ਪਾਕਿਸਤਾਨੀ ਬਣ ਕੇ ਅਮਰੀਕਾ ਪੁੱਜਾ ਗੁਜਰਾਤੀ ਡਿਪੋਰਟ
ਪਾਕਿਸਤਾਨੀ ਨਾਗਰਿਕ ਬਣ ਕੇ ਅਮਰੀਕਾ ਦਾਖਲ ਹੋਇਆ ਗੁਜਰਾਤੀ ਇੰਮੀਗ੍ਰੇਸ਼ਨ ਅਧਿਕਾਰੀਆਂ ਨੂੰ ਮੂਰਖ ਨਾ ਬਣਾ ਸਕਿਆ ਅਤੇ ਕੁਝ ਹੀ ਦਿਨਾਂ ਵਿਚ ਉਸ ਨੂੰ ਦਿੱਲੀ ਡਿਪੋਰਟ ਕਰ ਦਿਤਾ ਗਿਆ।;
ਨਿਊ ਯਾਰਕ : ਪਾਕਿਸਤਾਨੀ ਨਾਗਰਿਕ ਬਣ ਕੇ ਅਮਰੀਕਾ ਦਾਖਲ ਹੋਇਆ ਗੁਜਰਾਤੀ ਇੰਮੀਗ੍ਰੇਸ਼ਨ ਅਧਿਕਾਰੀਆਂ ਨੂੰ ਮੂਰਖ ਨਾ ਬਣਾ ਸਕਿਆ ਅਤੇ ਕੁਝ ਹੀ ਦਿਨਾਂ ਵਿਚ ਉਸ ਨੂੰ ਦਿੱਲੀ ਡਿਪੋਰਟ ਕਰ ਦਿਤਾ ਗਿਆ। ਏ.ਸੀ. ਪਟੇਲ ਆਪਣੇ ਹੋਰਨਾਂ ਸਾਥੀਆਂ ਵਾਂਗ ਅਮਰੀਕਾ ਵਿਚ ਖੁਸ਼ਹਾਲ ਜ਼ਿੰਦਗੀ ਬਤੀਤ ਕਰਨਾ ਚਾਹੁੰਦਾ ਸੀ ਪਰ ਕਾਨੂੰਨੀ ਤਰੀਕੇ ਨਾਲ ਇਥੇ ਪੁੱਜਣ ਦੀ ਬਜਾਏ ਗੈਰਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦਾ ਰਾਹ ਚੁਣਿਆ ਅਤੇ ਉਹ ਵੀ ਕਿਸੇ ਅਣਜਾਣ ਸ਼ਖਸ ਦੇ ਪਾਸਪੋਰਟ ’ਤੇ। ਮੀਡੀਆ ਰਿਪੋਰਟਾਂ ਮੁਤਾਬਕ ਭਾਰਤ ਦੇ ਗੁਜਰਾਤ ਸੂਬੇ ਨਾਲ ਸਬੰਧਤ ਏ.ਸੀ. ਪਟੇਲ ਨੂੰ 2006 ਵਿਚ ਪਾਸਪੋਰਟ ਜਾਰੀ ਕੀਤਾ ਗਿਆ ਜੋ 2016 ਵਿਚ ਐਕਸਪਾਇਰ ਹੋ ਗਿਆ। ਇਸ ਮਗਰੋਂ ਪਟੇਲ ਨੇ ਪਾਸਪੋਰਟ ਨਵਿਆਉਣ ਦਾ ਯਤਨ ਨਾ ਕੀਤਾ ਅਤੇ ਮਨੁੱਖੀ ਤਸਕਰਾਂ ਦੇ ਅੜਿੱਕੇ ਆ ਗਿਆ। ਮਨੁੱਖੀ ਤਸਕਰਾਂ ਨੇ ਏ.ਸੀ. ਪਟੇਲ ਨੂੰ ਜਾਅਲੀ ਪਾਸਪੋਰਟ ਬਣਾ ਕੇ ਦਿਤਾ ਅਤੇ ਦੁਬਈ ਦੇ ਰਸਤੇ ਅਮਰੀਕਾ ਤੱਕ ਦਾ ਸਫਰ ਸ਼ੁਰੂ ਹੋ ਗਿਆ।
ਨਿਊ ਯਾਰਕ ਸ਼ਹਿਰ ਅਤੇ ਨਾਲ ਲਗਦੇ ਇਲਾਕਿਆਂ ’ਚ ਛਾਪੇ
ਵੱਖ ਵੱਖ ਮੁਲਕਾਂ ਵਿਚੋਂ ਲੰਘਦਿਆਂ ਏ.ਸੀ. ਪਟੇਲ ਕਿਸੇ ਤਰੀਕੇ ਨਾਲ ਅਮਰੀਕਾ ਦੇ ਬਾਰਡਰ ’ਤੇ ਪੁੱਜਾ ਅਤੇ ਜਿਉਂ ਹੀ ਬਾਰਡਰ ਪਾਰ ਕੀਤਾ ਤਾਂ ਇੰਮੀਗ੍ਰੇਸ਼ਨ ਵਾਲਿਆਂ ਨੇ ਕਾਬੂ ਕਰ ਲਿਆ। ਉਸ ਦੇ ਪਾਸਪੋਰਟ ਦੀ ਪੜਤਾਲ ਕੀਤੀ ਗਈ ਜੋ ਫਰਜ਼ੀ ਸਾਬਤ ਹੋਇਆ ਅਤੇ ਇਸ ਮਗਰੋਂ ਉਸ ਦੀ ਅਸਲੀ ਪਛਾਣ ਪਤਾ ਕਰਦਿਆਂ ਭਾਰਤ ਡਿਪੋਰਟ ਕਰ ਦਿਤਾ ਗਿਆ। ਦਿੱਲੀ ਪੁਲਿਸ ਵੱਲੋਂ ਕੀਤੀ ਪੁੱਛ ਪੜਤਾਲ ਦੌਰਾਨ ਏ.