ਡੂੰਘੀ ਚਿੰਤਾ ਵਿਚ ਡੁੱਬੇ ਪੱਛਮੀ ਮੁਲਕਾਂ ਦੇ ਸਿਹਤ ਮਾਹਰ
ਚੀਨ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਮੈਟਾਨਿਊਮੋਵਾਇਰਸ ਦੇ ਮਰੀਜ਼ਾਂ ਦੀ ਅਸਲ ਗਿਣਤੀ ਅਤੇ ਇਸ ਦੀ ਤੀਬਰਤਾ ਬਾਰੇ ਸਪੱਸ਼ਟ ਜਾਣਕਾਰੀ ਮੁਹੱਈਆ ਕਰਵਾਈ ਜਾਵੇ।;
ਨਿਊ ਯਾਰਕ : ਪੱਛਮੀ ਦੁਨੀਆਂ ਦੇ ਸਿਹਤ ਮਾਹਰਾਂ ਦਾ ਮੱਥਾ ਠਣਕ ਰਿਹਾ ਹੈ ਅਤੇ ਉਨ੍ਹਾਂ ਵੱਲੋਂ ਇਕਸੁਰ ਆਵਾਜ਼ ਵਿਚ ਚੀਨ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਮੈਟਾਨਿਊਮੋਵਾਇਰਸ ਦੇ ਮਰੀਜ਼ਾਂ ਦੀ ਅਸਲ ਗਿਣਤੀ ਅਤੇ ਇਸ ਦੀ ਤੀਬਰਤਾ ਬਾਰੇ ਸਪੱਸ਼ਟ ਜਾਣਕਾਰੀ ਮੁਹੱਈਆ ਕਰਵਾਈ ਜਾਵੇ। ਅਮਰੀਕਾ ਵਿਚ ਐਚ.ਐਮ.ਪੀ.ਵੀ. ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ ਅਤੇ ਮੌਜੂਦਾ ਹਾਲਾਤ ਇੰਨ-ਬਿੰਨ 2019 ਵਿਚ ਕੋਰੋਨਾ ਫੈਲਣ ਵੇਲੇ ਹਾਲਾਤ ਨਾਲ ਮੇਲ ਖਾਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਚੀਨ ਦੇ ਹਸਪਤਾਲਾਂ ਵਿਚ ਹਜ਼ਾਰਾਂ ਮਰੀਜ਼ ਪੁੱਜ ਰਹੇ ਹਨ ਅਤੇ ਸੋਸ਼ਲ ਮੀਡੀਆ ’ਤੇ ਕੁਝ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਹਨ ਪਰ ਚੀਨ ਸਰਕਾਰ ਮਰੀਜ਼ਾਂ ਦੀ ਅਸਲ ਗਿਣਤੀ ਬਾਰੇ ਦੱਸਣ ਨੂੰ ਤਿਆਰ ਨਹੀਂ।
ਅਮਰੀਕਾ ਵਿਚ ਐਚ.ਐਮ.ਪੀ.ਵੀ. ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧੀ
ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਵਿਚ ਮੈਡੀਸਨ ਦੇ ਐਸੋਸੀਏਟ ਪ੍ਰੋਫੈਸਰ ਅਤੇ ਇਨਫੈਕਸ਼ੀਅਸ ਡਿਜ਼ੀਜ਼ ਦੇ ਮਾਹਰ ਡਾ. ਸੰਜਿਆ ਸੈਨਾਨਾਇਕੇ ਨੇ ਕਿਹਾ ਕਿ ਇਸ ਵੇਲੇ ਬੇਹੱਦ ਲਾਜ਼ਮੀ ਹੋ ਚੁੱਕਾ ਹੈ ਕਿ ਐਚ.ਐਮ.ਪੀ.ਵੀ. ਮਰੀਜ਼ਾਂ ਦੀ ਗਿਣਤੀ ਅਤੇ ਉਨ੍ਹਾਂ ਦੀ ਉਮਰ ਬਾਰੇ ਅੰਕੜੇ ਜਨਤਕ ਕੀਤੇ ਜਾਣ। ਉਨ੍ਹਾਂ ਅੱਗੇ ਕਿਹਾ ਕਿ ਸਭ ਤੋਂ ਪਹਿਲਾਂ ਇਸ ਗੱਲ ਦੀ ਤਸਦੀਕ ਹੋਣੀ ਚਾਹੀਦੀ ਹੈ ਕਿ ਚੀਨ ਵਿਚ ਮਰੀਜ਼ਾਂ ਦੀ ਗਿਣਤੀ ਵਧਣ ਪਿੱਛੇ ਐਚ.ਐਮ.ਪੀ.