਿਆਚਾਰਕ ਸਮਾਗਮਾਂ ਦੌਰਾਨ ਸੜਕਾਂ ’ਤੇ ਹੋਣ ਵਾਲਾ ਆਵਾਜ਼ ਪ੍ਰਦੂਸ਼ਣ ਕੋਈ ਨਹੀਂ ਦੇਖਦਾ ਜਦਕਿ ਪੱਛਮੀ ਮੁਲਕਾਂ ਦੇ ਲੋਕਾਂ ਨੂੰ ਇਹ ਸਭ ਪਸੰਦ ਨਹੀਂ। ਇਕ ਟਿੱਪਣੀਕਾਰ ਨੇ ਭਾਰਤੀ ਪਰਵਾਰ ਦਾ ਪੱਖ ਪੂਰਦਿਆਂ ਕਿਹਾ ਕਿ ਸਾਧਾਰਣ ਪੂਜਾ ਕੀਤੀ ਜਾ ਰਹੀ ਸੀ ਅਤੇ ਕਿਸੇ ਨੂੰ ਕੋਈ ਨੁਕਸਾਨ ਨਹੀਂ ਸੀ ਹੋ ਸਕਦਾ ਪਰ ਉਨ੍ਹਾਂ ਲੋਕਾਂ ਬਾਰੇ ਕੀ ਆਖਿਆ ਜਾ ਸਕਦਾ ਹੈ ਜੋ ਆਪਣੇ ਗੈਰਾਜ ਵਿਚ ਮੀਟ ਭੁੰਨਣਾ ਸ਼ੁਰੂ ਕਰ ਦਿੰਦੇ ਹਨ।