ਅਮਰੀਕਾ ’ਚ ਭਾਰਤੀ ਕਾਰੋਬਾਰੀ ਵੱਲੋਂ ਵੱਡਾ ਇੰਮੀਗ੍ਰੇਸ਼ਨ ਘਪਲਾ
ਅਮਰੀਕਾ ਵਿਚ ਇਕ ਭਾਰਤੀ ਕਾਰੋਬਾਰੀ ਨੇ ਵੱਡਾ ਇੰਮੀਗ੍ਰੇਸ਼ਨ ਘਪਲਾ ਕਰਦਿਆਂ ਕਈ ਸ਼ਹਿਰਾਂ ਦੇ ਪੁਲਿਸ ਮੁਖੀ ਰਿਸ਼ਵਤਖੋਰ ਬਣਾ ਦਿਤੇ
ਓਕਡੇਲ : ਅਮਰੀਕਾ ਵਿਚ ਇਕ ਭਾਰਤੀ ਕਾਰੋਬਾਰੀ ਨੇ ਵੱਡਾ ਇੰਮੀਗ੍ਰੇਸ਼ਨ ਘਪਲਾ ਕਰਦਿਆਂ ਕਈ ਸ਼ਹਿਰਾਂ ਦੇ ਪੁਲਿਸ ਮੁਖੀ ਰਿਸ਼ਵਤਖੋਰ ਬਣਾ ਦਿਤੇ ਅਤੇ ਹਥਿਆਰਬੰਦ ਡਾਕੇ ਵੱਜਣ ਦੀਆਂ ਫਰਜ਼ੀ ਰਿਪੋਰਟਾਂ ਤਿਆਰ ਕਰਵਾ ਕੇ ਸੈਂਕੜੇ ਲੋਕਾਂ ਨੂੰ ‘ਯੂ ਵੀਜ਼ਾ’ ਦਿਵਾਇਆ। ਲੂਈਜ਼ਿਆਨਾ ਸੂਬੇ ਦੇ ਪੱਛਮੀ ਜ਼ਿਲ੍ਹੇ ਦੇ ਅਟਾਰਨੀ ਦਫ਼ਤਰ ਦਾ ਦੋਸ਼ ਹੈ ਕਿ ਓਕਡੇਲ ਦੇ ਕਾਰੋਬਾਰੀ ਚੰਦਰਕਾਂਤ ਪਟੇਲ ਉਰਫ਼ ਲਾਲਾ ਨੇ 26 ਦਸੰਬਰ 2015 ਤੋਂ 15 ਜੁਲਾਈ 2025 ਦਰਮਿਆਨ ਵੱਖ ਵੱਖ ਸ਼ਹਿਰਾਂ ਦੇ ਪੁਲਿਸ ਅਫ਼ਸਰਾਂ ਨਾਲ ਸਾਜ਼ਿਸ਼ ਘੜਦਿਆਂ ਅਮਰੀਕਾ ਦੇ ਇੰਮੀਗ੍ਰੇਸ਼ਨ ਸਿਸਟਮ ਨਾਲ ਧੋਖਾ ਕੀਤਾ। ਚੰਦਰਕਾਂਤ ਪਟੇਲ ਦਾ ਸਾਥ ਦੇਣ ਵਾਲਿਆਂ ਵਿਚ ਕਥਿਤ ਤੌਰ ’ਤੇ ਓਕਡੇਲ ਦੇ ਪੁਲਿਸ ਮੁਖੀ ਚੈਡ ਡੌਇਲ, ਫੌਰੈਸਟ ਹਿਲ ਪੁਲਿਸ ਦੇ ਮੁਖੀ ਗਲਿਨ ਡਿਕਸਨ, ਗਲੈਨਮੋਰਾ ਪੁਲਿਸ ਦੇ ਸਾਬਕਾ ਮੁਖੀ ਟੈਬੋ ਓਨੀਸ਼ੀਆ ਅਤੇ ਮਾਈਕਲ ਸਲੇਨੀ ਸ਼ਾਮਲ ਸਨ।
ਕਈ ਸ਼ਹਿਰਾਂ ਦੇ ਪੁਲਿਸ ਮੁਖੀ ਰਿਸ਼ਵਤਖੋਰ ਬਣਾ ਦਿਤੇ
ਯੂ.ਐਸ. ਅਟਾਰਨੀ ਅਲੈਗਜ਼ੈਂਡਰ ਸੀ. ਵੈਨ ਹੂਕ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਿਸ ਅਧਿਕਾਰੀਆਂ ਨੂੰ ਇਕ ਝੂਠੀ ਰਿਪੋਰਟ ਤਿਆਰ ਕਰਨ ਲਈ 5 ਹਜ਼ਾਰ ਡਾਲਰ ਦੀ ਰਕਮ ਮਿਲਦੀ ਸੀ ਅਤੇ ਅਜਿਹੀਆਂ ਪਤਾ ਨਹੀਂ ਕਿੰਨੀਆਂ ਰਿਪੋਰਟਾਂ ਤਿਆਰ ਕੀਤੀਆਂ ਗਈਆਂ। ਪੁਲਿਸ ਰਿਪੋਰਟ ਵਿਚ ਹਥਿਆਰਬੰਦ ਡਾਕੇ ਵੱਜਣ ਦਾ ਜ਼ਿਕਰ ਹੁੰਦਾ ਅਤੇ ਪੀੜਤਾਂ ਵਜੋਂ ਚੰਦਰਕਾਂਤ ਦੇ ਕਲਾਈਂਟਸ ਦਾ ਨਾਂ ਸ਼ਾਮਲ ਕੀਤਾ ਜਾਂਦਾ। ਚੰਦਰਕਾਂਤ ਪਟੇਲ ਵਿਰੁੱਧ ਵੀਜ਼ਾ, ਰਿਸ਼ਵਤਖੋਰੀ, ਮੇਲ ਫਰੌਡ ਅਤੇ ਮਨੀ ਲਾਂਡਰਿੰਗ ਦੇ ਦੋਸ਼ ਆਇਦ ਕੀਤੇ ਗਏ ਹਨ ਜਦਕਿ ਡੌਇਲ ਅਤੇ ਡਿਕਸਨ ਵਿਰੁੱਧ ਵੀਜ਼ਾ ਫਰੌਡ ਦੀ ਸਾਜ਼ਿਸ਼ ਘੜਨ, ਮੇਲ ਫਰੌਡ ਅਤੇ ਮਨੀ ਲਾਂਡਰਿੰਗ ਦੇ ਦੋਸ਼ ਲੱਗੇ ਹਨ। ਚੰਦਰਕਾਂਤ ਤੋਂ ਇਲਾਵਾ, ਡੌਇਲ, ਡਿਕਸਨ ਅਤੇ ਸਲੇਨੀ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਘਰਾਂ ’ਤੇ ਛਾਪੇ ਵੀ ਮਾਰੇ ਗਏ। ਦੋਸ਼ ਸਾਬਤ ਹੋਣ ਦੀ ਸੂਰਤ ਵਿਚ ਵੀਜ਼ਾ ਫਰੌਡ ਲਈ 10 ਸਾਲ ਕੈਦ ਦੀ ਸਜ਼ਾ ਹੋ ਸਕਦੀ ਹੈ ਜਦਕਿ ਮੇਲ ਫਰੌਡ ਦੇ ਮਾਮਲੇ ਵਿਚ 20 ਸਾਲ ਵਾਸਤੇ ਜੇਲ ਭੇਜਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਢਾਈ ਲੱਖ ਡਾਲਰ ਦਾ ਜੁਰਮਾਨਾ ਵੱਖਰੇ ਤੌਰ ’ਤੇ ਹੋਣ ਦੇ ਆਸਾਰ ਹਨ। ਦੱਸ ਦੇਈਏ ਕਿ ਅਮਰੀਕਾ ਸਿਟੀਜ਼ਨਸ਼ਿਪ ਅਤੇ ਇੰਮੀਗ੍ਰੇਸ਼ਨ ਸੇਵਾਵਾਂ ਵਿਭਾਗ ਵੱਲੋਂ ਕੁਝ ਖਾਸ ਅਪਰਾਧਾਂ ਦੇ ਪੀੜਤਾਂ ਨੂੰ ਯੂ ਵੀਜ਼ਾ ਦਿਤਾ ਜਾਂਦਾ ਹੈ। ਇਹ ਵੀਜ਼ਾ ਸਾਲ 2000 ਵਿਚ ਆਰੰਭ ਕੀਤਾ ਗਿਆ ਅਤੇ ਇਸ ਦਾ ਮੁੱਖ ਮਕਸਦ ਹਿੰਸਾ ਪੀੜਤਾਂ ਨੂੰ ਰਾਹਤ ਦੇਣਾ ਸੀ ਪਰ ਕੁਝ ਸ਼ਾਤਰ ਦਿਮਾਗ ਵਾਲੇ ਲੋਕਾਂ ਨੇ ਇਸ ਦਾ ਨਾਜਾਇਜ਼ ਫਾਇਦਾ ਉਠਾਉਣਾ ਸ਼ੁਰੂ ਕਰ ਦਿਤਾ। ਅਮਰੀਕਾ ਦੇ ਇੰਮੀਗ੍ਰੇਸ਼ਨ ਨਿਯਮਾਂ ਮੁਤਾਬਕ ਕਿਸੇ ਸਟੋਰ ’ਤੇ ਡਾਕਾ ਪੈਣ ਦੀ ਸੂਰਤ ਵਿਚ ਉਥੇ ਕੰਮ ਕਰਦੇ ਮੁਲਾਜ਼ਮਾਂ ਨੂੰ ਮਾਨਸਿਕ ਜਾਂ ਸਰੀਰਕ ਤੌਰ ’ਤੇ ਪੀੜਤ ਮੰਨਿਆ ਜਾਂਦਾ ਹੈ ਅਤੇ ਚਾਰ ਸਾਲ ਤੱਕ ਮੁਲਕ ਵਿਚ ਰਹਿਣ ਦੀ ਇਜਾਜ਼ਤ ਮਿਲ ਜਾਂਦੀ ਹੈ।
ਸੈਂਕੜੇ ਲੋਕਾਂ ਨੂੰ ‘ਯੂ ਵੀਜ਼ਾ’ ਲਈ ਫਰਜ਼ੀ ਰਿਪੋਰਟਾਂ ਤਿਆਰ ਕਰਵਾਈਆਂ
ਅਮਰੀਕਾ ਦੇ ‘ਯੂ ਵੀਜ਼ਾ’ ਲਈ ਫ਼ਰਜ਼ੀ ਡਾਕੇ ਮਾਰਨ ਅਤੇ ਇੰਮੀਗ੍ਰੇਸ਼ਨ ਧੋਖਾਧੜੀ ਦੇ ਮਾਮਲਿਆਂ ਵਿਚ ਘਿਰੇ 2 ਭਾਰਤੀ ਨਾਗਰਿਕਾਂ ਵਿਚੋਂ ਇਕ ਨੇ ਗੁਨਾਹ ਕਬੂਲ ਕਰ ਲਿਆ ਹੈ ਜਦਕਿ ਦੂਜਾ 22 ਮਈ ਨੂੰ ਗੁਨਾਹ ਕਬੂਲ ਕਰ ਸਕਦਾ ਹੈ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਰਾਮਭਾਈ ਪਟੇਲ ਅਤੇ ਬਲਵਿੰਦਰ ਸਿੰਘ ਨੇ ਸਟੋਰ ਮਾਲਕਾਂ ਦੀ ਮਿਲੀਭੁਗਤ ਨਾਲ ਘੱਟੋ ਘੱਟ 9 ਡਾਕੇ ਮਾਰੇ। ਡਾਕੇ ਦੀਆਂ ਵਾਰਦਾਤਾਂ 2023 ਵਿਚ ਸ਼ੁਰੂ ਹੋਈਆਂ ਅਤੇ ਹਰ ਵਾਰ ਸਟੋਰ ਦੇ ਮੁਲਾਜ਼ਮ ਲੁਟੇਰਿਆਂ ਦੇ ਫਰਾਰ ਹੋਣ ਤੋਂ ਪੰਜ ਮਿੰਟ ਬਾਅਦ ਪੁਲਿਸ ਨੂੰ ਕਾਲ ਕਰਦੇ। ਅਸਲ ਵਿਚ ਇਨ੍ਹਾਂ ਵਾਰਦਾਤਾਂ ਦੀ ਸਾਜ਼ਿਸ਼ ਸਟੋਰ ਮੁਲਾਜ਼ਮਾਂ ਨੂੰ ‘ਯੂ ਵੀਜ਼ਾ’ ਦਿਵਾਉਣ ਲਈ ਘੜੀ ਗਈ ਜਿਨ੍ਹਾਂ ਵੱਲੋਂ ਰਾਮਭਾਈ ਅਤੇ ਬਲਵਿੰਦਰ ਸਿੰਘ ਨੂੰ 20 ਹਜ਼ਾਰ ਡਾਲਰ ਤੱਕ ਅਦਾਇਗੀ ਕੀਤੀ ਗਈ। ਇਸ ਤੋਂ ਪਹਿਲਾਂ ਨਿਊ ਯਾਰਕ ਦਾ ਵਸਨੀਕ ਰਾਮਭਾਈ ਪਟੇਲ ਬੋਸਟਨ ਦੇ ਜ਼ਿਲ੍ਹਾ ਜੱਜ ਦੀ ਅਦਾਲਤ ਵਿਚ ਵੀਜ਼ਾ ਫਰੌਡ ਦੀ ਸਾਜ਼ਿਸ਼ ਦਾ ਦੋਸ਼ ਪ੍ਰਵਾਨ ਕਰ ਚੁੱਕਾ ਹੈ ਜਿਸ ਨੂੰ ਸਜ਼ਾ ਦਾ ਐਲਾਨ 20 ਅਗਸਤ ਨੂੰ ਕੀਤਾ ਜਾਵੇਗਾ।