ਅਮਰੀਕਾ ਨੇ ਗਰੀਨ ਕਾਰਡ ਦਾ ਪਾਇਆ ਭੋਗ

ਅਮਰੀਕਾ ਦਾ ਗਰੀਨ ਕਾਰਡ ਜਲਦ ਹੀ ਇਤਿਹਾਸ ਦਾ ਹਿੱਸਾ ਬਣ ਜਾਵੇਗਾ ਅਤੇ ਮੁਲਕ ਵਿਚ ਪੱਕੇ ਤੌਰ ’ਤੇ ਵਸਣ ਲਈ ਪ੍ਰਵਾਸੀਆਂ ਨੂੰ 10-10 ਲੱਖ ਡਾਲਰ ਖਰਚ ਕਰ ਕੇ ਗੋਲਡ ਕਾਰਡ ਖਰੀਦਣੇ ਹੋਣਗੇ

Update: 2025-09-20 11:54 GMT

ਵਾਸ਼ਿੰਗਟਨ : ਅਮਰੀਕਾ ਦਾ ਗਰੀਨ ਕਾਰਡ ਜਲਦ ਹੀ ਇਤਿਹਾਸ ਦਾ ਹਿੱਸਾ ਬਣ ਜਾਵੇਗਾ ਅਤੇ ਮੁਲਕ ਵਿਚ ਪੱਕੇ ਤੌਰ ’ਤੇ ਵਸਣ ਲਈ ਪ੍ਰਵਾਸੀਆਂ ਨੂੰ 10-10 ਲੱਖ ਡਾਲਰ ਖਰਚ ਕਰ ਕੇ ਗੋਲਡ ਕਾਰਡ ਖਰੀਦਣੇ ਹੋਣਗੇ। ਜੀ ਹਾਂ, ਅਮੀਰ ਪ੍ਰਵਾਸੀਆਂ ਲਈ ਅਮਰੀਕਾ ਦੇ ਦਰਵਾਜ਼ੇ ਖੋਲ੍ਹਦਿਆਂ ਰਾਸ਼ਟਰਪਤੀ ਡੌਨਲਡ ਟਰੰਪ ਨੇ ਫਾਸਟ ਟ੍ਰੈਕ ਗੋਲਡ ਕਾਰਡ ਵੀਜ਼ੇ ਨਾਲ ਸਬੰਧਤ ਕਾਰਜਕਾਰੀ ਹੁਕਮਾਂ ’ਤੇ ਦਸਤਖ਼ਤ ਕਰ ਦਿਤੇ। ਵਣਜ ਮੰਤਰੀ ਹਾਵਰਡ ਲੂਟਨਿਕ ਨੇ ਦੱਸਿਆ ਕਿ ਹੁਣ ਕਿਸੇ ਵੀ ਇੰਮੀਗ੍ਰੇਸ਼ਨ ਯੋਜਨਾ ਅਧੀਨ ਗਰੀਨ ਕਾਰਡ ਨਹੀਂ ਦਿਤੇ ਜਾਣਗੇ ਅਤੇ ਅਮਰੀਕਾ ਦਾ ਦਰਵਾਜ਼ਾ ਸਿਰਫ਼ ਗੋਲਡ ਕਾਰਡ ਰਾਹੀਂ ਖੋਲਿ੍ਹਆ ਜਾ ਸਕੇਗਾ।

10 ਲੱਖ ਡਾਲਰ ਖਰਚ ਕੇ ਮਿਲਣਗੇ ‘ਗੋਲਡ ਕਾਰਡ’

