ਗੂਗਲ ਨੂੰ ਵੇਚਣਾ ਪੈ ਸਕਦੈ ਕਰੋਮ ਬ੍ਰਾਊਜ਼ਰ
ਏਕਾਧਿਕਾਰ ਦੇ ਦੁਰਵਰਤੋਂ ਦੇ ਦੋਸ਼ਾਂ ਵਿਚ ਘਿਰੇ ਗੂਗਲ ਨੂੰ ਆਪਣਾ ਇੰਟਰਨੈਟ ਬ੍ਰਾਊਜ਼ਰ ਕਰੋਮ ਵੇਚਣਾ ਪੈ ਸਕਦਾ ਹੈ।
ਵਾਸ਼ਿੰਗਟਨ : ਏਕਾਧਿਕਾਰ ਦੇ ਦੁਰਵਰਤੋਂ ਦੇ ਦੋਸ਼ਾਂ ਵਿਚ ਘਿਰੇ ਗੂਗਲ ਨੂੰ ਆਪਣਾ ਇੰਟਰਨੈਟ ਬ੍ਰਾਊਜ਼ਰ ਕਰੋਮ ਵੇਚਣਾ ਪੈ ਸਕਦਾ ਹੈ। ਅਮਰੀਕਾ ਸਰਕਾਰ ਗੂਗਲ ਦੀ ਮਨੌਪਲੀ ਖ਼ਤਮ ਕਰਨਾ ਚਾਹੁੰਦੀ ਅਤੇ ਇਸੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਗੂਗਲ ਸਰਚ ’ਤੇ ਗਲਤ ਤਰੀਕੇ ਨਾਲ ਬਾਜ਼ਾਰ ਉਪਰ ਕਾਬਜ਼ ਹੋਣ ਦੇ ਦੋਸ਼ ਲੱਗੇ ਹਨ। ਅਗਸਤ ਮਹੀਨੇ ਦੌਰਾਨ ਇਕ ਅਦਾਲਤੀ ਫੈਸਲੇ ਵਿਚ ਗੂਗਲ ਨੂੰ ਐਂਟੀ ਟ੍ਰਸਟ ਨਿਯਮਾਂ ਦੀ ਉਲੰਘਣਾ ਦਾ ਦੋਸ਼ੀ ਮੰਨਿਆ ਗਿਆ। ਅਦਾਲਤ ਨੇ ਕਿਹਾ ਕਿ ਗੂਗਲ ਵੱਲੋਂ ਸਰਚ ਅਤੇ ਐਡਵਰਟਾਈਜ਼ਮੈਂਟ ਮਾਰਕਿਟ ਵਿਚ ਆਪਣੇ ਏਕਾਧਿਕਾਰ ਦੀ ਦੁਰਵਰਤੋਂ ਕੀਤੀ ਜਿਸ ਤੋਂ ਸਾਬਤ ਹੁੰਦਾ ਹੈ ਕਿ ਕੰਪਨੀ ਨੇ ਆਪਣੀ ਮਨੌਪਲੀ ਕਾਇਮ ਰੱਖਣ ਲਈ ਕੰਮ ਕੀਤਾ। ਇਥੇ ਦਸਣਾ ਬਣਦਾ ਹੈ ਕਿ ਇਸ ਵੇਲੇ ਗੂਗਲ ਕੋਲ ਐਂਡਰਾਇਡ ਮੋਬਾਈਲ ਆਪ੍ਰੇਟਿੰਗ ਸਿਸਟਮ ਤੋਂ ਇਲਾਵਾ ਗੂਗਲ ਕਰੋਮ ਬ੍ਰਾਊਜ਼ਰ ਅਤੇ ਏ.ਆਈ. ਜੈਮਿਨੀ ਵਰਗੀਆਂ ਸੇਵਾਵਾਂ ਮੌਜੂਦ ਹਨ। ਦੁਨੀਆਂਭਰ ਵਿਚ ਇੰਟਰਨੈਟ ਰਾਹੀਂ ਹੁੰਦੀ ਸਰਚ ਦਾ 65 ਫੀ ਸਦੀ ਹਿੱਸਾ ਗੂਗਲ ਕਰੋਮ ਬ੍ਰਾਊਜ਼ਰ ਰਾਹੀਂ ਹੁੰਦਾ ਹੈ।
ਏਕਾਧਿਕਾਰ ਦੀ ਦੁਰਵਰਤੋਂ ਕਰਨ ਦੇ ਲੱਗੇ ਦੋਸ਼
ਇਸ ਮਗਰੋਂ ਐਪਲ ਸਫਾਰੀ ਦੀ 21 ਫੀ ਸਦੀ ਹਿੱਸੇਦਾਰੀ ਬਣਦੀ ਹੈ। ਗੂਗਲ ਕਰੋਮ ਦਾ ਦਬਦਬਾ ਵਧਣ ਦਾ ਮੁੱਖ ਕਾਰਨ ਐਂਡਰਾਇਡ ਆਪ੍ਰੇਟਿੰਗ ਸਿਸਟਮ ਦੱਸਿਆ ਜਾ ਰਿਹਾ ਹੈ। ਦੁਨੀਆਂ ਦੇ ਜ਼ਿਆਦਾਤਰ ਵਰਤੋਂਕਾਰ ਐਂਡਰਾਇਡ ਆਪ੍ਰੇਟਿੰਗ ਸਿਸਟਮ ਵਾਲੇ ਸਮਾਰਟਫੋਨ ਵਰਤਦੇ ਹਨ ਜਿਸ ਵਿਚ ਗੂਗਲ ਕਰੋਮ ਬ੍ਰਾਊਜ਼ਰ ਪਹਿਲਾਂ ਹੀ ਮੌਜੂਦ ਹੁੰਦਾ ਹੈ। ਆਰਥਿਕ ਮਾਹਰਾਂ ਮੁਤਾਬਕ ਗੂਗਲ ਦੀ ਮਾਲਕ ਕੰਪਨੀ ਐਲਫਾਬੈਟ ਦੇ ਸ਼ੇਅਰਾਂ ਵਿਚ ਬੁੱਧਵਾਰ ਨੂੰ ਸਵਾ ਫੀ ਸਦੀ ਵਾਧਾ ਹੋਇਆ ਅਤੇ ਕੰਪਨੀ ਦਾ ਮਾਰਕਿਟ ਕੈਪ ਵਧ ਕੇ 182 ਲੱਖ ਕਰੋੜ ਰੁਪਏ ਹੋ ਗਿਆ। ਮਾਰਕਿਟ ਕੈਪ ਦੇ ਹਿਸਾਬ ਨਾਲ ਐਲਫਾਬੈਟ ਦੁਨੀਆਂ ਦੀ ਚੌਥੀ ਸਭ ਤੋਂ ਵੱਡੀ ਕੰਪਨੀ ਹੈ।