ਪਾਕਿਸਤਾਨ ਵਿਚ ਅਣਖ ਖਾਤਰ ਸ਼ਰ੍ਹੇਆਮ ਮਾਰੀਆਂ ਗੋਲੀਆਂ
ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਇਕ ਵਿਆਹੁਤਾ ਜੋੜੇ ਦਾ ਅਣਖ ਖਾਤਰ ਜਨਤਕ ਤੌਰ ’ਤੇ ਕਤਲ ਕੀਤੇ ਜਾਣ ਦਾ ਹੌਲਨਾਕ ਮਾਮਲਾ ਸਾਹਮਣੇ ਆਇਆ ਹੈ।
ਇਸਲਾਮਾਬਾਦ : ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਇਕ ਵਿਆਹੁਤਾ ਜੋੜੇ ਦਾ ਅਣਖ ਖਾਤਰ ਜਨਤਕ ਤੌਰ ’ਤੇ ਕਤਲ ਕੀਤੇ ਜਾਣ ਦਾ ਹੌਲਨਾਕ ਮਾਮਲਾ ਸਾਹਮਣੇ ਆਇਆ ਹੈ। ਵਾਰਦਾਤ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਔਰਤ ਅਤੇ ਉਸ ਦੇ ਪਤੀ ਨੂੰ ਬਲੋਚਿਸਤਾਨ ਦੇ ਇਕ ਪਥਰੀਲੇ ਇਲਾਕੇ ਵਿਚ ਲਿਜਾ ਕੇ ਗੋਲੀਆਂ ਨਾਲ ਵਿੰਨ ਦਿਤਾ ਜਾਂਦਾ ਹੈ। ਵੀਡੀਓ ਸਾਹਮਣੇ ਆਉਣ ਮਗਰੋਂ ਪੂਰੇ ਮੁਲਕ ਵਿਚ ਗੁੱਸੇ ਦੀ ਲਹਿਰ ਹੈ ਅਤੇ ਪੁਲਿਸ ਵੱਲੋਂ ਹੁਣ ਤੱਕ 13 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਬਾਇਲੀ ਪੰਚਾਇਤ ‘ਜਿਰਗਾ’ ਵੱਲੋਂ ਪਰਵਾਰਾਂ ਦੀ ਮਰਜ਼ੀ ਵਿਰੁੱਧ ਵਿਆਹ ਕਰਵਾਉਣ ਵਾਲੇ ਜੋੜੇ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ।
ਵਿਆਹੁਤਾ ਜੋੜੇ ਦਾ ਕਤਲ, ਪੁਲਿਸ ਵੱਲੋੀ 13 ਜਣੇ ਗ੍ਰਿਫ਼ਤਾਰ
ਦੂਜੇ ਪਾਸੇ ਇਕ ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਵਿਆਹ ਡੇਢ ਸਾਲ ਪਹਿਲਾਂ ਹੋ ਚੁੱਕਾ ਸੀ ਪਰ ਜੋੜੇ ਨੂੰ ਪਰਵਾਰ ਨਾਲ ਸੁਲ੍ਹਾ ਕਰਨ ਦੇ ਬਹਾਨੇ ਪਿੰਡ ਸੱਦਿਆ ਗਿਆ ਅਤੇ ਗੋਲੀ ਮਾਰ ਦਿਤੀ ਗਈ। ਵਾਰਦਾਤ ਦੀ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕਈ ਗੱਡੀ ਵਿਚ ਸਵਾਰ ਹਥਿਆਰਬੰਦ ਲੋਕ ਇਕ ਸੁੰਨਸਾਨ ਇਲਾਕੇ ਵਿਚ ਪੁੱਜਦੇ ਹਨ। ਉਥੇ ਇਕ ਔਰਤ ਅਤੇ ਮਰਦ ਨੂੰ ਗੱਡੀ ਵਿਚੋਂ ਬਾਹਰ ਕੱਢਿਆ ਜਾਂਦਾ ਹੈ। ਔਰਤ ਆਪਣੀ ਸਥਾਨਕ ਬੋਲੀ ਵਿਚ ਇਕ ਸ਼ਖਸ ਨੂੰ ਕਹਿੰਦੀ ਹੈ, ‘‘ਆਜਾ, ਮੇਰੇ ਨਾਲ ਸੱਤ ਕਦਮ ਤੁਰ, ਫਿਰ ਮੈਨੂੰ ਗੋਲੀ ਮਾਰ ਦੇਵੀਂ।’’ ਕੁਝ ਕਦਮ ਅੱਗੇ ਵਧਣ ਮਗਰੋਂ ਔਰਤ ਕਹਿੰਦੀ ਹੈ ਕਿ ਤੁਹਾਨੂੰ ਸਿਰਫ਼ ਗੋਲੀ ਮਾਰਨ ਦੀ ਇਜਾਜ਼ਤ ਮਿਲੀ ਹੈ, ਇਸ ਤੋਂ ਜ਼ਿਆਦਾ ਕੁਝ ਨਹੀਂ। ਇਸ ਮਗਰੋਂ ਇਕ ਸ਼ਖਸ ਪਸਤੌਲ ਤਾਣ ਕੇ ਔਰਤ ਵੱਲ ਗੋਲੀਆਂ ਚਲਾ ਦਿੰਦਾ ਹੈ ਅਤੇ ਤੀਜੀ ਗੋਲੀ ਲੱਗਣ ਮਗਰੋਂ ਉਹ ਰਤੀ ’ਤੇ ਡਿੱਗ ਜਾਂਦੀ ਹੈ। ਇਸ ਤੋਂ ਤੁਰਤ ਬਾਅਦ ਉਸ ਦੇ ਪਤੀ ਨੂੰ ਵੀ ਗੋਲੀਆਂ ਮਾਰ ਕੇ ਹਲਾਕ ਕਰ ਦਿਤਾ ਜਾਂਦਾ ਹੈ।
ਕਬਾਇਲੀ ਪੰਚਾਇਤ ਨੇ ਸੁਣਾਇਆ ਸੀ ਸਜ਼ਾ ਏ ਮੌਤ ਦਾ ਫੈਸਲਾ
ਵੀਡੀਓ ਵਿਚ ਕੁਝ ਲੋਕਾਂ ਨੂੰ ਲਾਸ਼ਾਂ ’ਤੇ ਵੀ ਗੋਲੀਆਂ ਚਲਾਉਂਦਿਆਂ ਦੇਖਿਆ ਜਾ ਸਕਦਾ ਹੈ। ਉਧਰ ਪੁਲਿਸ ਦਾ ਕਹਿਣਾ ਹੈ ਕਿ ਇਹ ਕਤਲਕਾਂਡ ਪੂਰੀ ਯੋਜਨਾਬੰਦੀ ਨਾਲ ਕੀਤਾ ਗਿਆ। ਐਫ਼.ਆਈ.ਆਰ. ਵਿਚ ਅੱਠ ਸ਼ੱਕੀਆਂ ਦੇ ਨਾਂ ਦਰਜ ਕੀਤੇ ਗਏ ਹਨ ਜਦਕਿ 15 ਅਣਪਛਾਤੇ ਲੋਕ ਦੱਸੇ ਜਾ ਰਹ ਹਨ। ਰਿਪੋਰਟ ਕਹਿੰਦੀ ਹੈ ਕਿ ਔਰਤ ਦਾ ਭਰਾ ਇਸ ਕਤਲਕਾਂਡ ਵਿਚ ਸ਼ਾਮਲ ਸੀ ਜੋ ਹਾਲੇ ਫਰਾਰ ਹੈ। ਮਰਨ ਵਾਲੀ ਔਰਤ ਦੀ ਪਛਾਣ ਬਾਨੋ ਬੀਬੀ ਅਤੇ ਉਸ ਦੀ ਪਤੀ ਦੀ ਸ਼ਨਾਖਤ ਅਹਿਸਾਨ ਉਲ੍ਹਾ ਵਜੋਂ ਕੀਤੀ ਗਈ ਹੈ। ਬਲੋਚਿਸਤਾਨ ਦੇ ਮੁੱਖ ਮੰਤਰੀ ਸਰਫਰਾਜ਼ ਬੁਗਤੀ ਨੇ ਵਾਰਦਾਤ ਦੀ ਤਸਦੀਕ ਕਰਦਿਆਂ ਕਿਹਾ ਕਿ 13 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਦੱਸ ਦੇਈਏ ਕਿ ਮਰਜ਼ੀ ਮੁਤਾਬਕ ਵਿਆਹ ਕਰਵਾਉਣ ਵਾਲੇ ਜੋੜੇ ਨੂੰ ਕਬਾਇਲੀ ਆਗੂ ਸਰਦਾਰ ਸ਼ੇਰਬਾਜ਼ ਖਾਨ ਸਾਹਮਣੇ ਪੇਸ਼ ਕੀਤਾ ਗਿਆ ਸੀ ਅਤੇ ਜਿਰਗਾ ਵਿਚ ਦੋਹਾਂ ਨੂੰ ਰਿਸ਼ਤੇ ਨੂੰ ਨਾਜਾਇਜ਼ ਕਰਾਰ ਦਿੰਦਿਆਂ ਸਜ਼ਾ ਏ ਮੌਤ ਦੇ ਹੁਕਮ ਦਿਤੇ ਗਏ। ਇਸਲਾਬਾਦ ਦੀ ਖੁਦਮੁਖਤਿਆਰ ਜਥੇਬੰਦੀ ਐਸ.ਐਸ. ਡੀ.ਓ. ਦੀ ਇਕ ਰਿਪੋਰਟ ਮੁਤਾਬਕ 2024 ਦੌਰਾਨ ਪਾਕਿਸਤਾਨ ਵਿਚ ਅਣਖ ਖਾਤਰ 547 ਕਤਲ ਹੋਏ।