ਅਮਰੀਕਾ ਛੱਡਣ ਲਈ ਮਜਬੂਰ ਹੋਇਆ ਭਾਰਤੀ ਪਰਵਾਰ
ਅਮਰੀਕਾ ਵਿਚ 17 ਸਾਲ ਰਹਿਣ ਮਗਰੋਂ ਭਾਰਤ ਪਰਤਣ ਲਈ ਮਜਬੂਰ ਹੋਏ ਪਰਵਾਰ ਦੀ ਹੈਰਾਨਕੁੰਨ ਕਹਾਣੀ ਚਰਚਾ ਦਾ ਮੁੱਦਾ ਬਣੀ ਹੋਈ ਹੈ
ਸ਼ਿਕਾਗੋ : ਅਮਰੀਕਾ ਵਿਚ 17 ਸਾਲ ਰਹਿਣ ਮਗਰੋਂ ਭਾਰਤ ਪਰਤਣ ਲਈ ਮਜਬੂਰ ਹੋਏ ਪਰਵਾਰ ਦੀ ਹੈਰਾਨਕੁੰਨ ਕਹਾਣੀ ਚਰਚਾ ਦਾ ਮੁੱਦਾ ਬਣੀ ਹੋਈ ਹੈ। ਇਹ ਪਰਵਾਰ ਰਾਸ਼ਟਰਪਤੀ ਡੌਨਲਡ ਟਰੰਪ ਦੀਆਂ ਇੰਮੀਗ੍ਰੇਸ਼ਨ ਨੀਤੀਆਂ ਕਾਰਨ ਆਪਣਾ ਸਭ ਕੁਝ ਵੇਚ-ਵੱਟ ਕੇ ਭਾਰਤ ਨਹੀਂ ਪਰਤਿਆ ਸਗੋਂ ਅਮਰੀਕਾ ਦੇ ਹੈਲਥ ਕੇਅਰ ਸਿਸਟਮ ਨੇ ਪਰਵਾਰ ਨੂੰ ਆਰਥਿਕ ਪੱਖੋਂ ਵੱਡੀ ਢਾਹ ਲਾਈ। ਹੈਲਥ ਕੇਅਰ ਸਿਸਟਮ ਦੀਆਂ ਚੁਣੌਤੀਆਂ ਦਾ ਜ਼ਿਕਰ ਕਰਦਿਆਂ ਧਾਰਾ ਅਤੇ ਉਸ ਦੇ ਪਤੀ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਜੌੜੇ ਬੱਚਿਆਂ ਨੇ ਜਨਮ ਲਿਆ ਜਿਸ ਦੌਰਾਨ ਛੇ ਮਹੀਨੇ ਦੀ ਜਣੇਪਾ ਛੁੱਟੀ ਲੈਣੀ ਪਈ ਪਰ ਉਚੀਆਂ ਬੀਮਾ ਦਰਾਂ ਨੇ ਨੱਕ ਵਿਚ ਦਮ ਮਰ ਦਿਤਾ।
ਹੈਲਥ ਕੇਅਰ ਦੇ ਖਰਚੇ ਨੇ ਪੈਦਾ ਕੀਤੀਆਂ ਸਮੱਸਿਆਵਾਂ
ਉਨ੍ਹਾਂ ਕਿਹਾ ਕਿ ਬੀਮੇ ਰਾਹੀਂ ਮਦਦ ਤੋਂ ਪਹਿਲਾਂ ਹਰ ਸਾਲ 14 ਹਜ਼ਾਰ ਡਾਲਰ ਜਮ੍ਹਾਂ ਕਰਵਾਉਣੇ ਪਏ ਅਤੇ 1,600 ਡਾਲਰ ਪ੍ਰਤੀ ਮਹੀਨਾ ਵਾਲਾ ਮਹਿੰਗਾ ਪ੍ਰੀਮੀਅਮ ਵੱਖਰਾ ਬਣਦਾ ਹੈ। ਹੱਦ ਤਾਂ ਉਸ ਵੇਲੇ ਹੋ ਗਈ ਜਦੋਂ ਜੌੜੇ ਬੱਚੇ ਹੈਲਥ ਕੇਅਰ ਇੰਸ਼ੋਰੈਂਸ ਤੋਂ ਬਾਹਰ ਹੀ ਰਹੇ। ਇਸ ਦਾ ਮਤਲਬ ਇਹ ਹੋਇਆ ਕਿ ਡਾਕਟਰ ਦੀ ਕਲੀਨਿਕ ਵਿਚ ਲੱਗਣ ਵਾਲਾ ਹਰ ਗੇੜਾ ਉਨ੍ਹਾਂ ਦੀ ਜੇਬ ’ਤੇ ਬੋਝ ਪਾ ਰਿਹਾ ਸੀ। ਇਸ ਦੇ ਉਲਟ ਦੋਹਾਂ ਨੂੰ ਭਾਰਤ ਦਾ ਹੈਲਥ ਕੇਅਰ ਸਿਸਟਮ ਜ਼ਿਆਦਾ ਬਿਹਤਰ ਮਹਿਸੂਸ ਹੋਇਆ। ਧਾਰਾ ਨੇ ਇਹ ਵੀ ਕਿਹਾ ਕਿ ਉਹ ਆਪਣੇ ਜੌੜੇ ਬੱਚਿਆਂ ਨੂੰ ਭਾਰਤੀ ਸਭਿਆਚਾਰ ਵਾਲੇ ਮਾਹੌਲ ਵਿਚ ਪਾਲਣਾ ਚਾਹੁੰਦੀ ਹੈ। ਧਾਰਾ ਨੇ ਉਮੀਦ ਭਰੇ ਲਹਿਜ਼ੇ ਵਿਚ ਕਿਹਾ ਕਿ ਭਾਰਤ ਵਿਚ ਉਸ ਦੇ ਬੱਚੇ ਪ੍ਰਮਾਤਮਾ ਦੀ ਇਬਾਦਤ ਕਰਦਿਆਂ ਅਤੇ ਸਾਡੀਆਂ ਕਹਾਣੀਆਂ ਸੁਣ ਕੇ ਵੱਡੇ ਹੋਣਗੇ। ਦੱਸ ਦੇਈਏ ਕਿ ਧਾਰਾ 15 ਸਾਲ ਦੀ ਉਮਰ ਵਿਚ ਅਮਰੀਕਾ ਪੁੱਜੀ ਅਤੇ ਭਾਰਤੀ ਮੂਲ ਦੇ ਸ਼ਖਸ ਨਾਲ ਵਿਆਹ ਕਰਵਾ ਲਿਆ।
15 ਸਾਲ ਦੀ ਉਮਰ ਵਿਚ ਅਮਰੀਕਾ ਪੁੱਜੀ ਸੀ ਧਾਰਾ
ਪਿਛਲੇ ਕੁਝ ਵਰਿ੍ਹਆਂ ਤੋਂ ਦੋਹਾਂ ਨੂੰ ਅਜਿਹੀਆਂ ਚੁਣੌਤੀਆਂ ਦਾ ਟਾਕਰਾ ਕਰਨਾ ਪਿਆ ਕਿ ਆਪਣਾ ਜੱਦੀ ਮੁਲਕ ਜ਼ਿਆਦਾ ਸੋਹਣਾ ਲੱਗਣ ਲੱਗਾ। ਧਾਰਾ ਨੇ ਰਿਵਰਸ ਮਾਇਗ੍ਰੇਸ਼ਨ ਨਾਲ ਸਬੰਧਤ ਇਹ ਕਹਾਣੀ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਤਾਂ ਲੱਖਾਂ ਲੋਕਾਂ ਦੀਆਂ ਟਿੱਪਣੀਆਂ ਆਉਣ ਲੱਗੀਆਂ ਜੋ ਵਿਦੇਸ਼ਾਂ ਵਿਚ ਬੱਚਿਆਂ ਦੀ ਪਰਵਰਿਸ਼, ਹੈਲਥ ਕੇਅਰ ਅਤੇ ਬੇਗਾਨੇ ਮੁਲਕ ਵਿਚ ਦਰਪੇਸ਼ ਸਮੱਸਿਆਵਾਂ ਬਾਰੇ ਜ਼ਿਕਰ ਕਰਨ ਲੱਗੇ। ਧਾਰਾ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਪਰਵਾਰ ਨਾਲ ਵਾਪਰਿਆ ਘਟਨਾਕ੍ਰਮ ਹਰ ਇਕ ਬਰਦਾਸ਼ਤ ਨਹੀਂ ਕਰਨਾ ਪੈਂਦਾ ਪਰ ਆਪਣੀ ਰੂਹ ਦੀ ਗੱਲ ਸੁਣਦਿਆਂ ਅਮਰੀਕਾ ਛੱਡਣ ਦਾ ਫੈਸਲਾ ਲਿਆ। ਅਮਰੀਕਾ ਵਿਚ ਲੰਘਾਏ ਵਰ੍ਹੇ ਵੀ ਉਨ੍ਹਾਂ ਦੀਆਂ ਸੁਨਹਿਰੀ ਯਾਦਾਂ ਦਾ ਹਮੇਸ਼ਾ ਹਿੱਸਾ ਰਹਿਣਗੇ। ਅਮਰੀਕਾ ਦੇ ਹੈਲਥ ਕੇਅਰ ਸਿਸਟਮ ਨਾਲ ਸਬੰਧਤ ਇਹ ਸੱਚੀ ਕਹਾਣੀ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਕੈਨੇਡਾ ਵਿਚ ਇਲਾਜ ਦੀ ਉਡੀਕ ਕਰਦੇ ਹਜ਼ਾਰਾਂ ਲੋਕਾਂ ਦੀ ਮੌਤ ਨਾਲ ਸਬੰਧਤ ਅਹਿਮ ਰਿਪੋਰਟ ਸਾਹਮਣੇ ਆਈ।