ਸੀ. ਪਟੇਲ ਮੰਨ ਗਿਆ ਕਿ ਉਸ ਨੇ ਏਜੰਟਾਂ ਨੂੰ ਮੋਟੀ ਰਕਮ ਅਦਾ ਕਰਦਿਆਂ ਜਾਅਲੀ ਪਾਸਪੋਰਟ ਤਿਆਰ ਕਰਵਾਇਆ। ਦੂਜੇ ਪਾਸੇ ਅਮਰੀਕਾ ਦੇ ਅੰਦਰੂਨੀ ਇਲਾਕਿਆਂ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕਾਬੂ ਕਰ ਕੇ ਡਿਪੋਰਟ ਕਰਨ ਦਾ ਸਿਲਸਿਲਾ ਜਾਰੀ ਹੈ। ਤਾਜ਼ਾ ਛਾਪੇ ਨਿਊ ਯਾਰਕ ਸ਼ਹਿਰ ਵਿਚ ਵੱਜਣ ਦੀ ਰਿਪੋਰਟ ਹੈ ਜਿਥੇ ਲੱਖਾਂ ਦੀ ਗਿਣਤੀ ਵਿਚ ਪ੍ਰਵਾਸੀ ਵਸਦੇ ਹਨ। ਜੋਅ ਬਾਇਡਨ ਦੇ ਕਾਰਜਕਾਲ ਦੌਰਾਨ 2 ਲੱਖ 30 ਹਜ਼ਾਰ ਪ੍ਰਵਾਸੀ ਨਿਊ ਯਾਰਕ ਸ਼ਹਿਰ ਅਤੇ ਇਸ ਦੇ ਨਾਲ ਲਗਦੇ ਇਲਾਕਿਆਂ ਵਿਚ ਪੁੱਜੇ ਜਿਨ੍ਹਾਂ ਨੂੰ ਟੈਕਸਸ ਅਤੇ ਐਰੀਜ਼ੋਨਾ ਤੋਂ ਬੱਸਾਂ ਵਿਚ ਚੜ੍ਹਾ ਕੇ ਜ਼ਬਰਦਸਤੀ ਇਥੇ ਭੇਜਿਆ ਗਿਆ।
ਲਾਸ ਐਂਜਲਸ ਦੇ ਤਿੰਨ ਘਰਾਂ ਵਿਚੋਂ ਕਾਬੂ ਕੀਤੇ ਪ੍ਰਵਾਸੀ
ਅਕਤੂਬਰ 2024 ਦੌਰਾਨ ਇਕ ਲੱਖ ਤੋਂ ਵੱਧ ਲੋਕਾਂ ਵਾਸਤੇ ਰੈਣ ਬਸੇਰਿਆਂ ਦਾ ਪ੍ਰਬੰਧ ਸ਼ਹਿਰੀ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਪਰ ਨਿਊ ਯਾਰਕ ਵਿਚ ਲੰਮੇ ਸਮੇਂ ਤੋਂ ਰਹਿ ਰਹੇ ਪ੍ਰਵਾਸੀਆਂ ਵਿਚ ਗੁੱਸਾ ਨਜ਼ਰ ਆ ਰਿਹਾ ਸੀ। ਉਨ੍ਹਾਂ ਦਲੀਲ ਦਿਤੀ ਕਿ ਨਵੇਂ ਪ੍ਰਵਾਸੀਆਂ ਦੀ ਆਮਦ ਮਗਰੋਂ ਅਪਰਾਧਕ ਵਾਰਦਾਤਾਂ ਵਿਚ ਵਾਧਾ ਹੋ ਰਿਹਾ ਹੈ। ਟਰੰਪ ਦੇ ਸੱਤਾ ਸੰਭਾਲਣ ਮਗਰੋਂ ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਵਾਲਿਆਂ ਨੇ ਛਾਪੇ ਮਾਰਨੇ ਸ਼ੁਰੂ ਕੀਤੇ ਤਾਂ ਲੰਮੇ ਸਮੇਂ ਤੋਂ ਸ਼ਹਿਰ ਵਿਚ ਮੌਜੂਦ ਪ੍ਰਵਾਸੀਆਂ ਵੱਲੋਂ ਇਨ੍ਹਾਂ ਦਾ ਸਵਾਗਤ ਕੀਤਾ ਗਿਆ। ਪਰ ਕੁਲ ਮਿਲਾ ਕੇ ਇੰਮੀਗ੍ਰੇਸ਼ਨ ਛਾਪਿਆਂ ਤੋਂ ਵਰਕ ਪਰਮਿਟ ਵਾਲੇ ਵੀ ਬੇਹੱਦ ਡਰੇ ਹੋਏ ਹਨ।