ਟਰੰਪ ਸਰਕਾਰ ਵੱਲੋਂ 5 ਮਿਲੀਅਨ ਡਾਲਰ ਦੀ ਭਾਰੀ ਭਰਕਮ ਰਕਮ ਵਾਲਾ ਪਲੈਟੀਨਮ ਕਾਰਡ ਵੀ ਲਿਆਂਦਾ ਜਾ ਰਿਹਾ ਹੈ ਜਿਸ ਰਾਹੀਂ ਪ੍ਰਵਾਸੀਆਂ ਨੂੰ ਗੈਰ-ਅਮਰੀਕੀ ਆਮਦਨ ’ਤੇ ਕੋਈ ਟੈਕਸ ਦਿਤੇ ਬਗੈਰ 270 ਦਿਨ ਤੱਕ ਠਹਿਰਨ ਦੀ ਇਜਾਜ਼ਤ ਦਿਤੀ ਜਾਵੇਗੀ। ਲੂਟਨਿਕ ਮੁਤਾਬਕ ਇਹ ਯੋਜਨ ਸਿਟੀਜ਼ਨਸ਼ਿਪ ਦਾ ਰਾਹ ਪੱਧਰਾ ਨਹੀਂ ਕਰੇਗੀ ਪਰ ਇਸ ਵਾਸਤੇ ਸੰਸਦ ਤੋਂ ਪ੍ਰਵਾਨਗੀ ਦੀ ਜ਼ਰੂਰਤ ਹੈ। ਦੱਸ ਦੇਈਏ ਕਿ ਗੋਲਡ ਕਾਰਡ ਲਈ ਅਰਜ਼ੀ ਦਾਖਲ ਕਰਨ ਵਾਲੇ ਹਰ ਪ੍ਰਵਾਸੀ ਬਾਰੇ ਅਮਰੀਕਾ ਦੇ ਵਿਦੇਸ਼ ਵਿਭਾਗ ਅਤੇ ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਵੱਲੋਂ ਸੁਰੱਖਿਆ ਜਾਂਚ ਕੀਤੀ ਜਾਵੇਗੀ ਅਤੇ ਇਸ ਪ੍ਰਕਿਰਿਆ ਲਈ 15 ਹਜ਼ਾਰ ਡਾਲਰ ਫੀਸ ਵੱਖਰੇ ਤੌਰ ’ਤੇ ਰੱਖੀ ਗਈ ਹੈ। ਲੂਟਨਿਕ ਨੇ ਅੱਗੇ ਦੱਸਿਆ ਕਿ ਮੌਜੂਦਾ ਈ.ਬੀ.-1 ਅਤੇ ਈ.ਬੀ.-2 ਵੀਜ਼ਾ ਯੋਜਨਾਵਾਂ ਦੇ ਬਦਲ ਵਜੋਂ ਗੋਲਡ ਕਾਰਡ ਲਿਆਂਦੇ ਗਏ ਹਨ ਅਤੇ ਅਮਰੀਕਾ ਆਉਣ ਦੇ ਇੱਛਕ ਪ੍ਰਵਾਸੀਆਂ ਵੱਲੋਂ ਮੁਲਕ ਦੀ ਬਿਹਤਰੀ ਵਾਸਤੇ ਇਕ ਮਿਲੀਅਨ ਡਾਲਰ ਦਾ ਯੋਗਦਾਨ ਕੋਈ ਵੱਡੀ ਰਕਮ ਨਹੀਂ। ਇਕ ਪਾਸੇ ਜਿਥੇ 10 ਲੱਖ ਡਾਲਰ ਜਾਂ ਇਸ ਤੋਂ ਵੱਧ ਰਕਮ ਖਰਚ ਕਰਨ ਦੇ ਇੱਛਕ ਪ੍ਰਵਾਸੀ ਗੋਲਡ ਕਾਰਡ ਰਾਹੀਂ ਪੱਕੇ ਤੌਰ ’ਤੇ ਅਮਰੀਕਾ ਆ ਸਕਦੇ ਹਨ, ਉਥੇ ਹੀ ਕਾਰਪੋਰੇਸ਼ਨਾਂ ਵੀ ਆਪਣੀ ਜ਼ਰੂਰਤ ਮੁਤਾਬਕ ਪ੍ਰਵਾਸੀਆਂ ਨੂੰ ਸਪੌਂਸਰ ਕਰ ਸਕਦੀਆਂ ਹਨ ਜਿਨ੍ਹਾਂ ਵਾਸਤੇ ਘੱਟੋ ਘੱਟ ਅਦਾਇਗੀ ਯੋਗ ਰਕਮ 2 ਮਿਲੀਅਨ ਡਾਲਰ ਰੱਖੀ ਗਈ ਹੈ।

