ਆਸਟ੍ਰੇਲੀਆ ਵਿਚ ਝੀਲ ਦਾ ਨਾਂ ‘ਗੁਰੂ ਨਾਨਕ ਲੇਕ’ ਰੱਖਿਆ

ਆਸਟ੍ਰੇਲੀਆ ਦੇ ਮੈਲਬਰਨ ਸ਼ਹਿਰ ਨੇੜੇ ਬੈਰਿਕ ਸਪ੍ਰਿੰਗਜ਼ ਵਿਖੇ ਝੀਲ ਦਾ ਨਾਂ ਗੁਰੂ ਨਾਨਕ ਲੇਕ ਰੱਖਣ ਦਾ ਐਲਾਨ ਕੀਤਾ ਗਿਆ ਹੈ।

Update: 2024-11-11 12:50 GMT

ਮੈਲਬਰਨ : ਆਸਟ੍ਰੇਲੀਆ ਦੇ ਮੈਲਬਰਨ ਸ਼ਹਿਰ ਨੇੜੇ ਬੈਰਿਕ ਸਪ੍ਰਿੰਗਜ਼ ਵਿਖੇ ਝੀਲ ਦਾ ਨਾਂ ਗੁਰੂ ਨਾਨਕ ਲੇਕ ਰੱਖਣ ਦਾ ਐਲਾਨ ਕੀਤਾ ਗਿਆ ਹੈ। ਵਿਕਟੋਰੀਆ ਸੂਬੇ ਦੀ ਯੋਜਨਾਬੰਦੀ ਮੰਤਰੀ ਸੋਨੀਆ ਕਲਕੈਨੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਮੌਕੇ ਇਹ ਐਲਾਨ ਕਰਦਿਆਂ ਬੇਹੱਦ ਫਖਰ ਮਹਿਸੂਸ ਹੋ ਰਿਹਾ ਹੈ। ਦੂਜੇ ਪਾਸੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਇਨਗ੍ਰਿਡ ਸਟਿਟ ਨੇ ਕਿਹਾ ਕਿ ਸਿੱਖ ਭਾਈਚਾਰੇ ਵੱਲੋਂ ਪੂਰੇ ਵਿਕਟੋਰੀਆ ਵਿਚ ਲਾਏ ਜਾਣ ਵਾਲ ਲੰਗਰ ਵਿਚ ਸੂਬਾ ਸਰਕਾਰ 6 ਲੱਖ ਡਾਲਰ ਦਾ ਯੋਗਦਾਨ ਪਾ ਰਹੀ ਹੈ। ਹੁਣ ਤੱਕ ਇਸ ਝੀਲ ਨੂੰ ਬੈਰਿਕ ਸਪ੍ਰਿੰਗਜ਼ ਲੇਕ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਪਰ ਸਿੱਖਾਂ ਵੱਲੋਂ ਵਿਕਟੋਰੀਆ ਸੂਬੇ ਵਿਚ ਪਾਏ ਯੋਗਦਾਨ ਨੂੰ ਵੇਖਦਿਆਂ ਸ੍ਰੀ ਗੁਰੂ ਨਾਨਕ ਸਾਹਿਬ ਦੇ 555ਵੇਂ ਪ੍ਰਕਾਸ਼ ਦਿਹਾੜੇ ਮੌਕੇ ਝੀਲ ਦਾ ਨਵਾਂ ਨਾਂ ਗੁਰੂ ਨਾਨਕ ਲੇਕ ਰੱਖ ਦਿਤਾ ਗਿਆ।

ਮੈਲਬਰਨ ਨੇੜੇ ਬੈਰਿਕ ਸਪ੍ਰਿੰਗਜ਼ ਵਿਖੇ ਮੌਜੂਦ ਹੈ ਝੀਲ

ਸੋਨੀਆ ਕਲਕੈਨੀ ਨੇ ਅੱਗੇ ਕਿਹਾ ਕਿ ਝੀਲ ਵਾਲਾ ਇਲਾਕਾ ਰਵਾਇਤੀ ਤੌਰ ’ਤੇ ਮੂਲ ਬਾਸ਼ਿੰਦਿਆਂ ਦੀ ਮਾਲਕੀ ਹੇਠ ਹੈ ਅਤੇ ਉਨ੍ਹਾਂ ਦੀ ਸਹਿਮਤੀ ਨਾਲ ਹੀ ਝੀਲ ਨੂੰ ਨਵਾਂ ਨਾਂ ਦੇਣ ਦਾ ਫੈਸਲਾ ਲਿਆ ਗਿਆ। ਝੀਲ ਨੇੜੇ ਪੱਕਾ ਸਾਈਨ ਲਾਉਣ ਵਾਸਤੇ ਸਿੱਖ ਭਾਈਚਾਰੇ ਨਾਲ ਸਲਾਹ ਮਸ਼ਵਰਾ ਕੀਤਾ ਜਾ ਰਿਹਾ ਹੈ ਅਤੇ ਇਸ ਤੋਂ ਇਲਾਵਾ ਮੈਲਬਰਨ ਵਾਟਰ ਤੇ ਕੇਸੀ ਸ਼ਹਿਰ ਦੀ ਪ੍ਰਵਾਨਗੀ ਵੀ ਲੋੜੀਂਦੀ ਹੋਵੇਗੀ। ਦੂਜੇ ਪਾਸੇ ਇਨਗ੍ਰਿਡ ਸਟਿਟ ਨੇ ਕਿਹਾ ਕਿ ਚਾਹੇ ਕੋਰੋਨਾ ਮਹਾਂਮਾਰੀ ਹੋਵੇ ਜਾਂ ਹੜ੍ਹਾਂ ਵੱਲੋਂ ਮਚਾਈ ਤਬਾਹੀ, ਸਿੱਖ ਭਾਈਚਾਰੇ ਵੱਲੋਂ ਲੋੜਵੰਦਾਂ ਵਾਸਤੇ ਲੰਗਰ ਲਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਗਈ। ਆਸਟ੍ਰੇਲੀਆ ਵਿਚ ਜੰਗਲਾਂ ਦੌਰਾਨ ਵੀ ਸਿੱਖ ਵਾਲੰਟੀਅਰ ਲਗਾਤਾਰ ਸੇਵਾ ਵਿਚ ਜੁਟੇ ਰਹੇ। ਇਥੇ ਦਸਣਾ ਬਣਦਾ ਹੈ ਕਿ ਵਿਕਟੋਰੀਆ ਸੂਬੇ ਵਿਚ ਤਕਰੀਬਨ ਇਕ ਲੱਖ ਸਿੱਖ ਵਸਦੇ ਹਨ।

Tags:    

Similar News