ਵੀ. ਵਾਇਰਸ ਹੀ ਜ਼ਿੰਮੇਵਾਰ ਹੈ ਜਾਂ ਕੋਈ ਹੋਰ ਕਾਰਨ ਪੈਦਾ ਚੁੱਕਾ ਹੈ। ਇਸ ਦੇ ਨਾਲ ਵਾਇਰਸ ਦੇ ਸਟ੍ਰੇਨ ਬਾਰੇ ਮੁਕੰਮਲ ਜਾਣਕਾਰੀ ਹੋਣੀ ਚਾਹੀਦੀ ਹੈ। ਅਮਰੀਕਾ ਦੇ ਸੈਂਟਰ ਫ਼ੌਰ ਡਿਜ਼ੀਜ਼ ਕੰਟਰੋਲ ਮੁਤਾਬਕ ਦਸੰਬਰ ਦੇ ਆਖਰੀ ਹਫ਼ਤੇ ਤੌਰਾਨ 300 ਮਰੀਜ਼ਾਂ ਦੇ ਟੈਸਟ ਪੌਜ਼ੇਟਿਵ ਆਏ। ਸੀ.ਡੀ.ਸੀ. ਵੱਲੋਂ ਚੀਨ ਵਿਚ ਸਾਹਮਣੇ ਆ ਰਹੇ ਮਰੀਜ਼ਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਅਮਰੀਕਾ ਫ਼ਿਲਹਾਲ ਜ਼ਿਆਦਾ ਚਿੰਤਤ ਨਹੀਂ। ਐਚ. ਵੀਵੋ ਦੇ ਮੁੱਖ ਵਿਗਿਆਨਕ ਅਫ਼ਸਰ ਡਾ. ਐਂਡਰਿਊ ਕੈਚਪੋਲ ਦਾ ਕਹਿਣਾ ਸੀ ਕਿ ਆਮ ਤੌਰ ’ਤੇ ਐਚ.ਐਮ.ਪੀ.ਵੀ. ਵਾਇਰਸ ਸਿਆਲ ਵਿਚ ਹੀ ਉਭਰਦਾ ਹੈ ਪਰ ਇਸ ਵਾਰ ਚੀਨ ਵਿਚ ਵਾਇਰਸ ਦੀ ਗੰਭੀਰਤਾ ਦਾ ਪੱਧਰ ਉਚਾ ਮਹਿਸੂਸ ਕੀਤਾ ਜਾ ਰਿਹਾ ਹੈ।
ਚੀਨ ਨੂੰ ਹਾਲਾਤ ਸਪੱਸ਼ਟ ਕਰਨ ਦਾ ਸੱਦਾ
ਇਹ ਵਾਇਰਸ ਪਹਿਲੀ ਵਾਰ ਸਾਲ 2001 ਵਿਚ ਸਾਹਮਣੇ ਆਇਆ ਅਤੇ ਇਸ ਦੇ ਲੱਛਣ ਸਾਧਾਰਣ ਖੰਘ ਜ਼ੁਕਾਮ ਨਾਲ ਮੇਲ ਖਾਂਦੇ ਹਨ ਪਰ ਨਿਮੋਨੀਆ ਅਤੇ ਬ੍ਰੌਂਕਾਈਟਸ ਵਰਗੇ ਗੰਭੀਰ ਹਾਲਾਤ ਵੀ ਬਣ ਸਕਦੇ ਹਨ। ਫਿਲਹਾਲ ਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਦਰ ਸਾਹਮਣੇ ਨਹੀਂ ਆ ਸਕੀ ਅਤੇ ਅਮਰੀਕਾ ਦੇ ਹਸਪਤਾਲਾਂ ਵਿਚ ਦਾਖਲ ਮਰੀਜ਼ਾਂ ਵਿਚੋਂ 10 ਤੋਂ 30 ਫੀ ਸਦੀ ਤੱਕ ਮੌਤਾਂ ਹੁੰਦੀਆਂ ਹਨ। ਉਧਰ ਡਾ. ਸੈਨਾਨਾਇਕੇ ਨੇ ਕਿਹਾ ਕਿ ਚੀਨ ਵਿਚ ਐਚ.ਐਮ.ਪੀ.ਵੀ. ਦੇ ਮਰੀਜ਼ਾਂ ਦੀ ਗਿਣਤੀ ਬੇਤਹਾਸ਼ਾ ਵਧਣ ਦਾ ਰੁਝਾਨ ਬਿਲਕੁਲ ਉਸੇ ਕਿਸਮ ਹੈ ਜਿਵੇਂ ਅਮਰੀਕਾ ਵਿਚ ਕਈ ਵਾਰ ਫਲੂ ਸੀਜ਼ਨ ਦੌਰਾਨ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧ ਜਾਂਦੀ ਹੈ। ਇਸੇ ਦੌਰਾਨ ਦੇ ਚੀਨ ਦੇ ਵਿਦੇਸ਼ ਮੰਤਰਾਲੇ ਵੱਲੋਂ ਇਸ ਗੱਲ ਤੋਂ ਇਨਕਾਰ ਕੀਤਾ ਗਿਆ ਹੈ ਕਿ ਹਸਪਤਾਲਾਂ ਵਿਚ ਮਰੀਜ਼ਾਂ ਦੀ ਭਰਮਾਰ ਹੈ ਪਰ ਐਨਾ ਜ਼ਰੂਰ ਮੰਨਿਆ ਕਿ ਐਚ.ਐਮ.ਪੀ.ਵੀ. ਹੂ ਬ ਹੂ ਕੋਰੋਨਾ ਵਾਂਗ ਫੈਲਦਾ ਹੈ। ਮਰੀਜ਼ ਦੀ ਖੰਘ ਜਾਂ ਛਿੱਕ ਰਾਹੀਂ ਨਿਕਲਣ ਵਾਲੀਆਂ ਮਹੀਨ ਬੁੰਦਾਂ ਹੋਰਨਾਂ ਨੂੰ ਬਿਮਾਰ ਕਰਨ ਦਾ ਕਾਰਨ ਬਣਦੀਆਂ ਹਨ।