ਅਮਰੀਕਾ ’ਚੋਂ ਸੈਂਕੜੇ ਪੰਜਾਬੀ ਡਰਾਈਵਰ ਹੋਣਗੇ ਡਿਪੋਰਟ

ਅਮਰੀਕਾ ਵਿਚ ਸੈਂਕੜੇ ਪੰਜਾਬੀ ਟਰੱਕ ਡਰਾਈਵਰਾਂ ਦੀ ਹੁਣ ਖ਼ੈਰ ਨਹੀਂ ਜਿਨ੍ਹਾਂ ਨੂੰ ਫੜ-ਫੜ ਕੇ ਡਿਪੋਰਟ ਕਰਨ ਦੀ ਤਿਆਰੀ ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਵਾਲਿਆਂ ਨੇ ਕਰ ਲਈ ਹੈ

Update: 2025-08-19 12:23 GMT

ਸਟੌਕਟਨ : ਅਮਰੀਕਾ ਵਿਚ ਸੈਂਕੜੇ ਪੰਜਾਬੀ ਟਰੱਕ ਡਰਾਈਵਰਾਂ ਦੀ ਹੁਣ ਖ਼ੈਰ ਨਹੀਂ ਜਿਨ੍ਹਾਂ ਨੂੰ ਫੜ-ਫੜ ਕੇ ਡਿਪੋਰਟ ਕਰਨ ਦੀ ਤਿਆਰੀ ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਵਾਲਿਆਂ ਨੇ ਕਰ ਲਈ ਹੈ। ਜੀ ਹਾਂ, ਤਿੰਨ ਮੌਤਾਂ ਦੇ ਜ਼ਿੰਮੇਵਾਰ ਹਰਜਿੰਦਰ ਸਿੰਘ ਦਾ ਮਾਮਲਾ ਪੂਰੀ ਤਰ੍ਹਾਂ ਭਖ ਚੁੱਕਾ ਹੈ ਅਤੇ ਆਈਸ ਦੇ ਨਾਕੇ ਟਰੱਕ ਵੇਇੰਗ ਸਟੇਸ਼ਨਾਂ ਯਾਨੀ ਕੰਡਿਆਂ ’ਤੇ ਲੱਗਣੇ ਸ਼ੁਰੂ ਹੋ ਗਏ ਹਨ ਜਿਥੇ ਵਰਕ ਪਰਮਿਟ ਵਾਲੇ ਡਰਾਈਵਰਾਂ ਨੂੰ ਘੇਰਿਆ ਜਾਵੇਗਾ। ਸਿਰਫ਼ ਐਨਾ ਹੀ ਨਹੀਂ ਟਰੱਕ ਸਟੌਪਸ ’ਤੇ ਵੀ ਇੰਮੀਗ੍ਰੇਸ਼ਨ ਵਾਲਿਆਂ ਦੇ ਛਾਪੇ ਵੱਜਣਗੇ ਜਦਕਿ ਹਾਈਵੇਜ਼ ’ਤੇ ਜਾਂਦੇ ਟਰੱਕਾਂ ਨੂੰ ਰੋਕ ਕੇ ਚੈਕਿੰਗ ਸ਼ੁਰੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਪੁਆੜੇ ਦੀ ਜੜ੍ਹ ਹਰਜਿੰਦਰ ਸਿੰਘ ਦਾ ਵਰਕ ਪਰਮਿਟ ਦੱਸਿਆ ਜਾ ਰਿਹਾ ਹੈ ਅਤੇ ਟਰੰਪ ਸਰਕਾਰ ਦਾ ਦੋਸ਼ ਹੈ ਕਿ ਜੋਅ ਬਾਇਡਨ ਦੀ ਸਰਕਾਰ ਵੇਲੇ ਉਸ ਨੂੰ ਵਰਕ ਪਰਮਿਟ ਦਿਤਾ ਗਿਆ।

ਟਰੱਕ ਸਟੌਪਸ ਅਤੇ ਵੇਇੰਗ ਸਟੇਸ਼ਨਾਂ ’ਤੇ ਇੰਮੀਗ੍ਰੇਸ਼ਨ ਕਾਰਵਾਈ

‘ਫੌਕਸ ਨਿਊਜ਼’ ਦੀ ਰਿਪੋਰਟ ਮੁਤਾਬਕ ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ ਦੀ ਤਰਜਮਾਨ ਟ੍ਰਿਸ਼ੀਆ ਮੈਕਲਾਫਲਿਨ ਨੇ ਦਾਅਵਾ ਕੀਤਾ ਹੈ ਕਿ ਡੌਨਲਡ ਟਰੰਪ ਦੇ ਪਹਿਲੇ ਕਾਰਜਕਾਲ ਵੇਲੇ 14 ਸਤੰਬਰ 2020 ਨੂੰ ਹਰਜਿੰਦਰ ਸਿੰਘ ਦਾ ਵਰਕ ਪਰਮਿਟ ਰੱਦ ਕਰ ਦਿਤਾ ਗਿਆ ਸੀ ਅਤੇ ਬਾਇਡਨ ਸਰਕਾਰ ਦੇ ਸੱਤਾ ਵਿਚ ਆਉਣ ’ਤੇ 9 ਜੂਨ 2021 ਨੂੰ ਵਰਕ ਪਰਮਿਟ ਬਹਾਲ ਕਰ ਦਿਤਾ ਗਿਆ। ਹਰਜਿੰਦਰ ਸਿੰਘ ਨੇ ਸਤੰਬਰ 2018 ਵਿਚ ਅਮਰੀਕਾ ਦਾ ਬਾਰਡਰ ਟੱਪਿਆ ਅਤੇ ਬਾਰਡਰ ਪੈਟਰੋਲ ਵਾਲਿਆਂ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਵੇਲੇ ਟਰੰਪ ਰਾਸ਼ਟਰਪਤੀ ਸਨ ਅਤੇ ਹਰਜਿੰਦਰ ਸਿੰਘ ਨੂੰ ਜਲਦ ਤੋਂ ਜਲਦ ਡਿਪੋਰਟ ਕਰਨ ਦੀ ਕਾਰਵਾਈ ਆਰੰਭ ਦਿਤੀ ਗਈ ਪਰ ਹਰਜਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਭਾਰਤ ਵਾਪਸ ਜਾਣ ’ਤੇ ਉਸ ਦੀ ਜਾਨ ਖਤਰੇ ਵਿਚ ਘਿਰ ਜਾਵੇਗੀ। ਅਮਰੀਕਾ ਦੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਨੇ ਮਾਮਲੇ ਦੀ ਡੂੰਘਾਈ ਨਾਲ ਘੋਖ ਕਰਨ ਮਗਰੋਂ ਜਨਵਰੀ 2019 ਵਿਚ 5 ਹਜ਼ਾਰ ਦੇ ਇੰਮੀਗ੍ਰੇਸ਼ਨ ਬੌਂਡ ’ਤੇ ਹਰਜਿੰਦਰ ਸਿੰਘ ਨੂੰ ਰਿਹਾਅ ਕਰ ਦਿਤਾ। ਇਸ ਮਗਰੋਂ ਇੰਮੀਗ੍ਰੇਸ਼ਨ ਅਦਾਲਤ ਦੀਆਂ ਪੇਸ਼ੀਆਂ ਦੌਰਾਨ ਹਰਜਿੰਦਰ ਸਿੰਘ ਲਗਾਤਾਰ ਹਾਜ਼ਰ ਹੁੰਦਾ ਰਿਹਾ। ਦੱਸ ਦੇਈਏ ਕਿ ਯੂ.ਐਸ. ਮਾਰਸ਼ਲਜ਼ ਨੇ ਹਰਜਿੰਦਰ ਸਿੰਘ ਨੂੰ ਕੈਲੇਫੋਰਨੀਆ ਦੇ ਸਟੌਕਟਨ ਤੋਂ ਗ੍ਰਿਫ਼ਤਾਰ ਕਰਦਿਆਂ ਗੱਡੀ ਰਾਹੀਂ ਕਤਲ ਦੇ ਤਿੰਨ ਦੋਸ਼ ਆਇਦ ਕੀਤੇ ਅਤੇ ਉਸ ਨੂੰ ਜਲਦ ਹੀ ਫਲੋਰੀਡਾ ਲਿਆਂਦਾ ਜਾ ਰਿਹਾ ਹੈ।

3 ਮੌਤਾਂ ਲਈ ਜ਼ਿੰਮੇਵਾਰ ਹਰਜਿੰਦਰ ਸਿੰਘ ਕਰ ਕੇ ਮਾਮਲਾ ਭਖਿਆ

ਹਰਜਿੰਦਰ ਸਿੰਘ ਦਾ ਕਮਰਸ਼ੀਅਲ ਡਰਾਈਵਿੰਗ ਲਾਇਸੰਸ ਵੀ ਵਿਵਾਦਾਂ ਵਿਚ ਹੈ ਅਤੇ ਟਰੰਪ ਸਰਕਾਰ ਵੱਲੋਂ ਕੈਲੇਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਦਕਿ ਦੂਜੇ ਪਾਸੇ ਗੈਵਿਨ ਨਿਊਸਮ ਦੇ ਦਫ਼ਤਰ ਨੇ ਦਾਅਵਾ ਕੀਤਾ ਹੈ ਕਿ ਹਰਜਿੰਦਰ ਸਿੰਘ ਨੂੰ ਡਰਾਈਵਿੰਗ ਲਾਇਸੰਸ, ਵਰਕ ਪਰਮਿਟ ਮਿਲਣ ਤੋਂ ਬਾਅਦ ਹੀ ਜਾਰੀ ਕੀਤਾ ਗਿਆ। ਉਧਰ ਅਮਰੀਕਾ ਦੀ ਗ੍ਰਹਿ ਸੁਰੱਖਿਆ ਮੰਤਰੀ ਕ੍ਰਿਸਟੀ ਨੌਇਮ ਨੇ ਕਿਹਾ ਕਿ ਤਿੰਨ ਜਣਿਆਂ ਦੀ ਜਾਨ ਬਚਾਈ ਜਾ ਸਕਦੀ ਸੀ ਜੇ ਕੈਲੇਫੋਰਨੀਆ ਸਰਕਾਰ ਫੈਡਰਲ ਇੰਮੀਗ੍ਰੇਸ਼ਨ ਕਾਨੂੰਨ ਦੀ ਪਾਲਣਾ ਕਰਦੀ। ਕ੍ਰਿਸਟੀ ਨੌਇਮ ਦੇ ਵਿਭਾਗ ਦਾ ਕਹਿਣਾ ਹੈ ਕਿ ਹਰਜਿੰਦਰ ਸਿੰਘ ਨੂੰ ਲੋਕ ਸੁਰੱਖਿਆ ਵਾਸਤੇ ਗੰਭੀਰ ਖ਼ਤਰਾ ਮੰਨਦਿਆਂ ਡਿਪੋਰਟ ਕਰਨ ਦੀ ਪ੍ਰਕਿਰਿਆ ਆਰੰਭੀ ਜਾ ਰਹੀ ਹੈ।

Tags:    

Similar News