ਯੂਰਪ ’ਤੇ ਹਮਲਾ ਨਹੀਂ ਕਰਾਂਗਾ, ਲਿਖ ਕੇ ਲੈ ਲਵੋ : ਪੁਤਿਨ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਉਹ ਕਦੇ ਵੀ ਯੂਰਪ ’ਤੇ ਹਮਲਾ ਨਹੀਂ ਕਰਨਗੇ ਅਤੇ ਲਿਖਤੀ ਤੌਰ ’ਤੇ ਇਹ ਵਾਅਦਾ ਕਰਨ ਵਾਸਤੇ ਰਾਜ਼ੀ ਹਨ
ਮਾਸਕੋ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਉਹ ਕਦੇ ਵੀ ਯੂਰਪ ’ਤੇ ਹਮਲਾ ਨਹੀਂ ਕਰਨਗੇ ਅਤੇ ਲਿਖਤੀ ਤੌਰ ’ਤੇ ਇਹ ਵਾਅਦਾ ਕਰਨ ਵਾਸਤੇ ਰਾਜ਼ੀ ਹਨ। ਪੁਤਿਨ ਨੇ ਯੂਰਪੀ ਆਗੂਆਂ ’ਤੇ ਦੋਸ਼ ਲਾਇਆ ਕਿ ਉਹ ਆਪਣੇ ਲੋਕਾਂ ਵਿਚ ਡਰ ਪੈਦਾ ਕਰ ਕੇ ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ਦੀਆਂ ਜੁੱਤੀਆਂ ਚੱਟ ਰਹੇ ਹਨ। ਦੱਸ ਦੇਈਏ ਕਿ ਜਰਮਨੀ ਦੇ ਵਿਦੇਸ਼ ਮੰਤਰੀ ਯੋਹਾਨ ਵੈਡਫੁਲ ਨੇ ਹਾਲ ਹੀ ਵਿਚ ਦੋਸ਼ ਲਾਇਆ ਸੀ ਕਿ ਰੂਸ ਅਗਲੇ ਕੁਝ ਵਰਿ੍ਹਆਂ ਦੌਰਾਨ ਕਿਸੇ ਵੀ ਨਾਟੋ ਮੁਲਕ ’ਤੇ ਹਮਲਾ ਕਰ ਸਕਦਾ ਹੈ।
4 ਦਸੰਬਰ ਨੂੰ ਭਾਰਤ ਦੌਰੇ ’ਤੇ ਪੁੱਜ ਰਹੇ ਰੂਸ ਦੇ ਰਾਸ਼ਟਰਪਤੀ
ਵੈਡਫੁਲ ਨੇ ਜਰਮਨ ਖੁਫ਼ੀਆ ਏਜੰਸੀਆਂ ਦੇ ਹਵਾਲੇ ਨਾਲ ਕਿਹਾ ਸੀ ਕਿ ਰੂਸ 2029 ਵਿਚ ਜੰਗ ਛੇੜਨ ਦੀ ਤਿਆਰੀ ਕਰ ਰਿਹਾ ਹੈ। ਜਰਮਨੀ ਦੇ ਵਿਦੇਸ਼ ਮੰਤਰੀ ਨੂੰ ਝੂਠਾ ਸਾਬਤ ਕਰਦਾ ਪੁਤਿਨ ਦਾ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ, ਰੂਸ ਅਤੇ ਯੂਕਰੇਨ ਦੀ ਜੰਗ ਖ਼ਤਮ ਕਰਵਾਉਣ ਦੀ ਰਣਨੀਤੀ ਦਾ ਐਲਾਨ ਕਰ ਚੁੱਕੇ ਹਨ। 4 ਦਸੰਬਰ ਤੋਂ ਸ਼ੁਰੂ ਹੋ ਰਹੇ ਭਾਰਤ ਦੌਰੇ ਤੋਂ ਐਨ ਪਹਿਲਾਂ ਪੁਤਿਨ ਨੇ ਕਿਹਾ ਕਿ ਰੂਸ ਦੇ ਕਬਜ਼ੇ ਵਾਲੇ ਇਲਾਕਿਆਂ ਤੋਂ ਯੂਕਰੇਨੀ ਫੌਜ ਨੂੰ ਪਿੱਛੇ ਹਟਣਾ ਹੋਵੇਗਾ। ਦੂਜੇ ਪਾਸੇ ਰੂਸ ਅਤੇ ਭਾਰਤ ਦਰਮਿਆਨ ਕੱਚੇ ਤੇਲ ਅਤੇ ਅਗਾਂਹਵਧੂ ਮਿਜ਼ਾਈਲ ਡਿਫ਼ੈਂਸ ਸਿਸਟਮ ਦੀ ਖਰੀਦ ਬਾਰੇ ਸਮਝੌਤਾ ਹੋਣ ਦੇ ਆਸਾਰ ਨਜ਼ਰ ਆ ਰਹੇ ਹਨ।