ਕਾਰਪੋਰੇਸ਼ਨਾਂ ਨੂੰ ਸਪੌਂਸਰਸ਼ਿਪ ਲਈ 20 ਲੱਖ ਡਾਲਰ ਖਰਚਣੇ ਹੋਣਗੇ

ਵਣਜ ਮੰਤਰੀ ਹਾਵਰਡ ਲੂਟਨਿਕ ਨੇ ਦੱਸਿਆ ਕਿ ਤਕਰੀਬਨ 80 ਹਜ਼ਾਰ ਗੋਲਡ ਕਾਰਡ ਜਾਰੀ ਕੀਤੇ ਜਾਣਗੇ। ਦੂਜੇ ਪਾਸੇ ਮੀਡੀਆ ਨਾਲ ਗੱਲਬਾਤ ਕਰਨ ਪੁੱਜੇ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਜਦੋਂ ਪੁੱਛਿਆ ਗਿਆ ਕਿ ਐਚ-1ਬੀ ਵੀਜ਼ਾ ਲਈ ਇਕ ਲੱਖ ਡਾਲਰ ਫੀਸ ਬਾਰੇ ਟੈੱਕ ਕੰਪਨੀਆਂ ਦੀ ਕਿਹੋ ਜਿਹੀ ਪ੍ਰਤੀਕਿਰਿਆ ਆ ਸਕਦੀ ਹੈ ਤਾਂ ਉਨ੍ਹਾਂ ਕਿਹਾ, ‘‘ਮੈਂ ਸਮਝਦਾ ਹਾਂ ਕਿ ਕੰਪਨੀਆਂ ਬਹੁਤ ਖੁਸ਼ ਹੋਣਗੀਆਂ। ਅਸੀਂ ਬੇਹੱਦ ਹੁਨਰਮੰਦ ਪ੍ਰਵਾਸੀਆਂ ਨੂੰ ਆਪਣੇ ਮੁਲਕ ਵਿਚ ਰੱਖ ਸਕਾਂਗੇ ਅਤੇ ਕੰਪਨੀਆਂ ਨੂੰ ਇਸ ਵਾਸਤੇ ਰਕਮ ਅਦਾ ਕਰਨੀ ਹੋਵੇਗੀ। ਇਸ ਤੋਂ ਵੱਧ ਖੁਸ਼ੀ ਦੀ ਗੱਲ ਕੀ ਹੋ ਸਕਦੀ ਹੈ।’’ ਇਕ ਲੱਖ ਡਾਲਰ ਦੀ ਫੀਸ ਲਾਗੂ ਕਰਦਿਆਂ ਡੌਨਲਡ ਟਰੰਪ ਵੱਲੋਂ ਇਕ ਐਲਾਨਾਮਾ ਵੀ ਜਾਰੀ ਕੀਤੀ ਗਿਆ ਜਿਸ ਮੁਤਾਬਕ ਅਮਰੀਕਾ ਦੀਆਂ ਟੈੱਕ ਕੰਪਨੀਆਂ ਸਥਾਨਕ ਹੁਨਰਮੰਦ ਕਾਮਿਆਂ ਦੀ ਛਾਂਟੀ ਕਰ ਰਹੀਆਂ ਹਨ ਜਦਕਿ ਇਸ ਦੇ ਉਲਟ ਵਿਦੇਸ਼ਾਂ ਤੋਂ ਐਚ-1ਬੀ ਵੀਜ਼ਾ ’ਤੇ ਕਿਰਤੀ ਲਿਆਂਦੇ ਜਾ ਰਹੇ ਹਨ।

50 ਲੱਖ ਡਾਲਰ ਵਾਲਾ ਪਲੈਟੀਨਮ ਕਾਰਡ ਵੀ ਜਲਦ ਆ ਰਿਹਾ

ਇਕ ਸਾਫ਼ਟਵੇਅਰ ਕੰਪਨੀ ਦਾ ਨਾਂ ਲਏ ਬਗੈਰ ਟਰੰਪ ਨੇ ਕਿਹਾ ਕਿ ਮੌਜੂਦਾ ਵਿੱਤੀ ਵਰ੍ਹੇ ਦੌਰਾਨ ਉਸ ਨੂੰ 5 ਹਜ਼ਾਰ ਮੁਲਾਜ਼ਮ ਵਿਦੇਸ਼ਾਂ ਤੋਂ ਭਰਤੀ ਕਰਨ ਦੀ ਇਜਾਜ਼ਤ ਮਿਲੀ ਪਰ ਕੰਪਨੀ ਵੱਲੋਂ ਸਥਾਨਕ 15 ਹਜ਼ਾਰ ਕਾਮਿਆਂ ਨੂੰ ਵਿਹਲੇ ਕਰ ਦਿਤਾ ਗਿਆ। ਰਾਸ਼ਟਰਪਤੀ ਨੇ ਦੋਸ਼ ਲਾਇਆ ਕਿ ਅਮੈਰਿਕਨ ਆਈ.ਟੀ. ਵਰਕਰਾਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਕਿ ਉਹ ਵਿਦੇਸ਼ੀ ਕਾਮਿਆਂ ਨੂੰ ਸਿਖਲਾਈ ਦੇਣ ਤਾਂ ਕਿ ਘੱਟ ਤਨਖਾਹਾਂ ’ਤੇ ਉਨ੍ਹਾਂ ਨੂੰ ਰੱਖਿਆ ਜਾ ਸਕੇ।

Tags:    

Similar News