ਭਾਰਤ ਅਤੇ ਬਰਤਾਨੀਆ ਵੱਲੋਂ ਮੁਕਤ ਵਪਾਰ ਸੰਧੀ ’ਤੇ ਦਸਤਖ਼ਤ

ਭਾਰਤ ਅਤੇ ਬਰਤਾਨੀਆ ਦਰਮਿਆਨ ਇਤਿਹਾਸਕ ਮੁਕਤ ਵਪਾਰ ਸੰਧੀ ਵੀਰਵਾਰ ਨੂੰ ਨੇਪਰੇ ਚੜ੍ਹ ਗਈ।

Update: 2025-07-24 12:20 GMT

ਲੰਡਨ : ਭਾਰਤ ਅਤੇ ਬਰਤਾਨੀਆ ਦਰਮਿਆਨ ਇਤਿਹਾਸਕ ਮੁਕਤ ਵਪਾਰ ਸੰਧੀ ਵੀਰਵਾਰ ਨੂੰ ਨੇਪਰੇ ਚੜ੍ਹ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਹਮਰੁਤਬਾ ਕਿਅਰ ਸਟਾਰਮਰ ਦੀ ਮੌਜੂਦਗੀ ਵਿਚ ਸੰਧੀ ’ਤੇ ਦਸਤਖ਼ਤ ਕੀਤੇ ਗਏ ਜਿਸ ਮਗਰੋਂ ਦੋਹਾਂ ਮੁਲਕਾਂ ਵਿਚਾਲੇ ਹੋਣ ਵਾਲਾ 99 ਫ਼ੀ ਸਦੀ ਵਪਾਰ ਟੈਰਿਫ਼ਸ ਤੋਂ ਮੁਕਤ ਹੋਵੇਗਾ। ਮੁਕਤ ਵਪਾਰ ਸੰਧੀ ਨਾਲ ਦੋਹਾਂ ਮੁਲਕਾਂ ਦਾ ਵਪਾਰ ਵਧੇਗਾ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਬਰਤਾਨਵੀ ਕੰਪਨੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੀਆਂ ਗੱਡੀਆਂ, ਵਿ੍ਹਸਕੀ ਅਤੇ ਹੋਰ ਉਤਪਾਦ ਵੇਚਣ ਵਿਚ ਸੌਖ ਹੋਵੇਗੀ।

ਸਸਤੀ ਸਕੌਚ ਅਤੇ ਲਗਜ਼ਰੀ ਗੱਡੀਆਂ ਦਾ ਰਾਹ ਖੁੱਲਿ੍ਹਆ

ਜੈਗੁਆਰ ਅਤੇ ਲੈਂਡ ਰੋਵਰ ਵਰਗੀਆਂ ਮਹਿੰਗੀਆਂ ਗੱਡੀਆਂ ਹੁਣ ਭਾਰਤ ਵਿਚ ਪਹਿਲਾਂ ਦੇ ਮੁਕਾਬਲੇ ਸਸਤੀਆਂ ਮਿਲਣਗੀਆਂ ਜਦਕਿ ਸਕੌਚ ਵਿ੍ਹਸਕੀ ਦੀਆਂ ਕੀਮਤਾਂ ਵਿਚ ਵੀ ਕਮੀ ਆਵੇਗੀ। ਬਰਤਾਨੀਆ ਤੋਂ ਐਕਸਪੋਰਟ ਹੋਣ ਵਾਲੇ ਬ੍ਰੈਂਡਡ ਕੱਪੜੇ, ਫੈਸ਼ਨ ਪ੍ਰੋਡਕਟਸ ਅਤੇ ਘਰੇਲੂ ਵਰਤੋਂ ਵਾਲਾ ਸਾਜ਼ੋ ਸਮਾਨ ਵੀ ਸਸਤਾ ਹੋਣ ਦੇ ਆਸਾਰ ਨਜ਼ਰ ਆ ਰਹੇ ਹਨ। ਦੂਜੇ ਪਾਸੇ ਭਾਰਤ ਤੋਂ ਬਰਤਾਨੀਆ ਪੁੱਜਣ ਵਾਲੇ ਗਹਿਣੇ ਸਸਤੇ ਹੋਣਗੇ ਅਤੇ ਭਾਰਤੀ ਮੂਲ ਦੇ ਲੋਕਾਂ ਫਾਇਦਾ ਮਿਲੇਗਾ। ਇਸ ਤੋਂ ਇਲਾਵਾ ਚਮੜੇ ਤੋਂ ਬਣੀਆਂ ਵਸਤਾਂ ਦੇ ਭਾਅ ਘਟਣਗੇ ਅਤੇ ਭਾਰਤੀ ਚਮੜਾ ਉਦਯੋਗ ਨੂੰ ਹੁਲਾਰਾ ਮਿਲੇਗਾ।

