ਅਮਰੀਕਾ ਵਿਚ ਹਰਜਿੰਦਰ ਸਿੰਘ ਦਾ ਮੁੱਦਾ ਮੁੜ ਭਖਿਆ
ਕੈਲੇਫੋਰਨੀਆ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਮਿਲ ਰਹੀਆਂ ਸਹੂਲਤਾਂ ਦਾ ਮਸਲਾ ਅਦਾਲਤ ਵਿਚ ਪੁੱਜ ਗਿਆ ਹੈ
ਫਲੋਰੀਡਾ : ਕੈਲੇਫੋਰਨੀਆ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਮਿਲ ਰਹੀਆਂ ਸਹੂਲਤਾਂ ਦਾ ਮਸਲਾ ਅਦਾਲਤ ਵਿਚ ਪੁੱਜ ਗਿਆ ਹੈ। ਹਰਜਿੰਦਰ ਸਿੰਘ ਦਾ ਯੂ-ਟਰਨ ਸਾਹਮਣੇ ਆਉਣ ਮਗਰੋਂ ਫਲੋਰੀਡਾ ਸਰਕਾਰ ਨੇ ਕੈਨੇਫੋਰਨੀਆ ਵਿਰੁੱਧ ਮੁਕੱਦਮਾ ਦਾਇਰ ਕਰਦਿਆਂ ਦੋਸ਼ ਲਾਇਆ ਹੈ ਕਿ ਕਮਰਸ਼ੀਅਲ ਵ੍ਹੀਕਲਜ਼ ਨਾਲ ਸਬੰਧਤ ਨਰਮ ਨੀਤੀਆਂ ਦੇ ਸਿੱਟੇ ਵਜੋਂ ਫਲੋਰੀਡਾ ਦੇ ਲੋਕਾਂ ਦੀ ਜਾਨ ਖਤਰੇ ਵਿਚ ਘਿਰ ਗਈ। ਫਲੋਰੀਡਾ ਦੇ ਅਟਾਰਨੀ ਜਨਰਲ ਜੇਮਜ਼ ਉਥਮਾਇਰ ਨੇ ਸੋਸ਼ਲ ਮੀਡੀਆ ਰਾਹੀਂ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ 12 ਅਗਸਤ ਦਾ ਜਾਨਲੇਵਾ ਹਾਦਸਾ ਸਿਰਫ਼ ਅਤੇ ਸਿਰਫ਼ ਕੈਲੇਫੋਰਨੀਆ ਸਰਕਾਰ ਕਰ ਕੇ ਵਾਪਰਿਆ ਜਿਸ ਵੱਲੋਂ ਹਰਜਿੰਦਰ ਸਿੰਘ ਨੂੰ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਮੁਹੱਈਆ ਕਰਵਾਇਆ ਗਿਆ।
ਫਲੋਰੀਡਾ ਨੇ ਕੈਲੇਫੋਰਨੀਆ ਸੂਬੇ ਵਿਰੁੱਧ ਮੁਕੱਦਮਾ ਦਾਇਰ ਕੀਤਾ
ਅਟਾਰਨੀ ਜਨਰਲ ਦਾ ਕਹਿਣਾ ਸੀ ਕਿ ਕੈਲੇਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇ ਕਿਉਂਕਿ ਹਰਜਿੰਦਰ ਸਿੰਘ ਟਰੱਕ ਚਲਾਉਣ ਦੇ ਯੋਗ ਹੀ ਨਹੀਂ ਸੀ। ਉਨ੍ਹਾਂ ਅੱਗੇ ਕਿਹਾ ਕਿ ਗੈਰਕਾਨੂੰਨੀ ਪ੍ਰਵਾਸੀਆਂ ਬਾਰੇ ਕੈਲੇਫੋਰਨੀਆ ਦੀਆਂ ਨਰਮ ਨੀਤੀਆਂ ਵਿਰੁੱਧ ਅਮਰੀਕਾ ਦੀ ਸੁਪਰੀਮ ਕੋਰਟ ਵਿਚ ਜ਼ੋਰਦਾਰ ਦਲੀਲਾਂ ਪੇਸ਼ ਕੀਤੀਆਂ ਜਾਣਗੀਆਂ ਜਿਥੇ ਟੈਕਸਾਂ ਦੇ ਰੂਪ ਵਿਚ ਆਉਣ ਵਾਲੇ ਲੋਕਾਂ ਦੇ ਪੈਸੇ ਦੀ ਵਰਤੋਂ ਗੈਰਵਾਜਬ ਕੰਮਾਂ ਵਾਸਤੇ ਕੀਤੀ ਜਾ ਰਹੀ ਹੈ। ਅਟਾਰਨੀ ਜਨਰਲ ਨੇ ਦਲੀਲ ਦਿਤੀ ਕਿ 40 ਟਨ ਵਜ਼ਨ ਵਾਲਾ ਟਰੱਕ ਅਜਿਹੇ ਲੋਕਾਂ ਨੂੰ ਚਲਾਉਣ ਦੀ ਇਜਾਜ਼ਤ ਮਿਲੀ ਜਿਨ੍ਹਾਂ ਨੂੰ ਸੜਕਾਂ ’ਤੇ ਲੱਗੇ ਸਾਈਨ ਪੜ੍ਹਨੇ ਨਹੀਂ ਆਉਂਦੇ।
ਸੜਕ ਹਾਦਸੇ ਵਿਚ ਜਾਨੀ ਨੁਕਸਾਨ ਦਾ ਜ਼ਿੰਮੇਵਾਰ ਠਹਿਰਾਇਆ
ਉਨ੍ਹਾਂ ਦੱਸਿਆ ਕਿ ਫਲੋਰੀਡਾ ਵਿਚ ਵੇਇੰਗ ਸਟੇਸ਼ਨਾਂ ਅਤੇ ਦੂਰ ਦਰਾਡੇ ਖੇਤਾਂ ਵਿਚ ਪੁੱਜਣ ਵਾਲੇ ਟਰੱਕ ਡਰਾਈਵਰ ਦੀ ਭਾਸ਼ਾਈ ਕਾਰਗੁਜ਼ਾਰੀ ਪਰਖੀ ਜਾ ਰਹੀ ਹੈ ਅਤੇ ਜਿਨ੍ਹਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ, ਉਨ੍ਹਾਂ ਦੇ ਲਾਇਸੰਸ ਰੱਦ ਕੀਤੇ ਜਾ ਰਹੇ ਹਨ। ਇਥੇ ਦਸਣਾ ਬਣਦਾ ਹੈ ਕਿ ਅਮਰੀਕਾ ਦੇ ਟ੍ਰਾਂਸਪੋਰਟੇਸ਼ਨ ਵਿਭਾਗ ਵੱਲੋਂ ਹਾਲ ਹੀ ਵਿਚ ਅੰਗਰੇਜ਼ੀ ਨਾਲ ਸਬੰਧਤ ਨਿਯਮ ਲਾਗੂ ਕਰਨ ਵਿਚ ਅਸਫ਼ਲ ਰਹਿਣ ’ਤੇ ਕੈਲੇਫੋਰਨੀਆ ਨੂੰ ਮਿਲਣ ਵਾਲੀ 40 ਮਿਲੀਅਨ ਡਾਲਰ ਦੀ ਆਰਥਿਕ ਸਹਾਇਤਾ ਰੋਕ ਦਿਤੀ ਗਈ। ਦੱਸ ਦੇਈਏ ਕਿ ਵਰਕ ਪਰਮਿਟ ਵਾਲਿਆਂ ਦੇ ਕਮਰਸ਼ੀਅਲ ਡਰਾਈਵਿੰਗ ਲਾਇਸੰਸ ਰਿਨਿਊ ਨਾ ਕਰਨ ਵਾਲਾ ਨਿਯਮ ਲਾਗੂ ਹੋਣ ਮਗਰੋਂ ਵੱਡੀ ਗਿਣਤੀ ਵਿਚ ਪੰਜਾਬੀ ਟਰੱਕ ਡਰਾਈਵਰ ਆਪਣਾ ਕਿੱਤਾ ਛੱਡ ਚੁੱਕੇ ਹਨ ਅਤੇ ਭਵਿੱਖ ਵਿਚ ਇਨ੍ਹਾਂ ਵਿਰੁੱਧ ਸਖ਼ਤ ਇੰਮੀਗ੍ਰੇਸ਼ਨ ਕਾਰਵਾਈ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।