ਅਮਰੀਕਾ ਵਿਚ ਇੰਮੀਗ੍ਰੇਸ਼ਨ ਛਾਪਿਆਂ ਦੌਰਾਨ ਸੈਂਕੜੇ ਗ੍ਰਿਫ਼ਤਾਰ
ਅਮਰੀਕਾ ਵਿਚ ਤਾਜ਼ਾ ਇੰਮੀਗ੍ਰੇਸ਼ਨ ਛਾਪਿਆਂ ਦੌਰਾਨ ਸੈਂਕੜਿਆਂ ਦੀ ਗਿਣਤੀ ਵਿਚ ਪ੍ਰਵਾਸੀਆਂ ਨੂੰ ਕਾਬੂ ਕੀਤੇ ਜਾਣ ਦੀ ਰਿਪੋਰਟ ਹੈ।
ਵਾਸ਼ਿੰਗਟਨ : ਅਮਰੀਕਾ ਵਿਚ ਤਾਜ਼ਾ ਇੰਮੀਗ੍ਰੇਸ਼ਨ ਛਾਪਿਆਂ ਦੌਰਾਨ ਸੈਂਕੜਿਆਂ ਦੀ ਗਿਣਤੀ ਵਿਚ ਪ੍ਰਵਾਸੀਆਂ ਨੂੰ ਕਾਬੂ ਕੀਤੇ ਜਾਣ ਦੀ ਰਿਪੋਰਟ ਹੈ। ਆਈਸ ਵੱਲੋਂ ਲੂਈਜ਼ਿਆਨਾ ਦੇ ਡੈਲਟਾ ਡਾਊਨਜ਼ ਰੇਸਟਰੈਕ, ਹੋਟਲ ਅਤੇ ਕੈਸੀਨੋ ਵਿਖੇ ਕੀਤੀ ਗਈ ਕਾਰਵਾਈ ਦੌਰਾਨ ਘੱਟੋ ਘੱਟ 84 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਨਿਊ ਓਰਲੀਨਜ਼ ਵਿਖੇ ਅਮਰੀਕਾ ਦੇ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਵਿਭਾਗ ਦੇ ਡਾਇਰੈਕਟਰ ਸਟੀਵਨ ਸਟੈਵੀਨੋਹਾ ਨੇ ਦੱਸਿਆ ਕਿ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਰੁਜ਼ਗਾਰ ਦੇਣ ਵਾਲਿਆਂ ਨੂੰ ਸਬਕ ਸਿਖਾਉਣ ਲਈ ਇਹ ਕਾਰਵਾਈ ਕੀਤੀ ਗਈ। ਅਮਰੀਕਾ ਦੇ ਅਰਥਚਾਰੇ ਨੂੰ ਢਾਹ ਲਾਉਣ ਵਾਲੇ ਬਖਸ਼ੇ ਨਹੀਂ ਜਾਣਗੇ ਜੋ ਸਥਾਨਕ ਕਾਮਿਆਂ ਦੀ ਬਜਾਏ ਸਸਤੀਆਂ ਦਰਾਂ ’ਤੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕੰਮ ਦਿੰਦੇ ਹਨ।
ਲੂਈਜ਼ਿਆਨਾ ਵਿਖੇ ਹੋਟਲ ਕਾਮਿਆਂ ਨੂੰ ਹਿਰਾਸਤ ਵਿਚ ਲਿਆ
ਦੂਜੇ ਪਾਸੇ ਰੇਸਟਰੈਕ ਦੀ ਮਾਲਕ ਬੌਇਡ ਗੇਮਿੰਗ ਕਾਰਪੋਰੇਸ਼ਨ ਦੇ ਬੁਲਾਰੇ ਡੇਵਿਡ ਸਟ੍ਰੋਅ ਨੇ ਕਿਹਾ ਕਿ ਫੈਡਰਲ ਕਾਨੂੰਨ ਮੁਤਾਬਕ ਹੀ ਪ੍ਰਵਾਸੀਆਂ ਨੂੰ ਰੁਜ਼ਗਾਰ ਦਿਤਾ ਗਿਆ ਅਤੇ ਲਾਅ ਐਨਫੋਰਸਮੈਂਟ ਏਜੰਸੀਆਂ ਨਾਲ ਮੁਕੰਮਲ ਸਹਿਯੋਗ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਲੂਈਜ਼ਿਆਨਾ ਨਾਲ ਸਬੰਧਤ ਪ੍ਰਵਾਸੀ ਜਥੇਬੰਦੀ ਦੀ ਆਰਗੇਨਾਈਜ਼ਰ ਰੇਚਲ ਟੈਬਰ ਨੇ ਛਾਪਿਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਾਡੇ ਮੁਲਕ ਦਾ ਅਰਥਚਾਰਾ ਪ੍ਰਵਾਸੀਆਂ ’ਤੇ ਨਿਰਭਰ ਹੈ ਅਤੇ ਜਦੋਂ ਇਕਪਾਸੜ ਕਾਰਵਾਈ ਕੀਤੀ ਜਾਵੇਗੀ ਤਾਂ ਸਿਰਫ਼ ਅਰਥਚਾਰਾ ਹੀ ਨਹੀਂ ਸਗੋਂ ਪੂਰਾ ਸਮਾਜ ਪ੍ਰਭਾਵਤ ਹੋਵੇਗਾ। ਇਥੇ ਦਸਣਾ ਬਣਦਾ ਹੈ ਕਿ ਇੰਮੀਗ੍ਰੇਸ਼ਨ ਵਾਲੇ ਹੁਣ ਛਾਪਿਆਂ ਦੀ ਕਵਰੇਜ ਕਰਨ ਪੁੱਜੇ ਪੱਤਰਕਾਰਾਂ ਨੂੰ ਵੀ ਨਹੀਂ ਬਖਸ਼ ਰਹੇ। ਐਟਲਾਂਟਾ ਵਿਖੇ ਰੋਸ ਵਿਖਾਵੇ ਦੀ ਕਵਰੇਜ ਕਰ ਰਹੇ 47 ਸਾਲ ਦੇ ਸਪੈਨਿਸ਼ ਪੱਤਰਕਾਰ ਨੂੰ ਗ੍ਰਿਫ਼ਤਾਰ ਕਰ ਕੇ ਡੀਕਾਲਬ ਕਾਊਂਟੀ ਜੇਲ ਭੇਜ ਦਿਤਾ ਗਿਆ। ਜੇਲ ਵਿਚੋਂ ਜ਼ਮਾਨਤ ’ਤੇ ਰਿਹਾਈ ਮਿਲੀ ਤਾਂ ਆਈਸ ਵਾਲਿਆਂ ਨੇ ਫੜ ਕੇ ਡਿਟੈਨਸ਼ਨ ਸੈਂਟਰ ਵਿਚ ਡੱਕ ਦਿਤਾ। ਗ੍ਰਿਫ਼ਤਾਰੀ ਦੀ ਵੀਡੀਓ ਫੁਟੇਜ ਵਿਚ ਦੇਖਿਆ ਜਾ ਸਕਦਾ ਹੈ ਕਿ ਸਪੈਨਿਸ਼ ਪੱਤਰਕਾਰ ਆਪਣੇ ਸਾਥੀਆਂ ਨਾਲ ਰੋਸ ਵਿਖਾਵੇ ਦੀ ਲਾਈਵ ਕਵਰੇਜ ਕਰ ਰਿਹਾ ਹੈ ਅਤੇ ਪੁਲਿਸ ਮੁਲਾਜ਼ਮ ਨੂੰ ਉਸ ਹਥਕੜੀਆਂ ਲਾ ਦਿੰਦੇ ਹਨ। ਪੱਤਰਕਾਰ ਵੱਲੋਂ ਮੀਡੀਆ ਟੀਮ ਦਾ ਮੈਂਬਰ ਹੋਣ ਦੀ ਦੁਹਾਈ ਦਿਤੀ ਜਾਂਦੀ ਹੈ ਪਰ ਕੋਈ ਨਹੀਂ ਸੁਣਦਾ।
ਰੋਸ ਵਿਖਾਵੇ ਦੀ ਕਵਰੇਜ ਕਰ ਰਿਹਾ ਪੱਤਰਕਾਰ ਵੀ ਨਾ ਬਖਸ਼ਿਆ
ਇਸ ਦੇ ਉਲਟ ਪੁਲਿਸ ਵੱਲੋਂ ਜਾਰੀ ਗ੍ਰਿਫ਼ਤਾਰੀ ਵਾਰੰਟਾਂ ਵਿਚ ਦਲੀਲ ਦਿਤੀ ਗਈ ਕਿ ਸਪੈਨਿਸ਼ ਪੱਤਰਕਾਰ ਰੋਡਵੇਅ ਤੋਂ ਹਟਣ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਵਿਚ ਅਸਫ਼ਲ ਰਿਹਾ ਪਰ ਉਸ ਦੀ ਲੀਗਲ ਟੀਮ ਨੇ ਦਾਅਵਾ ਕੀਤਾ ਕਿ ਉਹ ਆਪਣਾ ਫਰਜ਼ ਨਿਭਾਅ ਰਿਹਾ ਸੀ ਅਤੇ ਉਸ ਨੇ ਕੋਈ ਕਾਨੂੰਨ ਨਹੀਂ ਤੋੜਿਆ। ਪੁਲਿਸ ਦਾ ਕਹਿਣਾ ਹੈ ਕਿ ਮੁਜ਼ਾਹਰਾਕਾਰੀਆਂ ਨੂੰ ਖਦੇੜਨ ਲਈ ਹੰਝੂ ਗੈਸ ਦੇ ਗੋਲੇ ਦਾਗੇ ਜਾਣੇ ਸਨ ਅਤੇ ਇਸ ਵਾਸਤੇ ਇਲਾਕੇ ਵਿਚ ਕੋਈ ਪੱਤਰਕਾਰ ਜਾਂ ਹੋਰ ਸ਼ਖਸ ਮੌਜੂਦ ਨਹੀਂ ਸੀ ਹੋਣਾ ਚਾਹੀਦਾ। ਇਥੇ ਦਸਣਾ ਬਣਦਾ ਹੈ ਕਿ ਸੋਸ਼ਲ ਮੀਡੀਆ ’ਤੇ ਸਪੈਨਿਸ਼ ਪੱਤਰਕਾਰ ਦੇ ਤਕਰੀਬਨ 8 ਲੱਖ ਫਾਲੋਅਰ ਹਨ ਅਤੇ ਇੰਮੀਗ੍ਰੇਸ਼ਨ ਦੇ ਮੁੱਦਿਆਂ ਬਾਰੇ ਉਹ ਵਧ-ਚੜ੍ਹ ਕੇ ਕਵਰੇਜ ਕਰਦਾ ਹੈ।