ਪ੍ਰਧਾਨ ਮੰਤਰੀ ਮੋਦੀ ਦਾ ਕਿਅਰ ਸਟਾਰਮਰ ਵੱਲੋਂ ਨਿੱਘਾ ਸਵਾਗਤ

ਇਥੇ ਦਸਣਾ ਬਣਦਾ ਹੈ ਕਿ ਪਿਛਲੇ ਸਾਲ ਭਾਰਤ ਨੇ 2 ਲੱਖ 75 ਹਜ਼ਾਰ ਕਰੋੜ ਰੁਪਏ ਦਾ ਸਮਾਨ ਬਰਤਾਨੀਆ ਭੇਜਿਆ ਜਦਕਿ ਬਰਤਾਨੀਆ ਨੇ 1 ਲੱਖ 85 ਹਜ਼ਾਰ ਕਰੋੜ ਰੁਪਏ ਦਾ ਐਕਸਪੋਰਟ ਕੀਤਾ। ਸਭ ਤੋਂ ਵੱਧ ਚਰਚਾ ਸ਼ਰਾਬ ਦੀ ਹੋ ਰਹੀ ਹੈ ਅਤੇ ਯੂ.ਕੇ. ਵਿਚ ਬਣੀ ਵਿ੍ਹਸਕੀ ਸਸਤੀ ਹੋਣ ’ਤੇ ਭਾਰਤੀ ਕੰਪਨੀਆਂ ਵਾਸਤੇ ਮੁਕਾਬਲੇਬਾਜ਼ੀ ਮੁਸ਼ਕਲ ਹੋ ਜਾਵੇਗੀ। ਸਕਾਚ ਵਿ੍ਹਸਕੀ ਐਸੋਸੀਏਸ਼ਨ ਦੇ ਮੁੱਖ ਕਾਰਜਕਾਰੀ ਅਫ਼ਸਰ ਮਾਰਕ ਕੈਂਟ ਨੇ ਮੁਕਤ ਵਪਾਰ ਸੰਧੀ ਨੂੰ ਲਾਮਿਸਾਲ ਕਰਾਰ ਦਿਤਾ। ਭਾਰਤ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਸ਼ਰਾਬ ਬਾਜ਼ਾਰ ਮੰਨਿਆ ਜਾਂਦਾ ਹੈ ਅਤੇ ਯੂ.ਕੇ. ਤੋਂ ਹਰ ਸਾਲ ਵੱਡੀ ਮਿਕਦਾਰ ਵਿਚ ਸ਼ਰਾਬ ਭਾਰਤ ਪੁੱਜਦੀ ਹੈ। ਭਾਰਤ ਅਤੇ ਯੂ.ਕੇ. ਦਰਮਿਆਨ ਮੁਕਤ ਵਪਾਰ ਸੰਧੀ ਬਾਰੇ ਗੱਲਬਾਤ ਤਕਰੀਬਨ ਸਾਢੇ ਤਿੰਨ ਸਾਲ ਪਹਿਲਾਂ ਆਰੰਭ ਹੋਈ ਅਤੇ ਹੁਣ ਇਸ ਨੂੰ ਅਮਲੀ ਜਾਮਾ ਪਹਿਨਾਇਆ ਗਿਆ ਹੈ।

Tags:    

Similar News