ਅਮਰੀਕਾ ਵਿਚ ਧੋਖਾਧੜੀ ਦੇ ਦੋਸ਼ ਹੇਠ ਭਾਰਤੀ ਗ੍ਰਿਫ਼ਤਾਰ
ਅਮਰੀਕਾ ਵਿਚ ਭਾਰਤੀ ਮੂਲ ਦੇ ਮੇਹੁਲ ਗੋਸਵਾਮੀ ਨੂੰ ਸਰਕਾਰ ਨਾਲ ਧੋਖਾਧੜੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਦੋਸ਼ੀ ਠਹਿਰਾਏ ਜਾਣ ’ਤੇ 15 ਸਾਲ ਦੀ ਜੇਲ ਹੋ ਸਕਦੀ ਹੈ
ਨਿਊ ਯਾਰਕ : ਅਮਰੀਕਾ ਵਿਚ ਭਾਰਤੀ ਮੂਲ ਦੇ ਮੇਹੁਲ ਗੋਸਵਾਮੀ ਨੂੰ ਸਰਕਾਰ ਨਾਲ ਧੋਖਾਧੜੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਦੋਸ਼ੀ ਠਹਿਰਾਏ ਜਾਣ ’ਤੇ 15 ਸਾਲ ਦੀ ਜੇਲ ਹੋ ਸਕਦੀ ਹੈ। ਮੀਡੀਆ ਰਿਪੋਰਟ ਮੁਤਾਬਕ ਮੇਹੁਲ ਗੋਸਮਾਵੀ ਨੇ ਨਿਊ ਯਾਰਕ ਸੂਬੇ ਵਿਚ ਸਰਕਾਰੀ ਨੌਕਰੀ ਦੌਰਾਨ ਪ੍ਰਾਈਵੇਟ ਨੌਕਰੀ ਵੀ ਕੀਤੀ ਅਤੇ ਟੈਕਸ ਪੇਅਰਜ਼ ਦੀ 50 ਹਜ਼ਾਰ ਡਾਲਰ ਦੀ ਰਕਮ ਕਥਿਤ ਤੌਰ ’ਤੇ ਹੜੱਪੀ। ਦਰਅਸਲ ਗੋਸਵਾਮੀ ਨਿਊ ਯਾਰਕ ਸਟੇਟ ਆਫ਼ ਇਨਫ਼ਰਮੇਸ਼ਨ ਟੈਕਨਾਲੋਜੀ ਸਰਵਿਸਿਜ਼ ਵਿਚ ਕੰਮ ਕਰਦਾ ਸੀ ਅਤੇ ਇਸ ਵਾਸਤੇ ਦਫ਼ਤਰ ਜਾਣਾ ਲਾਜ਼ਮੀ ਨਹੀਂ ਸੀ ਪਰ ਮਾਰਚ 2022 ਵਿਚ ਗੋਸਵਾਮੀ ਨੇ ਮਾਲਟਾ ਦੀ ਇਕ ਸੈਮੀਕੰਡਕਟਰ ਕੰਪਨੀ ਗਲੋਬਲ ਫਾਊਂਡ੍ਰੀਜ਼ ਵਾਸਤੇ ਵੀ ਕੰਮ ਕੀਤਾ।
ਸਰਕਾਰੀ ਨੌਕਰੀ ਦੌਰਾਨ ਪ੍ਰਾਈਵੇਟ ਨੌਕਰੀ ਵੀ ਕਰਦਾ ਰਿਹਾ ਮੇਹੁਲ ਗੋਸਵਾਮੀ
ਇੰਸਪੈਕਟਰ ਜਨਰਲ ਲੂਸੀ ਲੈਂਗ ਨੇ ਕਿਹਾ ਕਿ ਸਰਕਾਰੀ ਮੁਲਾਜ਼ਮਾਂ ਉਤੇ ਇਮਾਨਦਾਰੀ ਨਾਲ ਕੰਮ ਕਰਨ ਦੀ ਜ਼ਿੰਮੇਵਾਰੀ ਹੁੰਦੀ ਹੈ ਪਰ ਮੇਹੁਲ ਗੋਸਵਾਮੀ ਦੀਆਂ ਹਰਕਤਾਂ ਲੋਕਾਂ ਦਾ ਵਿਸ਼ਵਾਸ ਤੋੜਨ ਵਾਲੀਆਂ ਸਨ। ਸਰਕਾਰੀ ਨੌਕਰੀ ਦੌਰਾਨ ਦੂਜੀ ਫੁੱਲ ਟਾਈਮ ਜੌਬ ਕਰਨੀ ਸਰਕਾਰੀ ਸਰੋਤਾਂ ਦੀ ਦੁਰਵਰਤੋਂ ਹੈ। ਗੋਸਵਾਮੀ ਨੇ ਪ੍ਰੌਜੈਕਟ ਕੁਆਰਡੀਨੇਟਰ ਦੇ ਅਹੁਦੇ ’ਤੇ ਕੰਮ ਕਰਦਿਆਂ 2024 ਦੌਰਾਨ 117,891 ਡਾਲਰ ਦੀ ਤਨਾਹ ਹਾਸਲ ਕੀਤੀ ਅਤੇ ਘਪਲਾ ਸਾਹਮਣੇ ਆਉਣ ਮਗਰੋਂ ਸੈਰਾਟੋਗਾ ਕਾਊਂਟੀ ਦੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਦੂਜੇ ਪਾਸੇ ਅਮਰੀਕਾ ਦੇ ਇਕ ਸਟੋਰ ’ਤੇ ਕੰਮ ਕਰਦੇ ਭਾਰਤੀ ਨਾਗਰਿਕ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਜਿਸ ਦੀ ਸ਼ਨਾਖਤ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਨਾਲ ਸਬੰਧਤ ਪ੍ਰਦੀਪ ਕੁਮਾਰ ਵਜੋਂ ਕੀਤੀ ਗਈ ਹੈ। ਮੀਡੀਆ ਰਿਪੋਰਟ ਮੁਤਾਬਕ ਇਕ ਸਾਬਕਾ ਫੌਜੀ ਨੇ ਵਾਰਦਾਤ ਨੂੰ ਅੰਜਾਮ ਦਿਤਾ ਅਤੇ ਬਗੈਰ ਕਿਸੇ ਭੜਕਾਹਟ ਤੋਂ 35 ਸਾਲ ਦੇ ਪ੍ਰਦੀਪ ਕੁਮਾਰ ਨੂੰ 3-4 ਗੋਲੀਆਂ ਮਾਰ ਦਿਤੀਆਂ। ਹੈਰਾਨਕੁੰਨ ਘਟਨਾਕ੍ਰਮ ਤਹਿਤ ਸਾਬਕਾ ਫੌਜੀ ਨੇ ਪ੍ਰਦੀਪ ਸਿੰਘ ਦੇ ਕਤਲ ਮਗਰੋਂ ਖੁਦਕੁਸ਼ੀ ਕਰ ਲਈ।
ਪੋਰਟਲੈਂਡ ਦੇ ਸਟੋਰ ’ਤੇ ਭਾਰਤੀ ਦਾ ਗੋਲੀਆਂ ਮਾਰ ਕੇ ਕਤਲ
ਗੋਲੀਬਾਰੀ ਦੇ ਮਕਸਦ ਬਾਰੇ ਫ਼ਿਲਹਾਲ ਪਤਾ ਨਹੀਂ ਲੱਗ ਸਕਿਆ ਅਤੇ ਪੋਰਟਲੈਂਡ ਸ਼ਹਿਰ ਦੀ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। 8 ਭੈਣਾਂ ਦਾ ਇਕਲੌਤਾ ਭਰਾ ਪ੍ਰਦੀਪ ਕੁਮਾਰ ਡੇਢ ਸਾਲ ਪਹਿਲਾਂ ਸੁਨਹਿਰੀ ਭਵਿੱਖ ਦੀ ਤਲਾਸ਼ ਵਿਚ ਅਮਰੀਕਾ ਪੁੱਜਾ ਸੀ। ਹਾਲ ਹੀ ਵਿਚ ਉਸ ਨੇ ਘਰ ਫੋਨ ਕਰ ਕੇ ਦੱਸਿਆ ਕਿ ਇਕ ਚੰਗੀ ਨੌਕਰੀ ਮਿਲ ਗਈ ਹੈ ਅਤੇ ਹੁਣ ਸਾਰੇ ਕਰਜ਼ੇ ਉਤਰ ਜਾਣਗੇ ਪਰ ਕੋਈ ਨਹੀਂ ਸੀ ਜਾਣਦਾ ਕਿ ਪ੍ਰਦੀਪ ਕੁਮਾਰ ਆਪਣੇ ਪਰਵਾਰ ਨਾਲ ਆਖਰੀ ਵਾਰ ਗੱਲ ਕਰ ਰਿਹਾ ਹੈ। ਪ੍ਰਦੀਪ ਕੁਮਾਰ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਪਿੱਛੇ ਬਜ਼ੁਰਗ ਮਾਤਾ ਅਤੇ 8 ਭੈਣਾਂ ਰਹਿ ਗਈਆਂ। ਪਿੰਡ ਹਥਲਾਣਾ ਵਿਖੇ ਪ੍ਰਦੀਪ ਕੁਮਾਰ ਦੇ ਇਕ ਗੁਆਂਢੀ ਨੇ ਦੱਸਿਆ ਕਿ ਉਸ ਦੇ ਦੇਹ ਵਾਪਸ ਆਉਣ ਦੀ ਉਡੀਕ ਕੀਤੀ ਜਾ ਰਹੀ ਹੈ।